ਜਲੰਧਰ (ਮਹੇਸ਼)— ਰਾਮਾ ਮੰਡੀ ਇਲਾਕੇ ਵਿਚ ਪੈਂਦੇ ਕਬੀਰ ਐਵੇਨਿਊ ਤੋਂ ਪੁਲਸ ਨੇ ਇਕ ਲੜਕੀ ਅਤੇ ਦੋ ਲੜਕਿਆਂ ਨੂੰ ਚੁੱਕਿਆ ਹੈ। ਪੁਲਸ ਕਿਥੋਂ ਆਈ ਸੀ, ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇੰਨਾ ਜ਼ਰੂਰ ਹੈ ਕਿ ਜਦੋਂ ਪੁਲਸ ਦੀਆਂ 2-3 ਗੱਡੀਆਂ ਕਬੀਰ ਐਵੇਨਿਊ ਵਿਖੇ ਪਹੁੰਚੀਆਂ ਤਾਂ ਇਥੇ ਰਹਿੰਦੇ ਲੋਕਾਂ ਵਿਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਥੇ ਇਕ ਕੋਠੀ ਦੇ ਉਪਰਲੇ ਹਿੱਸੇ ਵਿਚ ਕਿਰਾਏ 'ਤੇ ਇਕ ਲੜਕਾ ਅਤੇ ਲੜਕੀ ਪਿਛਲੇ 6-7 ਮਹੀਨੇ ਤੋਂ ਰਹਿ ਰਹੇ ਸਨ। ਨਾਲ ਹੀ ਇਕ ਹੋਰ ਕਮਰੇ 'ਚ ਇਕ ਹੋਰ ਲੜਕਾ ਵੀ ਵੱਖ ਤੋਂ ਕਿਰਾਏ 'ਤੇ ਰਹਿੰਦਾ ਸੀ। ਇਸੇ ਕੋਠੀ ਦੇ ਥੱਲੇ ਦੇ ਹਿੱਸੇ ਵਿਚ ਮਾਂ-ਬੇਟੀ ਕਿਰਾਏ 'ਤੇ ਰਹਿੰਦੀਆਂ ਹਨ। ਲੜਕੀ ਦੇ ਨਾਲ ਰਹਿੰਦਾ ਲੜਕਾ ਜੰਡੂਸਿੰਘਾ ਵਿਖੇ ਕਿਸੇ ਫੈਕਟਰੀ ਵਿਚ ਕੰਮ ਕਰਦਾ ਦੱਸਿਆ ਜਾ ਰਿਹਾ ਹੈ। ਉਸ ਦੇ ਨਾਲ ਰਹਿੰਦੀ ਲੜਕੀ ਨਾਲ ਉਸ ਦਾ ਵਿਆਹ ਨਹੀਂ ਹੋਇਆ ਸੀ। ਇਸ ਗੱਲ ਦੀ ਪੁਸ਼ਟੀ ਉਸ ਲੜਕੀ ਨੇ ਮੰਗਲਵਾਰ ਉਥੇ ਆਈ ਮਹਿਲਾ ਪੁਲਸ ਨਾਲ ਪੁੱਛਗਿੱਛ ਕਰਨ 'ਤੇ ਕੀਤੀ।
ਉਸ ਨੇ ਦੱਸਿਆ ਕਿ ਉਹ ਸਿਰਫ ਦੋਸਤ ਹਨ। ਪੁਲਸ ਜੰਡੂਸਿੰਘਾ ਸਥਿਤ ਫੈਕਟਰੀ ਵਿਖੇ ਕੰਮ ਕਰਦੇ ਲੜਕੇ ਨੂੰ ਹੱਥਕੜੀ ਲਾ ਕੇ ਇਥੋਂ ਲੈ ਕੇ ਗਈ ਹੈ, ਜਦੋਂਕਿ ਲੜਕੀ ਨੂੰ ਮਹਿਲਾ ਪੁਲਸ ਨੇ ਆਪਣੀ ਗੱਡੀ ਵਿਚ ਬਿਠਾਇਆ ਸੀ। ਪੁਲਸ ਦੀ ਰੇਡ ਦੇ ਸਮੇਂ ਥੱਲੇ ਰਹਿੰਦੀ ਮਾਂ-ਬੇਟੀ ਉਥੇ ਮੌਜੂਦ ਨਹੀਂ ਸਨ। ਇਕ ਹੋਰ ਨੌਜਵਾਨ ਨੂੰ ਪੁਲਸ ਨੇ ਚੁੱਕਿਆ ਹੈ। ਉਸ ਦੇ ਬਾਰੇ ਵਿਚ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਰੇਡ ਦੇ ਬਾਰੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਭੇਜਿਆ ਹੋ ਸਕਦਾ ਹੈ। ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੁਲਸ ਨੌਜਵਾਨ ਨੂੰ ਇਸ ਲਈ ਫੜਨ ਆਈ ਸੀ ਕਿ ਉਸ ਨੇ ਫੈਕਟਰੀ ਮਾਲਕਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਫੈਕਟਰੀ ਵਿਚ ਕੋਈ ਹੇਰਾਫੇਰੀ ਕੀਤੀ ਹੈ।
ਕਬੀਰ ਐਵੇਨਿਊ ਵਿਖੇ ਪੁਲਸ ਦੀ ਹੋਈ ਰੇਡ ਨੂੰ ਲੈ ਕੇ ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸ. ਰਾਜੇਸ਼ ਠਾਕੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ 'ਤੇ ਇਸ ਦੀ ਜਾਣਕਾਰੀ ਹਾਸਲ ਕਰ ਰਹੇ ਹਨ। ਓਧਰ ਦੇਰ ਰਾਤ ਪਤਾ ਲੱਗਾ ਹੈ ਕਿ ਕਬੀਰ ਐਵੇਨਿਊ ਵਿਖੇ ਹੋਈ ਰੇਡ ਸੀ. ਆਈ. ਏ.-2 ਵੱਲੋਂ ਕੀਤੀ ਗਈ ਹੈ ਅਤੇ ਆਉਣ ਵਾਲੇ 1-2 ਦਿਨਾਂ ਵਿਚ ਪੁਲਸ ਇਸ ਸਬੰਧੀ ਪ੍ਰੈੱਸ ਕਾਨਫਰੰਸ ਵਿਚ ਵੱਡਾ ਖੁਲਾਸਾ ਕਰ ਸਕਦੀ ਹੈ।
ਕਾਲਜ ਪ੍ਰੋਫੈਸਰਾਂ ਡੀ. ਸੀ. ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ
NEXT STORY