ਸ਼ੇਰਪੁਰ (ਅਨੀਸ਼): ਰਾਜ ਦੇ ਗ੍ਰਹਿ ਤੇ ਨਿਆ ਵਿਭਾਗ ਨੇ ਪੁਲਸ ਮੁਲਾਜ਼ਮਾਂ ਦੀਆਂ ਬਦਲੀਆਂ ਸਬੰਧੀ ਨਵੀਂ ਤਬਾਦਲਾ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਪੁਲਸ ਦੇ ਮੁਖੀ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਗ੍ਰਹਿ ਤੇ ਨਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਆਖਿਆ ਹੈ। ਇਨ੍ਹਾਂ ਹੁਕਮਾਂ ਮਗਰੋਂ ਕਈ ਥਾਣੇਦਾਰ 'ਸੇਫ ਸਟੇਸ਼ਨ' ਲੱਭਣ ਲੱਗੇ ਹਨ। ਇਸ ਜ਼ਿਲ੍ਹੇ 'ਚ ਕਈ ਥਾਣੇਦਾਰ ਸਿਆਸੀ ਪਹੁੰਚ ਕਾਰਣ ਆਪਣੇ ਗ੍ਰਹਿ ਸਬ-ਡਵੀਜ਼ਨ 'ਚ ਹੀ ਲੰਮੇ ਸਮੇਂ ਤੋਂ ਬਤੌਰ ਥਾਣਾ ਮੁਖੀ ਲੱਗੇ ਹੋਏ ਹਨ। ਗ੍ਰਹਿ ਵਿਭਾਗ ਦੇ ਹੁਕਮਾਂ 'ਚ ਗ੍ਰਹਿ ਥਾਣਿਆਂ, ਸਬ-ਡਵੀਜ਼ਨ ਅਤੇ ਗ੍ਰਹਿ ਜ਼ਿਲਿਆਂ ਅਤੇ ਇਕੋ ਸੀਟ 'ਤੇ 3 ਸਾਲ ਤੋਂ ਕੰਮ ਕਰ ਰਹੇ ਜਾਂ ਇਕ ਥਾਣੇ 'ਚ 9 ਸਾਲ ਤੋਂ ਵੱਧ ਤਾਇਨਾਤੀ ਵਾਲੇ ਮੁਲਾਜ਼ਮਾਂ ਨੂੰ ਦੂਜੇ ਜ਼ਿਲ੍ਹਿਆਂ 'ਚ ਬਦਲਣ ਦੇ ਹੁਕਮ ਦਿੱਤੇ ਗਏ ਹਨ।
55 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਛੱਡ ਕੇ ਇਕੋ ਜ਼ਿਲ੍ਹੇ 'ਚ 15 ਸਾਲ ਤੋਂ ਤਾਇਨਾਤ ਏ. ਐੱਸ.ਆਈ., ਐੱਸ.ਆਈ.ਤੇ ਇੰਸਪੈਕਟਰ ਰੈਂਕ (ਐੱਨ.ਜੀ.ਓ.) ਨੂੰ ਦੂਜੇ ਜ਼ਿਲ੍ਹਿਆਂ ਅਤੇ 20 ਸਾਲ ਤੋਂ ਵੱਧ ਨੌਕਰੀ ਵਾਲੇ ਐੱਨ.ਜੀ.ਓ. ਨੂੰ ਰੇਂਜ ਤੋਂ ਬਾਹਰ ਬਦਲਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਹੁਕਮ ਮੁਤਾਬਕ ਬੀਮਾਰੀ ਆਦਿ ਕਾਰਨ ਕੁਝ ਖਾਸ ਹਾਲਾਤ 'ਚ ਕਿਸੇ ਪੁਲਸ ਮੁਲਾਜ਼ਮ ਜਾਂ ਐੱਨ.ਜੀ.ਓ. ਨੂੰ ਛੋਟ ਵੀ ਦਿੱਤੀ ਜਾ ਸਕਦੀ ਹੈ। ਇਨ੍ਹਾਂ ਹੁਕਮਾਂ ਕਾਰਨ ਪੁਲਸ ਮੁਲਾਜ਼ਮਾਂ 'ਚ ਰੋਸ ਪੈਦਾ ਹੋ ਗਿਆ ਹੈ। ਕਈ ਪੁਲਸ ਮੁਲਾਜ਼ਮਾਂ ਨੇ ਆਖਿਆ ਕਿ ਉਹ ਭਾਵੇਂ ਹੋਰਨਾਂ ਜ਼ਿਲ੍ਹਿਆਂ ਦੇ ਵਸਨੀਕ ਹਨ ਪਰ ਉਨ੍ਹਾਂ ਤਾਇਨਾਤੀ ਵਾਲੇ ਜ਼ਿਲ੍ਹਿਆਂ 'ਚ ਹੀ ਘਰ ਬਣਾ ਲਏ ਹਨ। ਇਹ ਮੁਲਾਜ਼ਮ ਹੁਣ ਆਪਣੇ ਸਿਆਸੀ ਆਗੂਆਂ ਦੀ ਸਲਾਹ ਨਾਲ ਨੇੜਲੇ ਜ਼ਿਲ੍ਹਿਆਂ 'ਚ ਨਵੀਂ ਪੋਸਟਿੰਗ ਦੀ ਤਲਾਸ਼ ਕਰ ਰਹੇ ਹਨ।
ਪਟਨਾ ਸਾਹਿਬ ਤੋਂ ਆਏ ਯਾਤਰੀਆਂ ਦੇ ਕੀਤੇ ਗਏ ਕੋਰੋਨਾ ਟੈਸਟ
NEXT STORY