ਚੰਡੀਗੜ੍ਹ (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ’ਚ ਫ਼ਤਵਾ ਜਾਰੀ ਕਰ ਦਿੱਤਾ ਹੈ ਅਤੇ 10 ਮਾਰਚ ਨੂੰ ਸਿਰਫ਼ ਐਲਾਨ ਹੋਣਾ ਬਾਕੀ ਹੈ। ਚੀਮਾ ਨੇ ਇਹ ਗੱਲ ਰਾਜਿੰਦਰ ਕੌਰ ਭੱਠਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਸਬੰਧੀ ਦਿੱਤੇ ਗਏ ਬਿਆਨ ’ਤੇ ਕਹੀ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਕੀਤਾ ਹੈ ਅਤੇ ਉਨ੍ਹਾਂ ਦੀ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣਨ ਜਾ ਰਹੀ ਹੈ। ਇਸ ਕਰਕੇ ਸਿਆਸੀ ਗੱਠਜੋੜ ਉਨ੍ਹਾਂ ਦਾ ਏਜੰਡਾ ਨਹੀਂ ਸਗੋਂ ‘ਆਪ’ ਪੰਜਾਬ ਦੇ ਵਿਕਾਸ ਲਈ ਰਣਨੀਤੀ ਤਿਆਰ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਹਮੇਸ਼ਾ ਸਿਆਸੀ ਗੱਠਜੋੜ ਵਿਚ ਹੀ ਪਈਆਂ ਰਹਿੰਦੀਆਂ ਹਨ ਅਤੇ ਆਮ ਲੋਕਾਂ ਤੋਂ ਬਹੁਤ ਦੂਰ ਹੁੰਦੀਆਂ ਹਨ ਪਰ ਇੱਥੇ ਹੀ ਆਮ ਆਦਮੀ ਪਾਰਟੀ ਇਨ੍ਹਾਂ ਨਾਲੋਂ ਵੱਖਰੀ ਹੈ, ਜਿਸ ਦਾ ਮਕਸਦ ਹਮੇਸ਼ਾ ਤੋਂ ਪੰਜਾਬ ਤੇ ਪੰਜਾਬੀਆਂ ਦਾ ਵਿਕਾਸ ਕਰਨਾ ਹੈ।
ਇਹ ਵੀ ਪੜ੍ਹੋ : ਦਿੱਲੀ-ਪਠਾਨਕੋਟ ਉਡਾਣ ਬੰਦ ਹੋਣ ’ਤੇ ਸੰਨੀ ਦਿਓਲ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ
‘ਆਪ’ ਆਗੂ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਦੇ ਬਿਆਨਾਂ ਤੋਂ ਸਾਫ਼ ਝਲਕਦਾ ਹੈ ਕਿ ਉਨ੍ਹਾਂ (ਬਾਦਲ-ਭਾਜਪਾ) ਨੇ ਮੰਨ ਲਿਆ ਹੈ ਕਿ ਉਨ੍ਹਾਂ ਦੀ ਪੰਜਾਬ ’ਚ ਸਰਕਾਰ ਨਹੀਂ ਬਣ ਰਹੀ ਅਤੇ ਉਹ ਆਪਸੀ ਗੱਠਜੋੜ ਅਤੇ ਜੋੜ-ਤੋੜ ਬਾਰੇ ਬਿਆਨਬਾਜ਼ੀ ਕਰ ਰਹੇ ਹਨ। ਇਥੋਂ ਤਕ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਆਪਣੇ ਤਾਜ਼ਾ ਬਿਆਨ ’ਚ ਚਾਰ ਸੂਬਿਆਂ ਅੰਦਰ ਭਾਜਪਾ ਦੀ ਸਰਕਾਰ ਦੇ ਬਣਨ ਦਾਅਵੇ ਕੀਤੇ ਹਨ ਪਰ ਇਨ੍ਹਾਂ ’ਚ ਪੰਜਾਬ ਸ਼ਾਮਲ ਨਹੀਂ ਹੈ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
NEXT STORY