ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਅਕਾਲੀ ਦਲ ਵਿਚ ਪੈਦਾ ਹੋਏ ਅੰਦਰੂਨੀ ਕਲੇਸ਼ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਫ਼ੈਸਲਾ ਲੈਂਦਿਆਂ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਹੈ। ਇਸ ਦੀ ਜਾਣਕਾਰੀ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਅਕਾਲੀ ਦਲ ਦਾ ਇਹ ਫ਼ੈਸਲਾ ਉਸ ਸਮੇਂ ਆਇਆ ਹੈ ਜਦੋਂ ਪਾਰਟੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਅਤੇ 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਫ਼ੈਸਲਾ ਵੀ ਆ ਸਕਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਭੂੰਦੜ ਸੁਖਬੀਰ ਸਿੰਘ ਬਾਦਲ ਦਾ ਨੇੜਲੇ ਆਗੂਆਂ ਵਿਚੋਂ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਬਲਵਿੰਦਰ ਸਿੰਘ ਭੂੰਦੜ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
ਸਰਪੰਚੀ ਤੋਂ ਸ਼ੁਰੂ ਕੀਤਾ ਸਿਆਸੀ ਸਫ਼ਰ
ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਦੇ ਸਿਆਸੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਭੂੰਦੜ ਕਾਫ਼ੀ ਸਮੇਂ ਤੋਂ ਰਾਜਨੀਤੀ ਵਿਚ ਸਰਗਰਮ ਹਨ। ਬਲਵਿੰਦਰ ਸਿੰਘ ਭੂੰਦੜ ਦਾ ਜਨਮ ਮਾਨਸਾ ਜ਼ਿਲ੍ਹੇ ‘ਚ ਸਰਦੂਲਗੜ੍ਹ ਦੇ ਪਿੰਡ ਭੂੰਦੜ 'ਚ ਹੋਇਆ। ਉਨ੍ਹਾਂ ਨੇ ਪਿੰਡ ਦੀ ਸਰਪੰਚੀ ਤੋਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ। 1964 ਤੋਂ ਲੈ ਕੇ 1972 ਤੱਕ ਉਨ੍ਹਾਂ ਨੇ ਸਰਪੰਚੀ ਕੀਤੀ। ਇਸ ਤੋਂ ਬਾਅਦ ਉਹ 5 ਵਾਰ ਸਰਦੂਲਗੜ੍ਹ ਤੋਂ ਵਿਧਾਇਕ ਚੁਣੇ ਗਏ। ਉਹ ਲਗਾਤਾਰ ਚਾਰ ਵਾਰ 1972-1977, 1977-1980, 1980-1982 ਅਤੇ 1982-1987 ਵਿੱਚ ਸਰਦੂਲਗੜ੍ਹ ਤੋਂ ਵਿਧਾਇਕ ਚੁਣੇ ਗਏ। ਇਸ ਦੌਰਾਨ ਉਹ ਪੰਜਾਬ ਦੇ ਕੈਬੀਨੇਟ ਮੰਤਰੀ ਵੀ ਬਣੇ।
ਕੈਬਨਿਟ ਮੰਤਰੀ ਵਜੋਂ ਉਨ੍ਹਾਂ ਨੇ ਖੇਤੀਬਾੜੀ, ਜੰਗਲਾਤ ਅਤੇ ਭੂਮੀ ਸੰਭਾਲ ਲਈ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਬਲਵਿੰਦਰ ਭੂੰਦੜ 2002-2007 ਵਿੱਚ ਇਕ ਵਾਰ ਫਿਰ ਸਰਦੂਲਗੜ੍ਹ ਤੋਂ ਵਿਧਾਇਕ ਚੁਣੇ ਗਏ। ਭੂੰਦੜ ਦੋ ਵਾਰ ਰਾਜ ਸਭਾ ਮੈਂਬਰ ਵੀ ਚੁਣੇ ਗਏ। 1998 ਵਿੱਚ ਉਹ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ ਅਤੇ ਫਿਰ ਸਾਲ 2010 ਤੋਂ 2016 ਤੱਕ ਉਹ ਫਿਰ ਰਾਜ ਸਭਾ ਮੈਂਬਰ ਵਜੋਂ ਚੁਣੇ ਗਏ। ਬਲਵਿੰਦਰ ਸਿੰਘ ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਵੀ ਰਹਿ ਚੁੱਕੇ ਹਨ। ਇਥੇ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕਿਸੇ ਆਗੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪਾਰਟੀ 'ਚ ਕਦੇ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਨਹੀਂ ਥਾਪਿਆ ਗਿਆ। ਹਾਲਾਂਕਿ ਕਈ ਆਗੂਆਂ ਨੂੰ ਸਮੇਂ-ਸਮੇਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਮਚਿਆ ਚੀਕ-ਚਿਹਾੜਾ
ਉਥੇ ਹੀ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾਉਣ ਨੂੰ ਲੈ ਕੇ ਸਿਆਸੀ ਪਿੜਾਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਕੱਲ੍ਹ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਪੇਸ਼ੀ ਹੈ। ਵੱਖ-ਵੱਖ ਮਾਮਲਿਆਂ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲੱਗ ਸਕਦੀ ਹੈ। ਭਲਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਦੀ ਸਾਂਝੀ ਮੀਟਿੰਗ ਵਿੱਚ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਲਏ ਗਏ ਅਹਿਮ ਫ਼ੈਸਲੇ, ਸੂਬੇ 'ਚ ਵਧਾਈਆਂ ਗਈਆਂ PCS ਦੀਆਂ ਪੋਸਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕੰਗਨਾ ਰਣੌਤ ਨੂੰ ਲੈ ਕੇ ਇਹ ਕੀ ਬੋਲ ਗਏ ਸਿਮਰਨਜੀਤ ਸਿੰਘ ਮਾਨ
NEXT STORY