ਜਲੰਧਰ (ਇੰਟ.) : ਡੈਮੋਕ੍ਰੇਟਿਕ ਪ੍ਰੋਗ੍ਰੈਸਿਵ ਆਜ਼ਾਦ ਪਾਰਟੀ (ਡੀ. ਪੀ. ਏ. ਪੀ.) ਦੇ ਮੁਖੀ ਗੁਲਾਮ ਨਬੀ ਆਜ਼ਾਦ ਦੀ ਆਤਮਕਥਾ ‘ਆਜ਼ਾਦ : ਐੱਨ ਆਟੋਬਾਇਓਗ੍ਰਾਫੀ’ ਲਾਂਚ ਹੁੰਦੇ ਹੀ ਇਸ ਕਿਤਾਬ ਨੇ ਜੰਮੂ-ਕਸ਼ਮੀਰ ’ਚ ਇਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਉਨ੍ਹਾਂ ਦੀ ਕਿਤਾਬ ’ਤੇ ਪੂਰੇ ਕਸ਼ਮੀਰ ’ਚ ਸਿਆਸੀ ਹੰਗਾਮਾ ਚੱਲ ਰਿਹਾ ਹੈ, ਜਦਕਿ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਭਾਜਪਾ, ਕਾਂਗਰਸ ਅਤੇ ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਲਈ ਆਜ਼ਾਦ ਦੀ ਆਲੋਚਨਾ ਕੀਤੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਆਜ਼ਾਦ ’ਤੇ ਉਨ੍ਹਾਂ ਦੀ ਆਤਮਕਥਾ ’ਚ ਕਸ਼ਮੀਰੀ ਪੰਡਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੀ ਦੋਸ਼ ਲਗਾਇਆ ਹੈ।
ਆਜ਼ਾਦ ਨੂੰ ਦੱਸਿਆ ਫਿਰਕੂ ਆਗੂ
ਭਾਜਪਾ ਦੇ ਬੁਲਾਰੇ ਜੀ. ਐੱਲ. ਰੈਨਾ ਨੇ ਕਿਹਾ ਕਿ 1989-90 ’ਚ ਘਾਟੀ ਤੋਂ ਧਾਰਮਿਕ ਘੱਟ ਗਿਣਤੀ ਕਸ਼ਮੀਰੀ ਪੰਡਤਾਂ ਦੇ ਉਜਾੜਨ ਦੇ ਦੋਸ਼ੀਆਂ ਨੂੰ ਜ਼ਮਾਨਤ ਦਿਵਾਉਣ ਅਤੇ ਤਤਕਾਲੀ ਰਾਜਪਾਲ ਜਗਮੋਹਨ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਨਿੰਦਣਯੋਗ ਹੈ। ਉਹ ਕਿਸੇ ਵੀ ਤਰ੍ਹਾਂ ਜੰਮੂ-ਕਸ਼ਮੀਰ ’ਚ ਵਾਪਰ ਰਹੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਪੰਨੂਨ ਕਸ਼ਮੀਰ ਦੇ ਚੇਅਰਮੈਨ ਡਾ. ਅਜੇ ਚਾਂਗੂ ਨੇ ਵੀ ਦੋਸ਼ ਲਾਉਂਦਿਆ ਕਿਹਾ ਕਿ ਆਜ਼ਾਦ ਇਕ ਮੁਸਲਿਮ ਫਿਰਕੂ ਆਗੂ ਹੈ ਜਿਨ੍ਹਾਂ ਨੇ ਇਕ ਧਰਮ ਨਿਰਪੱਖ ਨੇਤਾ ਦੀ ਚਾਦਰ ਚੜ੍ਹਾਈ ਹੋਈ ਹੈ।
ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵਲੋਂ ਅੰਕੜਿਆਂ ’ਤੇ ਆਧਾਰਤ ਕਿਤਾਬ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ
ਸਰਕਾਰ ਨੂੰ ਹਾਈਜੈਕ ਕਰਨ ਦੇ ਦੋਸ਼
ਆਜ਼ਾਦ ਨੇ ਕਿਤਾਬ ’ਚ ਮੁਫਤੀ ਮੁਹੰਮਦ ਸਈਦ ’ਤੇ 2002 ’ਚ ਸਰਕਾਰ ਨੂੰ ਹਾਈਜੈਕ ਕਰਨ ਦਾ ਦੋਸ਼ ਲਗਾਇਆ ਹੈ। ਜਦੋਂ ਪੀ. ਡੀ. ਪੀ. ਕੋਲ ਕਾਂਗਰਸ ਦੇ 21 ਦੇ ਮੁਕਾਬਲੇ ਸਿਰਫ 16 ਵਿਧਾਇਕ ਸਨ, ਆਜ਼ਾਦ ਨੇ ਆਪਣੀ ਕਿਤਾਬ ’ਚ ਦਾਅਵਾ ਕੀਤਾ ਹੈ ਕਿ ਪੀ. ਡੀ. ਪੀ. ਦੇ ਸੰਸਥਾਪਕ ਸਈਦ 2002 ’ਚ ਜੰਮੂ-ਕਸ਼ਮੀਰ ’ਚ ਸਰਕਾਰ ਬਣਾਉਣ ਲਈ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲਬਾਤ ਲਈ ਦਿੱਲੀ ਆਈ ਸੀ।
ਕਸ਼ਮੀਰੀ ਪੰਡਤਾਂ ਦੇ ਹਿਜ਼ਰਤ ’ਤੇ ਕਿਤਾਬ ’ਚ ਕੀ?
ਆਤਮਕਥਾ ’ਚ ਉਨ੍ਹਾਂ ਲਿਖਿਆ ਹੈ ਕਿ ਅਸਲੀਅਤ ਇਹ ਹੈ ਕਿ ਪੰਡਤਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਅਤੇ ਕਈ ਲੋਕਾਂ ਨੇ ਅੱਤਵਾਦੀਆਂ ਹੱਥੋਂ ਆਪਣੀ ਜਾਨ ਗੁਆਈ ਹੈ। ਪੰਡਤਾਂ ਨੇ ਆਪਣੀ ਜਾਨ ਦੇ ਡਰੋਂ ਕਸ਼ਮੀਰ ਛੱਡਣਾ ਸ਼ੁਰੂ ਕਰ ਦਿੱਤਾ। ਆਖ਼ਿਰਕਾਰ ਉਨ੍ਹਾਂ ਨੇ ਆਪਣੇ ਘਰ ਅਤੇ ਚੁੱਲ੍ਹਿਆਂ ਨੂੰ ਛੱਡ ਦਿੱਤਾ। ਕੇਂਦਰ ਦੇ ਮਾੜੇ ਪ੍ਰਬੰਧਾਂ ਕਾਰਨ ਕਸ਼ਮੀਰੀ ਪੰਡਤਾਂ ਦਾ ਵੱਡੇ ਪੱਧਰ ’ਤੇ ਹਿਜ਼ਰਤ ਹੋਇਆ, ਜੋ ਆਮ ਤੌਰ ’ਤੇ ਕਸ਼ਮੀਰ ਦੇ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਜਨਤਾ ਦਲ ਸਰਕਾਰ ’ਤੇ ਇਕ ਧੱਬਾ ਹੈ।
ਪੰਡਤਾਂ ਦੀ ਘਰ ਵਾਪਸੀ ਹੋਈ ਮੁਸ਼ਕਲ
ਕੇਂਦਰੀ ਪ੍ਰਤੀਨਿਧੀ ਰਾਜਪਾਲ ਜਗਮੋਹਨ ਉਸ ਸਮੇਂ ਜੰਮੂ-ਕਸ਼ਮੀਰ ਦੀ ਸਰਕਾਰ ਦੀ ਅਗਵਾਈ ਕਰ ਰਹੇ ਸਨ। ਕਿਤਾਬ ’ਚ ਲਿਖਿਆ ਗਿਆ ਸੀ ਕਿ ਢੁੱਕਵੀਂ ਸੁਰੱਖਿਆ ਦੇ ਨਾਲ ਪੰਡਿਤਾਂ ਨੂੰ ਕਸ਼ਮੀਰ ਦੇ ਕੁਝ ਹੋਰ ਹਿੱਸਿਆਂ ’ਚ ਸ਼ਿਫਟ ਕੀਤਾ ਜਾ ਸਕਦਾ ਸੀ। ਇਸ ਦੀ ਬਜਾਏ ਉਨ੍ਹਾਂ ਨੂੰ ਨਾ ਸਿਰਫ਼ ਇਜਾਜ਼ਤ ਦਿੱਤੀ ਗਈ, ਸਗੋਂ ਤਤਕਾਲੀ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਜਨਤਕ ਟਰਾਂਸਪੋਰਟ ਵੱਲੋਂ ਜੰਮੂ ਜਾਣ ਦੀ ਸਹੂਲਤ ਵੀ ਦਿੱਤੀ ਗਈ, ਇਸ ਤਰ੍ਹਾਂ ਉਨ੍ਹਾਂ ਦੇ ਘਰਾਂ ’ਚ ਉਨ੍ਹਾਂ ਦੀ ਵਾਪਸੀ ਹੋਰ ਵੀ ਮੁਸ਼ਕਲ ਹੋ ਗਈ।
ਇਹ ਵੀ ਪੜ੍ਹੋ : ਕਾਂਗਰਸ ਭਵਨ ’ਚ ਲੱਗੇ ਹੋਰਡਿੰਗਾਂ ’ਤੇ ਸੁਸ਼ੀਲ ਰਿੰਕੂ ਦੀਆਂ ਤਸਵੀਰਾਂ ’ਤੇ ਚਿਪਕਾਏ ਚਿੱਟੇ ਸਟਿੱਕਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵਿੱਤ ਮੰਤਰੀ ਚੀਮਾ ਵਲੋਂ ਅੰਕੜਿਆਂ ’ਤੇ ਆਧਾਰਤ ਕਿਤਾਬ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ
NEXT STORY