ਅਬੋਹਰ(ਸੁਨੀਲ)–ਆਏ ਦਿਨ ਧਰਮ ਦੇ ਨਾਂ 'ਤੇ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਬਾਬਿਆਂ ਦਾ ਚਿਹਰਾ ਸਮਾਜ 'ਚ ਉਜਾਗਰ ਹੋਣ ਉਪਰੰਤ ਹਰਿਆਣੇ ਦੇ ਇਕ ਹੋਰ ਪ੍ਰਸਿੱਧ ਬਾਬੇ ਅਮਰਪੁਰੀ ਦੀ ਵੀ ਕੁਝ ਸ਼ੱਕੀ ਅਤੇ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰ ਕੇ ਉਥੋਂ ਕਈ ਅਸ਼ਲੀਲ ਸੀਡੀਆਂ ਅਤੇ ਕੁਝ ਸ਼ੱਕੀ ਸਾਮਾਨ ਬਰਾਮਦ ਕਰ ਕੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ ਬਾਬੇ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ ਅਬੋਹਰ 'ਚ ਆ ਕੇ ਵੱਸੀਆਂ ਉਸ ਦੀਆਂ ਨੂੰਹਾਂ ਅਤੇ 2 ਧੀਆਂ ਤੋਂ ਪੁੱਛਗਿੱਛ ਕਰਨ ਲਈ ਬੀਤੇ ਦਿਨੀਂ ਹਰਿਆਣਾ ਪੁਲਸ ਅਬੋਹਰ ਪੁੱਜੀ ਅਤੇ ਨਗਰ ਥਾਣਾ ਨੰਬਰ 2 ਦੀ ਮਦਦ ਨਾਲ ਬਾਬੇ ਦੀ ਨੂੰਹਾਂ-ਧੀਆਂ ਦੇ ਬਿਆਨ ਕਲਮਬੰਦ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਪੁਰੀ ਨਾਮਕ ਇਹ ਬਾਬਾ ਹਰਿਆਣੇ ਦੇ ਫਤਿਹਾਬਾਦ ਦੇ ਟੋਹਾਣੇ ਸ਼ਹਿਰ 'ਚ ਬਾਬਾ ਬਾਲਕ ਨਾਥ ਦੇ ਨਾਂ ਤੋਂ ਆਸ਼ਰਮ ਚਲਾ ਰਿਹਾ ਸੀ। ਭਗਵੇਂ ਕੱਪੜੇ 'ਚ ਲੋਕਾਂ ਨੂੰ ਰੱਬ ਦੇ ਨਾਮ ਦਾ ਪ੍ਰਵਚਨ ਦੇਣ ਵਾਲੇ ਇਸ ਬਾਬੇ 'ਤੇ ਕੁੱਝ ਔਰਤਾਂ ਨੇ ਜਬਰ-ਜ਼ਨਾਹ ਦੇ ਦੋਸ਼ ਲਾਏ ਸਨ। ਬੀਤੇ ਦਿਨੀਂ ਹਰਿਆਣਾ ਦੀ ਹੀ ਇਕ ਔਰਤ ਨੇ ਬਾਬੇ 'ਤੇ ਜਬਰ-ਜ਼ਨਾਹ ਦਾ ਮਾਮਲਾ ਵੀ ਦਰਜ ਕਰਵਾਇਆ ਤਾਂ ਪੁਲਸ ਨੇ ਇਸ ਗੱਲ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਪਰ ਬੀਤੇ ਦਿਨੀਂ ਬਾਬੇ ਦੀ ਕੁਝ ਔਰਤਾਂ ਦੇ ਨਾਲ ਜਬਰ- ਜ਼ਨਾਹ ਦੀ ਵੀਡੀਓ ਵਾਇਰਲ ਹੋਣ 'ਤੇ ਹਰਿਆਣਾ ਪੁਲਸ ਹਰਕਤ 'ਚ ਆਈ ਅਤੇ ਬਾਬੇ ਦੇ ਉਸ ਆਸ਼ਰਮ 'ਚ ਛਾਪੇਮਾਰੀ ਕੀਤੀ ਤਾਂ ਉਥੋਂ ਅਸ਼ਲੀਲ ਸਮੱਗਰੀ, ਨਸ਼ੇ ਵਾਲੀਆਂ ਗੋਲੀਆਂ ਅਤੇ ਕੁਝ ਸ਼ੱਕੀ ਸਾਮਾਨ ਬਰਾਮਦ ਹੋਇਆ। ਉਧਰ ਅਮਰਪੁਰੀ ਉਰਫ ਬਿੱਲੂ ਖਿਲਾਫ ਉਸ ਦੀ ਹੀ ਇਕ ਨੂੰਹ ਨੇ ਅਬੋਹਰ 'ਚ ਕੇਸ ਲੱਗਾ ਰੱਖਿਆ ਹੈ, ਜੋ ਆਰੀਆ ਨਗਰ 'ਚ ਰਹਿ ਰਹੀ ਹੈ। ਇਸ ਗੱਲ ਦਾ ਪਤਾ ਲੱਗਣ 'ਤੇ ਹਰਿਆਣਾ ਪੁਲਸ ਬੀਤੇ ਦਿਨੀਂ ਅਬੋਹਰ ਪੁੱਜੀ ਅਤੇ ਥਾਣਾ ਨੰਬਰ 2 ਦੀ ਪੁਲਸ ਦੇ ਸਹਿਯੋਗ ਨਾਲ ਲਾਈਨਪਾਰ ਖੇਤਰ ਆਰੀਆ ਨਗਰ ਵਾਸੀ ਬਾਬੇ ਦੀ ਨੂੰਹ ਦੇ ਘਰ ਜਾ ਕੇ ਉਸ ਦੇ ਬਿਆਨ ਕਲਮਬੰਦ ਕੀਤੇ। ਇਸ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਬਾਬੇ ਦੀ ਇਕ ਹੋਰ ਨੂੰਹ ਵੀ ਉਸ ਤੋਂ ਤੰਗ ਆ ਕੇ ਅਬੋਹਰ ਰਹਿਣ ਆਈ ਹੋਈ ਹੈ ਅਤੇ ਬਾਬੇ ਦੀਆਂ 2 ਧੀਆਂ ਵੀ ਇਥੇ ਰਹਿੰਦੀਆਂ ਹਨ, ਜਿਸ 'ਤੇ ਪੁਲਸ ਨੇ ਇਨ੍ਹਾਂ ਸਾਰਿਆਂ ਦੇ ਬਿਆਨ ਕਲਮਬੰਦ ਕੀਤੇ। ਸੋਮਵਾਰ ਨੂੰ ਮੁਹੱਲੇ ਦੇ ਕੁਝ ਲੋਕ, ਬਾਬੇ ਦੀਆਂ ਨੂੰਹਾਂ ਦੇ ਰਿਸ਼ਤੇਦਾਰ ਜਾਂਚ 'ਚ ਸ਼ਾਮਲ ਹੋਣ ਲਈ ਹਰਿਆਣਾ ਰਵਾਨਾ ਹੋ ਗਏ। ਇਸ ਬਾਰੇ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ ਨਾਲ ਗੱਲ ਕਰਨ 'ਤੇ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨਗਰ ਥਾਣਾ ਨੰਬਰ 2 ਦੀ ਪੁਲਸ ਨੇ ਬੀਤੇ ਦਿਨੀਂ ਹਰਿਆਣਾ ਪੁਲਸ ਦੇ ਨਾਲ ਜਾ ਕੇ ਉਨ੍ਹਾਂ ਨੂੰ ਬਿਆਨ ਕਲਮਬੰਦ ਕਰਵਾਉਣ 'ਚ ਉਨ੍ਹਾਂ ਦੀ ਮਦਦ ਕੀਤੀ ਹੈ ।
ਪੁਲਸ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਤੰਗ ਕਰਨਾ ਬੰਦ ਕਰੇ : ਸੁਖਬੀਰ
NEXT STORY