ਲੁਧਿਆਣਾ (ਰਾਜ): ਮਹਾਨਗਰ ਵਿਚ ਇਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਕਾਨ ਮਾਲਕ ਦੀ ਦਰਿੰਦਗੀ ਅਤੇ ਬਲੈਕਮੇਲਿੰਗ ਤੋਂ ਤੰਗ ਆ ਕੇ ਇਕ ਵਿਆਹੁਤਾ ਨੇ ਮੌਤ ਨੂੰ ਗਲੇ ਲਗਾ ਲਿਆ। ਮੁਲਜ਼ਮ ਮਕਾਨ ਮਾਲਕ ਉਸ ਨੂੰ ਅਸ਼ਲੀਲ ਵੀਡੀਓ ਰਾਹੀਂ ਲੰਬੇ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਿਹਾ ਸੀ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕਾ ਦੇ ਪਿਤਾ ਨੂੰ ਉਸ ਦੇ ਰਿਸ਼ਤੇਦਾਰ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਉਸ ਦੀ ਬੇਟੀ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਖ਼ਬਰ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਪੁਲਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਮਰਨ ਤੋਂ ਪਹਿਲਾਂ ਮ੍ਰਿਤਕਾ ਨੇ ਆਪਣੇ ਮੋਬਾਈਲ ਫੋਨ 'ਤੇ ਵੱਖ-ਵੱਖ ਵੀਡੀਓ ਰਿਕਾਰਡ ਕੀਤੇ ਸਨ। ਇਨ੍ਹਾਂ ਵੀਡੀਓਜ਼ ਵਿਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਮਕਾਨ ਮਾਲਕ ਸਤਨਾਮ ਸਿੰਘ ਅਤੇ ਪੁਸ਼ਪਾ ਨੂੰ ਠਹਿਰਾਇਆ ਹੈ। ਮ੍ਰਿਤਕਾ ਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਉਹ ਨਹਾ ਰਹੀ ਸੀ ਤਾਂ ਮੁਲਜ਼ਮ ਨੇ ਚੋਰੀ-ਛਿਪੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਸੀ। ਪੀੜਤਾ ਨੇ ਵੀਡੀਓ ਵਿਚ ਖੁਲਾਸਾ ਕੀਤਾ ਕਿ ਮੁਲਜ਼ਮ ਉਸ ਵੀਡੀਓ ਦੇ ਦਮ 'ਤੇ ਉਸ ਨੂੰ ਵਾਰ-ਵਾਰ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਮੁਲਜ਼ਮ ਦੀ ਜ਼ਬਰਦਸਤੀ ਅਤੇ ਲਗਾਤਾਰ ਮਿਲ ਰਹੀ ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਗਹਿਰੇ ਤਣਾਅ ਵਿਚ ਸੀ। ਅਖੀਰ ਕੋਈ ਰਸਤਾ ਨਾ ਬਚਦਾ ਦੇਖ ਕੇ ਉਸ ਨੇ ਮਜਬੂਰਨ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਮੋਬਾਈਲ ਵੀਡੀਓ ਨੂੰ ਆਧਾਰ ਬਣਾ ਕੇ ਪੁਲਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਮਕਾਨ ਮਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
ਪੰਜਾਬ ਸਰਕਾਰ ਨੂੰ ਝਟਕਾ! ਕੰਚਨਪ੍ਰੀਤ ਕੌਰ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
NEXT STORY