ਸ਼ਾਹਕੋਟ(ਮਰਵਾਹਾ, ਤ੍ਰੇਹਨ)— ਆਲੂ ਜਿੰਨਾ ਵਧੀਆ ਖਾਣ 'ਚ ਲੱਗਦਾ ਹੈ, ਇਸ ਦਾ ਵਪਾਰ ਇਸ ਸਮੇਂ ਉਨ੍ਹਾਂ ਹੀ ਔਖਾ ਹੋਇਆ ਪਿਆ ਹੈ। ਇਸ ਵਾਰ ਵੀ ਵਪਾਰੀਆਂ ਨੇ ਮਹਿੰਗੇ ਭਾਅ 'ਤੇ ਆਲੂ ਖਰੀਦ ਕੇ ਕੋਲਡ ਸਟੋਰਾਂ 'ਚ ਰੱਖਿਆ ਸੀ ਪਰ ਮੁਨਾਫਾ ਤਾਂ ਦੂਰ ਸਟੋਰਾਂ ਦਾ ਕਿਰਾਇਆ ਵੀ ਨਿਕਲ ਨਹੀਂ ਰਿਹਾ, ਜਿਸ ਕਾਰਨ ਹੁਣ ਆਲੂ ਨੂੰ ਬਾਹਰ ਸੁੱਟਣ ਦੀ ਨੌਬਤ ਆ ਗਈ ਹੈ।
ਸ਼ਾਹਕੋਟ ਇਲਾਕੇ ਦੇ ਉੱਘੇ ਆਲੂ ਵਪਾਰੀ ਰਾਕੇਸ਼ ਕੁਮਾਰ ਜੁਨੇਜਾ ਅਤੇ ਮਲਸੀਆਂ ਦੇ ਵਪਾਰੀ ਲਲਿਤ ਕੁਮਾਰ ਬਿੱਲਾ ਨੇ ਦੁਖੀ ਮਨ ਨਾਲ ਦੱਸਿਆ ਕਿ ਇਸ ਸਾਲ ਉਨ੍ਹਾਂ ਨੇ ਜੋਤੀ ਕਿਸਮ ਦਾ ਆਲੂ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਅਤੇ ਪੁਖਰਾਜ ਕਿਸਮ ਦਾ ਆਲੂ 300 ਤੋਂ 400 ਰੁਪਏ ਪ੍ਰਤੀ ਕੁਇੰਟਲ ਖਰੀਦਿਆ ਸੀ। ਖਰੀਦੇ ਗਏ ਆਲੂ 'ਤੇ ਲੇਬਰ ਖਰਚਾ, ਬਾਰਦਾਨਾ, ਮਾਲ ਦੀ ਢੁਆਈ ਅਤੇ ਕੋਲਡ ਸਟੋਰ ਦਾ ਕਿਰਾਇਆ ਮਿਲਾ ਕੇ ਕਰੀਬ 300 ਰੁਪਏ ਖਰਚਾ ਬਣਦਾ ਹੈ। ਸਾਰੇ ਖਰਚੇ ਪਾ ਕੇ ਜੋਤੀ ਆਲੂ 700 ਤੋਂ 800 ਰੁਪਏ ਅਤੇ ਪੁਖਰਾਜ ਆਲੂ 600 ਤੋਂ 700 ਰੁਪਏ ਲਾਗਤ ਮੁੱਲ ਬਣਦਾ ਹੈ। ਵਪਾਰੀਆਂ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਜੋਤੀ ਆਲੂ 150 ਰੁਪਏ ਅਤੇ ਪੁਖਰਾਜ ਆਲੂ 100 ਰੁਪਏ ਪ੍ਰਤੀ ਕੁਇੰਟਲ ਵੀ ਨਹੀਂ ਵਿਕ ਰਿਹਾ।
ਕੋਲਡ ਸਟੋਰਾਂ 'ਚੋਂ ਆਲੂ ਚੁੱਕਣ ਲਈ ਤਿਆਰ ਨਹੀਂ ਕਿਸਾਨ ਅਤੇ ਵਪਾਰੀ
ਵਪਾਰੀਆਂ ਅਤੇ ਕਿਸਾਨਾਂ ਨੇ ਮਹਿੰਗੇ ਭਾਅ 'ਤੇ ਆਲੂ ਖਰੀਦ ਕੇ ਕੋਲਡ ਸਟੋਰਾਂ 'ਚ ਰੱਖਿਆ ਸੀ। ਅਨੇਕਾਂ ਨੇ ਸਟੋਰਾਂ ਦਾ ਪੂਰਾ ਕਿਰਾਇਆ ਨਹੀਂ ਦਿੱਤਾ ਸੀ ਕਿ ਹੁਣ ਆਲੂ ਦੀਆਂ ਕੀਮਤਾਂ ਕਈ ਗੁਣਾ ਡਿੱਗ ਜਾਣ ਕਾਰਨ ਬਾਕੀ ਕਿਰਾਇਆ ਦੇਣ 'ਚ ਉਹ ਅਸਮਰੱਥ ਹਨ। ਕਿਉਂਕਿ ਆਲੂਆਂ ਦੇ 50 ਕਿੱਲੋ ਦੇ ਇਕ ਬੋਰੇ ਦਾ ਪੂਰਾ ਕਿਰਾਇਆ 100 ਰੁਪਏ ਬਣਦਾ ਹੈ, ਜਦੋਕਿ ਇਕ ਬੋਰਾ 50 ਤੋਂ 75 ਰੁਪਏ 'ਚ ਵੀ ਆਸਾਨੀ ਨਾਲ ਨਹੀਂ ਵਿਕ ਰਿਹਾ, ਜਿਸ ਕਾਰਨ ਵਪਾਰੀ, ਕਿਸਾਨ ਅਤੇ ਕੋਲਡ ਸਟੋਰਾਂ ਵਾਲੇ ਬਹੁਤ ਪਰੇਸ਼ਾਨ ਹਨ। ਆਲੂ ਵਪਾਰੀ ਰਾਕੇਸ਼ ਕੁਮਾਰ ਜੁਨੇਜਾ ਅਤੇ ਲਲਿਤ ਕੁਮਾਰ ਬਿੱਲਾ ਨੇ ਦੱਸਿਆ ਕਿ ਦੇਸ਼ 'ਚ ਜਿੱਥੇ ਆਪਣੀਆਂ ਫਸਲਾਂ ਖਰਾਬ ਹੋਣ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਉਥੇ ਹੀ ਹੁਣ ਲਗਾਤਾਰ ਵਪਾਰ 'ਚ ਘਾਟਾ ਪੈਣ ਕਾਰਨ ਵਪਾਰੀ ਵੀ ਤਣਾਅ 'ਚ ਹਨ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਸ਼ਾਹਕੋਟ 'ਚ ਵੀ 2016 'ਚ ਇਕ ਅਜਿਹੀ ਦੁਖਦ ਘਟਨਾ ਹੋ ਚੁੱਕੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੇ ਕਈ ਰਾਜਾਂ ਦੀ ਤਰ੍ਹਾਂ ਪੰਜਾਬ 'ਚ ਵੀ ਆਲੂ ਦੇ ਵਪਾਰੀਆਂ ਅਤੇ ਕਿਸਾਨਾਂ ਦੀ ਸਹਾਇਤਾ ਕਰੇ। ਪਾਕਿਸਤਾਨ ਅਤੇ ਹੋਰ ਦੇਸ਼ਾਂ 'ਚ ਆਲੂ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਲੂ ਦੇ ਵਪਾਰ ਨਾਲ ਜੁੜੇ ਲੱਖਾਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।
ਭੈਣ ਨਾਲ ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਦਾ ਕਤਲ, 2 ਭਰਾਵਾਂ ਸਮੇਤ 4 ਵਿਰੁੱਧ ਮਾਮਲਾ ਦਰਜ
NEXT STORY