ਅੰਮ੍ਰਿਤਸਰ (ਦੀਪਕ) - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ੍ਹ ਤੋਂ ਆਰੰਭ ਹੋਏ ਗੁਰਮਤਿ ਸਮਾਗਮ ਅੱਜ ਦੂਸਰੇ ਦਿਨ ਵੀ ਜਾਰੀ ਰਹੇ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਵੱਖ-ਵੱਖ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਹਾਜ਼ਰੀ ਭਰੀ ਅਤੇ ਸੰਗਤ ਨੂੰ ਗੁਰੂ-ਜਸ ਸਰਵਣ ਕਰਵਾਇਆ।
ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਮੇਤ ਪੰਥਕ ਸ਼ਖ਼ਸੀਅਤਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਅਧਿਕਾਰੀਆਂ ਅਤੇ ਸਭਾ-ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਅਰਦਾਸ ਮਗਰੋਂ ਆਰੰਭ ਹੋਏ ਨਗਰ ਕੀਰਤਨ ਦੌਰਾਨ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਚੌਰ ਸਾਹਿਬ ਦੀ ਸੇਵਾ ਨਿਭਾ ਰਹੇ ਸਨ, ਜਦਕਿ ਸੰਗਤਾਂ ਗੁਰਬਾਣੀ ਦੇ ਸ਼ਬਦ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਨਾਲ ਚੱਲ ਰਹੀਆਂ ਸਨ।
ਗਤਕਾ ਅਤੇ ਬੈਂਡ ਪਾਰਟੀਆਂ ਨੇ ਵੀ ਨਗਰ ਕੀਰਤਨ ਦੌਰਾਨ ਸ਼ਮੂਲੀਅਤ ਕੀਤੀ। ਬੇਸ਼ੱਕ ਕੋਰੋਨਾ ਦੇ ਚੱਲਦਿਆਂ ਸੰਗਤ ਦੀ ਸ਼ਮੂਲੀਅਤ ਸੀਮਤ ਰਹੀ ਪਰ ਹਾਜ਼ਰ ਸੰਗਤਾਂ ਅੰਦਰ ਗੁਰੂ ਸਾਹਿਬ ਜੀ ਦੇ ਇਤਿਹਾਸਕ ਪੁਰਬ ਪ੍ਰਤੀ ਉਤਸ਼ਾਹ ਸੀ। ਨਗਰ ਕੀਰਤਨ ਵਿਚ ਹੋਰਨਾਂ ਤੋਂ ਇਲਾਵਾ ਦਲ ਬਾਬਾ ਬਿਧੀ ਚੰਦ ਦੇ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ ਆਦਿ ਨੇ ਹਾਜ਼ਰੀ ਭਰੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ ਗੁਰਬਾਣੀ ਕੀਰਤਨ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਚੱਲ ਰਹੇ ਗੁਰਮਤਿ ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਰਤਨ ਦੀ ਸੇਵਾ ਨਿਭਾਈ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਪਾਵਨ ਗੁਰਬਾਣੀ ਦਾ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ। ਅੱਜ ਦੇ ਸਮਾਗਮਾਂ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਜਿਨ੍ਹਾਂ ’ਚ ਬੀਬੀ ਬਲਜੀਤ ਕੌਰ ਖਾਲਸਾ ਤਲਵਾੜੇ ਵਾਲੇ, ਬੀਬੀ ਅਮਰਜੀਤ ਕੌਰ ਸ੍ਰੀ ਅੰਮ੍ਰਿਤਸਰ ਵਾਲੇ, ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ, ਭਾਈ ਮਨਿੰਦਰ ਸਿੰਘ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਬੀਬੀ ਰਾਜਵੰਤ ਕੌਰ ਦੇ ਢਾਡੀ ਜਥੇ ਨੇ ਨੌਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੀ ਸਾਂਝ ਪਾਈ ਅਤੇ ਕਵੀਸ਼ਰ ਜਥਿਆਂ ਤੇ ਪ੍ਰਚਾਰਕਾਂ ਨੇ ਹਾਜ਼ਰੀ ਭਰੀ। ਸਟੇਜ ਦੀ ਸੇਵਾ ਹੈੱਡ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ, ਭਾਈ ਜਗਦੇਵ ਸਿੰਘ ਤੇ ਬੀਬੀ ਹਰਪ੍ਰੀਤ ਕੌਰ ਨੇ ਨਿਭਾਈ।
ਇਸੇ ਦੌਰਾਨ ਬਾਅਦ ਦੁਪਹਿਰ ਕਵੀ ਦਰਬਾਰ ਹੋਇਆ, ਜਿਸ ਵਿਚ ਡਾ. ਸਰਬਜੀਤ ਕੌਰ ਸੰਧਾਵਾਲੀਆਂ, ਬੀਬੀ ਜਤਿੰਦਰ ਕੌਰ ਅਨੰਦਪੁਰੀ, ਬੀਬੀ ਮਨਜੀਤ ਕੌਰ ਪਹੂਵਿੰਡ, ਬੀਬੀ ਨਵਰੂਪ ਕੌਰ ਤਰਨ ਤਾਰਨ, ਬੀਬੀ ਹਰਮੀਤ ਕੌਰ ਖ਼ਾਲਸਾ, ਡਾ. ਗੁਰਚਰਨ ਕੌਰ, ਬੀਬੀ ਬੇਅੰਤ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਕਵਲਜੀਤ ਕੌਰ ਤੇ ਬੀਬੀ ਰਾਜਵਿੰਦਰ ਕੌਰ ਨੇ ਕਵਿਤਾਵਾਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਰਾਗੀ ਜਥਿਆਂ ਭਰੀ ਹਾਜ਼ਰੀ
400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਚੱਲ ਰਹੇ ਵੱਖ-ਵੱਖ ਗੁਰਮਤਿ ਸਮਾਗਮਾਂ ਤਹਿਤ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਗੁਰਬਾਣੀ ਕੀਰਤਨ ਨਿਰੰਤਰ ਜਾਰੀ ਰਿਹਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰੀ। ਇਸ ਦੌਰਾਨ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਗਤਾਂ ਦੀ ਆਮਦ ਜਾਰੀ ਰਹੀ। ਸ਼੍ਰੋਮਣੀ ਕਮੇਟੀ ਵੱਲੋਂ ਚੱਲ ਰਹੇ ਸਮਾਗਮਾਂ ਦਾ ਵੱਖ-ਵੱਖ ਚੈਨਲਾਂ ਰਾਹੀਂ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਦੁਆਰਾ ਦੇਸ਼ ਵਿਦੇਸ਼ ਦੀਆਂ ਸੰਗਤਾਂ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨਾਲ ਜੁੜੀਆਂ।
ਕੈਪਟਨ ਵੱਲੋਂ ਸੀ. ਪੀ. ਆਈ. ਨੇਤਾ ਡਾ. ਜੋਗਿੰਦਰ ਦਿਆਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
NEXT STORY