ਬਠਿੰਡਾ (ਵਿਜੇ ਵਰਮਾ) - ਮਹਾਨਗਰ ਮੁੰਬਈ ਦੀ ਫਿਲਮ ਇੰਡਸਟਰੀ ’ਚ ਆਪਣੀ ਅਦਾਕਾਰੀ ਨਾਲ ਖਾਸ ਪਛਾਣ ਬਣਾਉਣ ਵਾਲੀ ਮਸ਼ਹੂਰ ਅਦਾਕਾਰਾ ਪ੍ਰੀਤੀ ਸਪਰੂ ਹੁਣ ਪੰਜਾਬ ’ਚ ਨਸ਼ਿਆਂ ਅਤੇ ਕੈਂਸਰ ਵਰਗੀਆਂ ਗੰਭੀਰ ਸਮਾਜਿਕ ਤੇ ਸਿਹਤ ਸਮੱਸਿਆਵਾਂ ਖਿਲਾਫ ਜਾਗਰੂਕਤਾ ਦੀ ਮੁਹਿੰਮ ਚਲਾਉਣ ਲਈ ਅੱਗੇ ਆਈ ਹੈ। ਪ੍ਰੀਤੀ ਸਪਰੂ ਨੇ ਬਠਿੰਡਾ ਪਹੁੰਚ ਕੇ ਕਿਹਾ ਕਿ ਪੰਜਾਬ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਉਹ ਪੰਜਾਬ ਦੇ ਲੋਕਾਂ ਲਈ ਆਪਣੀ ਸਮਰੱਥਾ ਅਨੁਸਾਰ ਕੰਮ ਕਰਨਾ ਚਾਹੁੰਦੀ ਹੈ।
ਪ੍ਰੀਤੀ ਸਪਰੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਾ ਨੌਜਵਾਨ ਦੀ ਆਪਣੀ ਹੀ ਨਹੀਂ, ਸਗੋਂ ਪੂਰੇ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਿੱਟੀ ’ਚ ਦਲੇਰੀ ਹੈ ਅਤੇ ਪੰਜਾਬ ਦੇ ਨੌਜਵਾਨ ਕਿਸੇ ਵੀ ਮੁਸ਼ਕਲ ਦਾ ਡਟ ਕੇ ਸਾਹਮਣਾ ਕਰ ਸਕਦੇ ਹਨ। ਜੇਕਰ ਕੋਈ ਜ਼ਿੰਦਗੀ ’ਚ ਡਿੱਗ ਵੀ ਜਾਵੇ ਤਾਂ ਉਸ ਨੂੰ ਮੁੜ ਉੱਠ ਕੇ ਖੜ੍ਹਾ ਹੋਣਾ ਚਾਹੀਦਾ ਹੈ ਪਰ ਨਸ਼ਿਆਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਾਉਣਾ ਚਾਹੀਦਾ।
ਉਨ੍ਹਾਂ ਆਪਣੀ ਮਾਤਾ ਵੱਲੋਂ ਲਿਖੀਆਂ ਦੋ ਲਾਈਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਿੰਦਗੀ ਇਕ ਤੂਫਾਨ ਹੈ ਅਤੇ ਤੂਫਾਨਾਂ ਨਾਲ ਜੋ ਟਕਰਾਉਂਦੇ ਹਨ, ਉਹੀ ਜਿੱਤਦੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਵਾਂਗ ਦਲੇਰੀ ਨਾਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਅਪੀਲ ਕੀਤੀ। ਪ੍ਰੀਤੀ ਸਪਰੂ ਨੇ ਕਿਹਾ ਕਿ ਕੈਂਸਰ ਬਾਰੇ ਵੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਖਾਸ ਤੌਰ ’ਤੇ ਔਰਤਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਨਸ਼ਿਆਂ ਅਤੇ ਕੈਂਸਰ ਵਿਰੁੱਧ ਜਾਗਰੂਕਤਾ ਲਈ ਪਿੰਡ ਪੱਧਰ ’ਤੇ ਕੈਂਪ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਪਹਿਲੀ ਕੜੀ ’ਚ ਲਗਭਗ 200 ਪਿੰਡਾਂ ਦੀ ਚੋਣ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਬਠਿੰਡਾ ਤੋਂ ਕਰ ਕੇ ਇਸ ਨੂੰ ਸ੍ਰੀ ਅਨੰਦਪੁਰ ਸਾਹਿਬ ਤੱਕ ਲਿਜਾਣ ਦਾ ਟੀਚਾ ਹੈ।
ਪ੍ਰੀਤੀ ਸਪਰੂ ਨੇ ਬਠਿੰਡਾ ਸਥਿਤ ਏਮਜ਼ ਦਾ ਦੌਰਾ ਕਰ ਕੇ ਨਸ਼ਾ ਛੁਡਾਊ ਕੇਂਦਰ ’ਚ ਇਲਾਜ ਕਰਵਾ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਲੜਕੀਆਂ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਤਜ਼ਰਬਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਸੀਨੀਅਰ ਪ੍ਰੋਫੈਸਰ ਡਾ. ਰੂਬਲ ਕਨੌਜੀਆ ਅਤੇ ਡਾ. ਰੋਬਿਨ ਨਾਲ ਕੈਂਸਰ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਚਰਚਾ ਦੌਰਾਨ ਕੈਂਸਰ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਨੂੰ ਵੱਡੀ ਚੁਣੌਤੀ ਦੱਸਿਆ ਗਿਆ। ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਕੈਂਸਰ ਦੀ ਜਲਦੀ ਪਛਾਣ ਅਤੇ ਸਮੇਂ ਸਿਰ ਇਲਾਜ ਲਈ ਖੋਜ ਅਤੇ ਜਾਂਚ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ ਕੈਂਪ ਲਗਾਉਣਾ ਨਹੀਂ, ਬਲਕਿ ਲੋਕਾਂ ਨਾਲ ਖੜ੍ਹਨਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਚੰਗੇ ਕਰਮ ਕਰਨ ਅਤੇ ਸਮਾਜ ਲਈ ਕੁਝ ਕਰਨ ਦਾ ਮੌਕਾ ਮਿਲਣਾ ਹੀ ਸਭ ਤੋਂ ਵੱਡੀ ਗੱਲ ਹੈ। ਪੰਜਾਬ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਪੰਜਾਬ ਦੇ ਲੋਕਾਂ ਦੀ ਇਸ ਮੁਸ਼ਕਲ ਘੜੀ ’ਚ ਉਨ੍ਹਾਂ ਨਾਲ ਖੜ੍ਹਨਾ ਉਨ੍ਹਾਂ ਦੀ ਕੋਸ਼ਿਸ਼ ਰਹੇਗੀ।
ਉਨ੍ਹਾਂ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਵਿਜੇ ਚੋਪੜਾ ਸਾਹਿਬ ਵੱਲੋਂ ਲੋੜਵੰਦਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਅਜਿਹੇ ਕੰਮ ਲਗਾਤਾਰ ਜਾਰੀ ਰਹਿਣ, ਇਹੀ ਉਨ੍ਹਾਂ ਦੀ ਕਾਮਨਾ ਹੈ।
ਢੰਡਾਰੀ ਵਿਚ ਮਹਿਲਾ ਤੋਂ ਲੁੱਟ ਦੀ ਕੋਸ਼ਿਸ਼ ਨਾਕਾਮ, ਰਾਹਗੀਰਾਂ ਨੇ ਦੋ ਲੁਟੇਰੇ ਦਬੋਚੇ
NEXT STORY