ਲੁਧਿਆਣਾ (ਰਾਜ) : ਆਮ ਕਰ ਕੇ ਵਿਵਾਦਾਂ ’ਚ ਘਿਰਿਆ ਰਹਿਣ ਵਾਲਾ ਸਿਵਲ ਹਸਪਤਾਲ ਫਿਰ ਸੁਰਖੀਆਂ ’ਚ ਆ ਗਿਆ ਹੈ। ਸਿਵਲ ਹਸਪਤਾਲ ਦੇ ਐੱਮ. ਸੀ. ਐੱਚ. ਸੈਂਟਰ ਵਿਚ ਇਕ ਗਰਭਵਤੀ ਜਨਾਨੀ ਨੂੰ ਗਲਤ ਇੰਜੈਕਸ਼ਨ ਲਗਾ ਕੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੀ ਜਦੋਂ ਚੌਂਕੀ ਸਿਵਲ ਹਸਪਤਾਲ ਵਿਚ ਕੋਈ ਸੁਣਵਾਈ ਨਾ ਹੋਈ ਤਾਂ ਉਹ ਪੁਲਸ ਕਮਿਸ਼ਨਰ ਦਫ਼ਤਰ ਇਨਸਾਫ਼ ਮੰਗਣ ਪੁੱਜਾ। ਪੀੜਤ ਪਰਿਵਾਰ ਜਨਾਨੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਹੀ ਆਟੋ ਵਿਚ ਲੈ ਕੇ ਆਇਆ ਸੀ। ਉਨ੍ਹਾਂ ਨੇ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੂੰ ਐੱਮ. ਸੀ. ਐੱਚ. ਸੈਂਟਰ ਦੇ ਡਾਕਟਰ ਅਤੇ ਸਟਾਫ਼ ’ਤੇ ਦੋਸ਼ ਲਗਾ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਸਬੰਧੀ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ 'ਚ ਹੋਏ ਸ਼ਾਮਲ, ਬਟਾਲਾ ਤੋਂ ਐਲਾਨਿਆ ਅਕਾਲੀ-ਬਸਪਾ ਦਾ ਉਮੀਦਵਾਰ
ਜਾਣਕਾਰੀ ਦਿੰਦੇ ਹੋਏ ਨਿਊ ਸ਼ਿਮਲਾਪੁਰੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਡੇਢ ਸਾਲ ਪਹਿਲਾਂ ਰਜਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਉਹ ਗਰਭਵਤੀ ਹੈ, ਉਸ ਨੂੰ 9ਵਾਂ ਮਹੀਨਾ ਲੱਗਾ ਹੈ। 6 ਦਸੰਬਰ ਨੂੰ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ ਸੀ। ਇਸ ਲਈ ਉਸ ਦਾ ਪਤੀ ਉਸ ਨੂੰ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ਵਿਚ ਲੈ ਕੇ ਆਇਆ ਸੀ, ਜਿੱਥੇ ਉਸ ਨੂੰ ਤੁਰੰਤ ਲੇਬਰ ਰੂਮ ਦੇ ਅੰਦਰ ਲਿਜਾਇਆ ਗਿਆ। ਲੇਬਰ ਰੂਮ ਅੰਦਰ ਪਹਿਲਾਂ ਤਾਂ ਉਸ ਨੂੰ ਲੇਟਣ ਲਈ ਬੈੱਡ ਨਹੀਂ ਮਿਲਿਆ। ਬਾਅਦ ਵਿਚ ਜਦੋਂ ਬੈੱਡ ਮਿਲਿਆ ਤਾਂ ਉਸ ਦੇ ਦਰਦ ਹੋਣ ’ਤੇ ਉਹ ਵਾਰ-ਵਾਰ ਚੀਕ ਰਹੀ ਸੀ। ਇਸ ਦੌਰਾਨ ਹਸਪਤਾਲ ਦੀ ਇਕ ਜਨਾਨੀ ਆਈ। ਉਹ ਡਾਕਟਰ ਸੀ ਜਾਂ ਸਟਾਫ਼, ਉਸ ਨੂੰ ਨਹੀਂ ਪਤਾ। ਉਹ ਆ ਕੇ ਕਹਿਣ ਲੱਗੀ ਕਿ ਇਹ ਡਰਾਮੇ ਬੰਦ ਕਰ ਦੇ, ਤੈਨੂੰ ਕੁੱਝ ਨਹੀਂ ਹੋਇਆ।
ਮਨਪ੍ਰੀਤ ਦਾ ਕਹਿਣਾ ਹੈ ਕਿ ਉਸ ਨੇ ਕਿਹਾ ਕਿ ਉਸ ਨੂੰ ਸੱਚ-ਮੁੱਚ ਦਰਦ ਹੋ ਰਿਹਾ ਹੈ। ਇਸ ਤੋਂ ਬਾਅਦ ਉਕਤ ਜਨਾਨੀ ਨੇ ਉਸ ਦੀ ਗੱਲ ’ਤੇ ਥੱਪੜ ਜੜ ਦਿੱਤੇ ਕਿ ਚੁੱਪ ਹੋ ਜਾ। ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਜਤਾਇਆ ਤਾਂ ਬਾਕੀ ਸਟਾਫ਼ ਔਰਤਾਂ ਨੇ ਵੀ ਆ ਕੇ ਉਸ ਨੂੰ ਥੱਪੜ ਜੜੇ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਬਰਨ ਉਸ ਨੂੰ ਇਕ ਇੰਜੈਕਸ਼ਨ ਲਗਾ ਦਿੱਤਾ ਅਤੇ ਉਸ ਦੇ ਢਿੱਡ ’ਚ ਇੰਜੈਕਸ਼ਨ ਦੀਆਂ ਸੂਈਆਂ ਚੁਭੋਈਆਂ। ਮਨਪ੍ਰੀਤ ਕੌਰ ਦਾ ਦੋਸ਼ ਹੈ ਕਿ ਜਦੋਂ ਉਸ ਨੇ ਆਪਣੇ ਪਤੀ ਨੂੰ ਦੱਸਿਆ ਤਾਂ ਉਸ ਦੇ ਪਤੀ ਦੇ ਵਿਰੋਧ ਕਰਨ ’ਤੇ ਉਸ ਨੂੰ ਲੇਬਰ ਰੂਮ ਤੋਂ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਨੂੰ ਧਮਕਾਇਆ ਕਿ ਉਨ੍ਹਾਂ ਦੀ ਪੁਲਸ ’ਚ ਸ਼ਿਕਾਇਤ ਕਰ ਦੇਣਗੇ। ਪਤੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪਤਨੀ ਦੀ ਹਾਲਤ ਕਾਫੀ ਖ਼ਰਾਬ ਸੀ। ਇਸ ਲਈ ਉਹ ਉਸ ਨੂੰ ਲੈ ਕੇ ਬਾਹਰ ਆ ਗਏ ਅਤੇ ਪਹਿਲਾਂ ਸਿਵਲ ਹਸਪਤਾਲ ਚੌਂਕੀ ਵਿਚ ਸ਼ਿਕਾਇਤ ਦੇਣ ਲਈ ਗਏ, ਜਿੱਥੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੀ ਅਧਿਆਪਕਾ ਕੋਰੋਨਾ ਪਾਜ਼ੇਟਿਵ, ਮਾਪਿਆਂ 'ਚ ਦਹਿਸ਼ਤ ਦਾ ਮਾਹੌਲ
ਇਸ ਲਈ ਉਹ ਪਤਨੀ ਨੂੰ ਇਕ ਨਿੱਜੀ ਹਸਪਤਾਲ ਲੈ ਕੇ ਚਲੇ ਗਏ ਸਨ ਪਰ ਉੱਥੇ ਡਾਕਟਰਾਂ ਨੇ ਦਾਖ਼ਲ ਨਹੀਂ ਕੀਤਾ, ਜਿਸ ਤੋਂ ਬਾਅਦ ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਚਲੇ ਗਏ ਸਨ, ਜਿੱਥੇ ਉਸ ਦੀ ਪਤਨੀ ਦੋ ਦਿਨ ਦਾਖ਼ਲ ਰਹੀ। ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਦੇਰ ਹੋ ਜਾਂਦੀ ਤਾਂ ਜਨਾਨੀ ਨੂੰ ਨੁਕਸਾਨ ਹੋ ਸਕਦਾ ਸੀ। ਵੀਰਵਾਰ 9 ਦਸੰਬਰ ਨੂੰ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਸੀ। ਹਸਪਤਾਲ ਤੋਂ ਛੁੱਟੀ ਲੈ ਕੇ ਉਹ ਸਿੱਧਾ ਪੁਲਸ ਕਮਿਸ਼ਨਰ ਦਫ਼ਤਰ ਪੁੱਜੇ ਅਤੇ ਉਕਤ ਸਟਾਫ਼ ਖ਼ਿਲਾਫ਼ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ 23 ਦਸੰਬਰ ਤੋਂ 'ਚੋਣ ਜ਼ਾਬਤਾ', 4 ਫਰਵਰੀ ਨੂੰ 'ਚੋਣਾਂ' ਵਾਲੀ ਖ਼ਬਰ ਦਾ ਜਾਣੋ ਅਸਲ ਸੱਚ
ਜਨਾਨੀ ਦੇ ਪਤੀ ਦਾ ਦੋਸ਼, ਗਲਤ ਇੰਜੈਕਸ਼ਨ ਲਗਾਇਆ
ਮਨਪ੍ਰੀਤ ਕੌਰ ਦੇ ਪਤੀ ਰਜਿੰਦਰ ਸਿੰਘ ਦਾ ਦੋਸ਼ ਹੈ ਕਿ ਐੱਮ. ਸੀ. ਐੱਚ. ਸੈਂਟਰ ਵਿਚ ਡਾਕਟਰ ਜਾਂ ਸਟਾਫ਼ ਨੇ ਉਸ ਦੀ ਪਤਨੀ ਨੂੰ ਗਲਤ ਇੰਜੈਕਸ਼ਨ ਲਗਾਇਆ ਹੈ। ਇੰਜੈਕਸ਼ਨ ਲੱਗਣ ਤੋਂ ਬਾਅਦ ਉਸ ਦੀ ਪਤਨੀ ਦੀ ਸਿਹਤ ਜ਼ਿਆਦਾ ਵਿਗੜ ਗਈ ਸੀ। ਹੁਣ ਜਦੋਂ ਉਨ੍ਹਾਂ ਨੇ ਰਜਿੰਦਰਾ ਹਸਪਤਾਲ ਵਿਚ ਉਸ ਦਾ ਚੈੱਕਅਪ ਕਰਵਾਇਆ ਤਾਂ ਉੱਥੋਂ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਢਿੱਡ ਵਿਚ ਉਸ ਦੇ ਬੱਚੇ ਦੀ ਹਰਕਤ ਨਹੀਂ ਹੋ ਰਹੀ ਹੈ, ਜੋ ਕਿ ਹੋ ਸਕਦਾ ਹੈ, ਇੰਜੈਕਸ਼ਨ ਕਾਰਨ ਨਾ ਹੋਈ ਹੋਵੇ। ਹਾਲ ਦੀ ਘੜੀ ਇਸ ਲਈ ਉਨ੍ਹਾਂ ਨੇ ਅਲਟਰਾ ਸਾਊਂਡ ਕਰਵਾਉਣ ਲਈ ਕਿਹਾ ਹੈ। ਹੁਣ ਅਲਟਰਾ ਸਾਊਂਡ ਦੀ ਰਿਪੋਰਟ ਤੋਂ ਬਾਅਦ ਹੀ ਬਾਕੀ ਸਪੱਸ਼ਟ ਹੋ ਸਕੇਗਾ। ਇਸ ਬਾਰੇ ਐੱਸ. ਐੱਮ. ਓ. ਮਦਰ ਐਂਡ ਚਾਈਲਡ ਸੈਂਟਰ ਦੇ ਡਾ. ਰਣਧੀਰ ਸਿੰਘ ਚਾਹਲ ਨੇ ਦੱਸਿਆ ਕਿ ਮੈਂ ਦੋ ਦਿਨ ਦੀ ਛੁੱਟੀ ’ਤੇ ਸੀ। ਮੇਰੇ ਨੋਟਿਸ ’ਚ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕੋਈ ਸ਼ਿਕਾਇਤ ਆਈ ਹੈ। ਜੇਕਰ ਕਿਸੇ ਮਰੀਜ਼ ਨਾਲ ਗਲਤ ਵਰਤਾਓ ਹੋਇਆ ਹੈ ਤਾਂ ਸ਼ਿਕਾਇਤ ਮਿਲਣ ’ਤੇ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ 23 ਦਸੰਬਰ ਤੋਂ 'ਚੋਣ ਜ਼ਾਬਤਾ', 4 ਫਰਵਰੀ ਨੂੰ 'ਚੋਣਾਂ' ਵਾਲੀ ਖ਼ਬਰ ਦਾ ਜਾਣੋ ਅਸਲ ਸੱਚ
NEXT STORY