ਦੇਵੀਗੜ੍ਹ (ਨੌਗਾਵਾਂ) : ਬੀਤੇ ਦਿਨ ਥਾਣਾ ਜੁਲਕਾਂ ਅਧੀਨ ਪਿੰਡ ਘੜਾਮ ਨੇੜੇ ਨਸ਼ਾ ਤਸਕਰਾਂ ਵੱਲੋਂ ਪਿੰਡ ਰੌਹੜ ਜਾਗੀਰ ਦੇ ਦੋ ਨੌਜਵਾਨਾਂ ਨੂੰ ਆਪਣੀ ਗੱਡੀ ਥੱਲੇ ਦਰੜ ਕੇ ਮਾਰ ਦਿੱਤਾ ਸੀ ਅਤੇ ਆਪ ਗੱਡੀ ਛੱਡ ਕੇ ਫਰਾਰ ਹੋ ਗਏ ਸਨ। ਉਨ੍ਹਾਂ ਨੌਜਵਾਨਾਂ ਦੇ ਵਾਰਸਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਅੱਜ ਸਾਬਕਾ ਸਾਂਸਦ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਕੁਝ ਹੋਰ ਆਗੂ ਪਿੰਡ ਰੌਹੜ ਜਾਗੀਰ ਵਿਖੇ ਪੁੱਜੇ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਇਸ ਘਟਨਾ ਦੀ ਜ਼ੋਰਦਾਰ ਨਿੰਦਿਆ ਕਰਦਿਆਂ ਕਿਹਾ ਕਿ ਅੱਜ ਵੀ ਕੁਝ ਭੈੜੇ ਅਨਸਰ ਨਸ਼ਾ ਤਸਕਰੀ ਦਾ ਕੰਮ ਬਿਨਾਂ ਕਿਸੇ ਡਰ ਤੋਂ ਕਰ ਰਹੇ ਹਨ ਅਤੇ ਨੌਜਵਾਨਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਨੂੰ ਆਪਣੀ ਗੱਡੀ ਥੱਲੇ ਦਰੜ ਦਿੱਤਾ ਸੀ, ਜਿਸ ਵਿਚ ਇਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਦੂਜਾ ਹਸਪਤਾਲ ’ਚ ਜ਼ੇਰੇ ਇਲਾਜ ਦਮ ਤੌੜ ਗਿਆ ਸੀ। ਮਰਨ ਵਾਲੇ ਨੌਜਵਾਨਾ ਦੇ ਨਾਂ ਰਮਨਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਸਨ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਸ ਘਟਨਾ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਨਸ਼ਾ ਤਸਕਰਾਂ ਅਤੇ ਦੋ ਨੌਜਵਾਨਾਂ ਨੂੰ ਮਾਰਨ ਦੀ ਨੀਅਤ ਨਾਲ ਗੱਡੀ ਥੱਲੇ ਦਰੜਨ ਵਾਲੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਚੰਦੂਮਾਜਰਾ ਨੇ ਸਥਾਨਕ ਪੁਲਸ ਅਤੇ ਆਸ ਪਾਸ ਦੇ ਲੋਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਸ਼ਾ ਤਸਕਰਾਂ ਦੀ ਗੱਡੀ ਨੂੰ ਉਥੋਂ ਭਜਾਉਣ ਨਹੀਂ ਦਿੱਤਾ ਅਤੇ ਨਸ਼ੇ ਦੇ ਬੋਰੀਆਂ ਸਮੇਤ ਕਾਬੂ ਕੀਤਾ। ਉਨ੍ਹਾਂ ਨੇ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਪੁਲਸ ਨੂੰ ਨਿਰਪੱਖ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਮੌਕੇ ’ਤੇ ਡੀ.ਐੱਸ.ਪੀ. ਦਿਹਾਤੀ ਨਾਲ ਗੱਲ ਕਰਕੇ ਨਸ਼ਾ ਤਸਕਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਨਾ ਹੋਈ ਤਾਂ ਪਹੇਵਾ-ਪਟਿਆਲਾ ਰੋਡ ਜਾਮ ਕੀਤਾ ਜਾਵੇਗਾ।
CM ਮਾਨ ਨੇ ਚੰਡੀਗੜ੍ਹ ’ਚ ਅਫ਼ਸਰਾਂ ਦੀਆਂ ਆਸਾਮੀਆਂ ਭਰਨ ਲਈ ਰਾਜਪਾਲ ਨੂੰ ਕੀਤੀ ਇਹ ਅਪੀਲ
NEXT STORY