ਗੁਰਦਾਸਪੁਰ, (ਹਰਮਨਪ੍ਰੀਤ, ਦੀਪਕ, ਵਿਨੋਦ)- ਕੇਂਦਰ ਸਰਕਾਰ ਵੱਲੋਂ ਰਾਫੇਲ ਫਾਈਟਰ ਜੈੱਟ ਡੀਲ ’ਚ ਵੱਡਾ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲਾਉਂਦੇ ਹੋਏ ਅੱਜ ਯੂਥ ਕਾਂਗਰਸ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਸਮੂਹ ਕਾਂਗਰਸੀ ਆਗੂ ਸਥਾਨਕ ਕਾਂਗਰਸ ਭਵਨ ਵਿਖੇ ਇਕੱਠ ਹੋਏ। ਉਪਰੰਤ ਕਾਂਗਰਸੀ ਆਗੂ ਰੋਸ ਮਾਰਚ ਕਰਦੇ ਹੋਏ ਜਹਾਜ਼ ਚੌਕ ਪਹੁੰਚੇ, ਜਿਥੇ ਉਨ੍ਹਾਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਧਾਇਕ ਪਾਹਡ਼ਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ’ਚ ਦੇਸ਼ ਨੂੰ ਹਰ ਪੱਖ ਤੋਂ ਤਬਾਹ ਕਰਨ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦੇ ਅਜੇ ਤੱਕ ਵਫ਼ਾ ਨਹੀਂ ਹੋਏ। ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ ਦੇ ਚੱਲਦੇ ਸਡ਼ਕਾਂ ’ਤੇ ਭਟਕ ਰਹੇ ਹਨ ਪਰ ਸਰਕਾਰ ਇਨ੍ਹਾਂ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਵੱਡੇ ਕਾਰੋਬਾਰੀ ਘਰਾÎਣਿਆਂ ਨੂੰ ਲਾਭ ਪਹੁੰਚਾਉਣ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਫਰਾਂਸ ਦੀ ਕੰਪਨੀ ਦੇ ਨਾਲ ਰਾਫੈਲ ਜਹਾਜ਼ ਦੀ ਡੀਲ ਦੌਰਾਨ ਜਹਾਜ਼ਾਂ ਦੇ ਨਿਰਮਾਣ ਦਾ ਕੰਮ ਅਨਿਲ ਅੰਬਾਨੀ ਦੀ ਕੰਪਨੀ ਨੂੰ ਦਿੱਤਾ ਗਿਆ। ਜਦੋਂ ਕਿ ਇਸ ਕੰਪਨੀ ਨੂੰ ਇਸ ਖੇਤਰ ’ਚ ਕੋਈ ਤਜ਼ਰਬਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਫੈਲ ਡੀਲ ’ਚ ਕੇਂਦਰ ਸਰਕਾਰ ਨੇ 1 ਲੱਖ 30 ਹਜ਼ਾਰ ਕਰੋਡ਼ ਰੁਪਏ ਦਾ ਘਪਲਾ ਕੀਤਾ ਹੈ, ਜੋ ਦੇਸ਼ ਦਾ ਸਭ ਤੋਂ ਵੱਡਾ ਘਪਲਾ ਹੈ।
ਉਨ੍ਹਾਂ ਮੰਗ ਕੀਤੀ ਕਿ ਅਨਿਲ ਅੰਬਾਨੀ ਦੀ ਕੰਪਨੀ ਨੂੰ ਦਿੱਤਾ ਗਿਆ ਠੇਕਾ ਵਾਪਸ ਲਿਆ ਜਾਵੇ ਅਤੇ ਜਹਾਜ਼ਾਂ ਦੀ ਕੀਮਤ ਸਬੰਧੀ ਸਮੂਹ ਦੇਸ਼ ਵਾਸੀਆਂ ਨੂੰ ਸਹੀ ਤੱਥਾਂ ਦੀ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਲੋਕ ਸਭਾ ਇੰਚਾਰਜ ਬਿਕਰਮ ਪਹਿਲਵਾਨ, ਸਕੱਤਰ ਗੁਰਪਿੰਦਰ ਸਿੰਘ ਮਾਹਲ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹਡ਼ਾ, ਕੇ. ਪੀ. ਪਾਹਡ਼ਾ, ਅਨਿਲ ਰਾਏ, ਸਮਰਾਟ ਮਹਾਜਨ, ਗੋਲਡੀ ਭੁੰਬਲੀ, ਹਰਿੰਦਰ ਸਿੰਘ, ਗਗਨਦੀਪ ਸਿੰਘ, ਲਾਡੀ ਬੱਬੇਹਾਲੀ, ਸੋਨੀ ਬੱਬੇਹਾਲੀ, ਸਰਵਨ ਸਿੰਘ, ਕਿੰਦਾ ਪੂਰੇਵਾਲ, ਬਬਲੂ ਬੱਬੇਹਾਲੀ, ਮਲਕੀਅਤ ਸਿੰਘ, ਗਗਨ ਮਹਾਜਨ ਆਦਿ ਹਾਜ਼ਰ ਸਨ।
ਯੂਥ ਕਾਂਗਰਸੀਆਂ ਨੇ ਫੂਕਿਆ ਨਰਿੰਦਰ ਮੋਦੀ ਦਾ ਪੁਤਲਾ
NEXT STORY