ਅੰਮ੍ਰਿਤਸਰ (ਇੰਦਰਜੀਤ) - ਐਕਸਾਈਜ਼ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਨੇ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਇਕ ਪ੍ਰਾਈਵੇਟ ਬੱਸ 'ਚੋਂ 66 ਲੱਖ ਦੇ ਸੋਨੇ ਦੇ ਗਹਿਣੇ ਅਤੇ ਸਵਾ ਲੱਖ ਦੇ ਆਟੋ ਸਪੇਅਰ ਪਾਰਟਸ ਬਰਾਮਦ ਕੀਤੇ ਹਨ। ਮਾਲ ਦੇ ਦਸਤਾਵੇਜ਼ ਨਾ ਮਿਲਣ 'ਤੇ ਵਿਭਾਗ ਨੇ ਬਰਾਮਦ ਕੀਤੀ ਗਈ ਖੇਪ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮਾਲ ਦੀ ਡਲਿਵਰੀ ਅੰਮ੍ਰਿਤਸਰ ਦੇ ਵਪਾਰੀਆਂ ਨੂੰ ਦਿੱਤੀ ਜਾਣ ਵਾਲੀ ਸੀ ਪਰ ਮਾਲ ਲਿਆਉਣ ਵਾਲੀ ਬੱਸ ਨੂੰ ਸਿਲੋਰ ਖੇਤਰ ਵਿਚ ਘੇਰ ਲਿਆ ਗਿਆ।
ਜਾਣਕਾਰੀ ਅਨੁਸਾਰ ਮੋਬਾਇਲ ਵਿੰਗ ਦੇ ਡਿਪਟੀ ਕਮਿਸ਼ਨਰ ਐੱਚ. ਪੀ. ਐੱਸ. ਗੋਤਰਾ ਨੂੰ ਸੂਚਨਾ ਮਿਲੀ ਸੀ ਕਿ ਗੁਜਰਾਤ ਦੇ ਸੂਰਤ ਤੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣਿਆਂ ਦੀ ਖੇਪ ਪ੍ਰਾਈਵੇਟ ਬੱਸ ਵਿਚ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਹੈ, ਇਥੋਂ ਸੋਨੇ ਦੇ ਗਹਿਣੇ ਅਤੇ ਆਟੋ ਸਪੇਅਰ ਪਾਰਟਸ ਦੀ ਡਲਿਵਰੀ ਅੰਮ੍ਰਿਤਸਰ ਦੇ ਵਪਾਰੀਆਂ ਨੂੰ ਦਿੱਤੀ ਜਾਵੇਗੀ। ਜਾਣਕਾਰੀ ਮਿਲਦੇ ਹੀ ਐਤਵਾਰ ਦੀ ਦੁਪਹਿਰ ਮੋਬਾਇਲ ਵਿੰਗ ਨੇ ਈ. ਟੀ. ਓ. ਪਵਨ ਕੁਮਾਰ ਦੀ ਅਗਵਾਈ 'ਚ ਟ੍ਰੈਪ ਲਾਇਆ ਤੇ ਸਿਲੋਰ ਤੋਂ ਅੰਮ੍ਰਿਤਸਰ ਨੂੰ ਆਉਂਦੀ ਬੱਸ ਨੂੰ ਘੇਰ ਲਿਆ। ਬੱਸ ਦੀ ਛਾਣਬੀਣ ਉਪਰੰਤ ਉਸ 'ਚੋਂ 11 ਪੈਕੇਟ ਸੋਨੇ ਦੇ ਬਰਾਮਦ ਹੋਏ ਅਤੇ ਡਿੱਕੀ 'ਚੋਂ ਸਪੇਅਰ ਪਾਰਟਸ ਦੀ ਬਰਾਮਦਗੀ ਹੋਈ, ਜੋ ਕਾਰਾਂ ਦੇ ਦੱਸੇ ਜਾਂਦੇ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਐੱਚ. ਐੱਸ. ਪੀ. ਐੱਸ. ਗੋਤਰਾ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸਾਮਾਨ ਤੇ ਪੂਰੀ ਵੈਲਿਊਏਸ਼ਨ ਦੇ ਆਧਾਰ 'ਤੇ ਜੁਰਮਾਨਾ ਕੀਤਾ ਜਾਵੇਗਾ। ਬਰਾਮਦ ਕੀਤੇ ਗਏ ਮਾਲ ਵਿਚ ਆਟੋ ਪਾਰਟਸ 'ਤੇ 28 ਫ਼ੀਸਦੀ ਟੈਕਸ ਦੀ ਦਰ ਲੱਗਦੀ ਹੈ, ਜਦੋਂ ਕਿ ਸੋਨੇ ਦੇ ਗਹਿਣਿਆਂ 'ਤੇ 3 ਫ਼ੀਸਦੀ ਟੈਕਸ ਹੈ। ਵਿਭਾਗ ਮਾਲ ਦੀ ਕੀਮਤ ਅਨੁਸਾਰ ਪਨੈਲਟੀ ਅਤੇ ਟੈਕਸ ਵਸੂਲ ਕਰੇਗਾ, ਫਿਲਹਾਲ ਮਾਲ ਦੀ ਵੈਲਿਊਏਸ਼ਨ ਕੀਤੀ ਜਾ ਰਹੀ ਹੈ।
ਸਤਨੌਰ ਰੇਲਵੇ ਸਟੇਸ਼ਨ 'ਤੇ ਰੈਲੀ 13 ਨੂੰ, 35 ਮੈਂਬਰੀ ਐਕਸ਼ਨ ਕਮੇਟੀ ਬਣਾਈ
NEXT STORY