ਰਾਜਪੁਰਾ (ਨਿਰਦੋਸ਼, ਚਾਵਲਾ)—ਇਥੋਂ ਨੇੜਲੇ ਪਿੰਡ ਖੇੜੀ ਗੰਡਿਆਂ ਤੋਂ 22 ਜੁਲਾਈ ਦੀ ਰਾਤ ਨੂੰ ਲਾਪਤਾ ਹੋਏ 2 ਭਰਾਵਾਂ ਦਾ ਅਜੇ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਨੇ ਪਿੰਡ ਅਤੇ ਨਹਿਰ 'ਤੇ ਤਲਾਸ਼ੀ ਮੁਹਿੰਮ ਚਲਾ ਕੇ ਬੱਚਿਆਂ ਦੀ ਭਾਲ ਕੀਤੀ। ਅਜੇ ਤੱਕ ਉਨ੍ਹਾਂ ਦੇ ਹੱਥ ਕੁੱਝ ਨਹੀਂ ਲੱਗਾ। ਬੱਚਿਆਂ ਦਾ ਸੁਰਾਗ ਦੇਣ ਵਾਲੇ ਨੂੰ ਢਾਈ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪਿੰਡ ਖੇੜੀ ਗੰਡਿਆਂ ਵਾਸੀ ਦੀਦਾਰ ਸਿੰਘ ਦੇ 2 ਬੱਚੇ ਜਸ਼ਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (6) ਜੁਲਾਈ ਦੀ ਰਾਤ ਨੂੰ ਲਾਪਤਾ ਹੋ ਗਏ ਸਨ। ਪਰਿਵਾਰ ਵਾਲਿਆਂ ਨੇ ਬੱਚਿਆਂ ਦੇ ਅਗਵਾ ਹੋਣ ਦੀ ਗੱਲ ਕਹੀ ਸੀ। ਇਨ੍ਹਾਂ ਨੇ ਬੱਚਿਆਂ ਦੀ ਭਾਲ ਵਿਚ ਪੁਲਸ ਵੱਲੋਂ ਢਿੱਲਮੱਠ ਕੀਤੀ ਜਾਣ ਕਾਰਣ ਰਾਜਪੁਰਾ-ਪਟਿਆਲਾ ਰੋਡ ਜਾਮ ਕਰ ਦਿੱਤਾ ਸੀ। 27 ਜੁਲਾਈ ਨੂੰ ਭਾਖੜਾ-ਨਰਵਾਣਾ ਬ੍ਰਾਂਚ ਨਹਿਰ ਜੋ ਪਿੰਡ ਖੇੜੀ ਗੰਡਿਆਂ ਨੇੜੇ ਲਗਦੀ ਹੈ, ਦੇ ਸਰਾਲਾ ਹੈੱਡ ਤੋਂ ਇਕ ਬੱਚੇ ਦੀ ਲਾਸ਼ ਮਿਲੀ ਸੀ। ਪੁਲਸ ਨੇ ਇਸ ਨੂੰ ਲਾਪਤਾ ਬੱਚੇ ਦੀ ਲਾਸ਼ ਸਮਝ ਕੇ ਪੋਸਟਮਾਰਟਮ ਅਤੇ ਡੀ. ਐੱਨ. ਏ. ਟੈਸਟ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਸੀ ਪਰ ਉੱਥੇ ਲਾਪਤਾ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਵੇਖ ਕੇ ਕਿਹਾ ਕਿ ਇਹ ਲਾਸ਼ ਉਨ੍ਹਾਂ ਦੇ ਬੱਚੇ ਦੀ ਨਹੀਂ । ਪੁਲਸ ਨੂੰ ਲਾਪਤਾ ਬੱਚਿਆਂ ਦੀ ਤਲਾਸ਼ ਲਈ ਫਿਰ ਤੋਂ ਸਰਚ ਤਲਾਸ਼ੀ ਮੁਹਿੰਮ ਸ਼ੁਰੂ ਕਰਨੀ ਪਈ। ਪਰਿਵਾਰ ਵਾਲਿਆਂ ਵੱਲੋਂ ਬੱਚਿਆਂ ਦਾ ਸੁਰਾਗ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦੇ ਇਨਾਮ ਦੇ ਪੋਸਟਰ ਪਿੰਡਾਂ ਵਿਚ ਲਵਾਏ ਗਏ ਹਨ। ਨਾਲ ਹੀ ਪਿੰਡ ਦੇ ਉਦਯੋਗਪਤੀ ਪ੍ਰਦੀਪ ਕੁਮਾਰ ਨੇ ਇਕ ਲੱਖ ਰੁਪਏ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਵੱਲੋਂ ਅਤੇ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਨੇ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਓਧਰ ਕੱਲ ਦੇਰ ਸ਼ਾਮ ਪੁਲਸ ਨੇ ਪਿੰਡ ਵਿਚ ਫਿਰ ਤੋਂ ਤਲਾਸ਼ੀ ਮੁਹਿੰਮ ਚਲਾਈ ਹੈ। ਪਿੰਡ ਦੇ ਚੱਪੇ-ਚੱਪੇ ਉੱਤੇ ਪੁਲਸ ਤਾਇਨਾਤ ਹੈ। ਅੱਜ ਪੁਲਸ ਦੇ ਵੱਡੇ ਅਫਸਰ ਜਿਨ੍ਹਾਂ ਵਿਚ 3 ਐੱਸ. ਪੀ. ਅਤੇ 5 ਡੀ. ਐੱਸ. ਪੀ. ਸ਼ਾਮਲ ਹਨ, ਦੀ ਟੀਮ ਦੀ ਤਲਾਸ਼ੀ ਦੀ ਰਣਨੀਤੀ ਬਣਾਉਣ ਲਈ ਇਕ ਬੈਠਕ ਹੋਈ। ਅੱਜ ਪੁਲਸ ਨੇ ਭਾਖੜਾ-ਨਰਵਾਣਾ ਨਹਿਰ 'ਤੇ ਗੋਤਾਖੋਰਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ। ਇਸ ਸਬੰਧ ਵਿਚ ਡੀ. ਐੱਸ. ਪੀ. ਸਪੈਸ਼ਲ ਬਰਾਂਚ ਪਟਿਆਲਾ ਕ੍ਰਿਸ਼ਨ ਕੁਮਾਰ ਪੈਂਥੇ ਨੇ ਦੱਸਿਆ ਕਿ ਪੁਲਸ ਵੱਲੋਂ ਕੱਲ ਦੇਰ ਸ਼ਾਮ ਪਿੰਡ ਦੇ ਇਲਾਵਾ ਬੇਅਬਾਦ ਖੰਡਰ ਮਕਾਨਾਂ ਵਿਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਅੱਜ ਪੁਲਸ ਦੀਆਂ ਟੀਮਾਂ ਨੇ ਨਹਿਰ ਅਤੇ ਰੋਪੜ, ਫਤਿਹਗੜ੍ਹ ਸਾਹਿਬ, ਸਰਾਲਾ ਹੈੱਡ, ਜਨਸੂਈ ਹੈੱਡ, ਝਾਂਸਾ ਹੈੱਡ ਅਤੇ ਗੋਤਾਖੋਰਾਂ ਨੂੰ ਨਾਲ ਲੈ ਕੇ ਸਰਚ ਕੀਤੀ। ਜਾਣਕਾਰੀ ਮੁਤਾਬਕ ਪੁਲਸ ਕਈ ਪਹਿਲੂਆਂ 'ਤੇ ਕੰਮ ਕਰ ਰਹੀ ਹੈ। ਹੁਣ ਪਿੰਡ ਦੇ ਵਾਹਨਾਂ ਦੀ ਵੀ ਸਰਚ ਕੀਤੀ ਜਾ ਰਹੀ ਹੈ ਕਿ ਉਸ ਰਾਤ ਨੂੰ ਕਿਹੜਾ ਵਾਹਨ ਪਿੰਡ ਤੋਂ ਬਾਹਰ ਗਿਆ ਸੀ ਅਤੇ ਕਿਹੜਾ ਪਿੰਡ ਵਿਚ ਆਇਆ ਸੀ? ਉਸ ਦੇ ਲਈ ਟੋਲ ਪਲਾਜ਼ਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਬੱਚਿਆਂ ਦੇ ਨੇ ਮਿਲਣ ਕਾਰਣ ਪਰਿਵਾਰ ਵਾਲਿਆਂ ਅਤੇ ਪਿੰਡ ਵਾਲਿਆਂ ਵਿਚ ਰੋਸ ਵਧਦਾ ਜਾ ਰਿਹਾ ਹੈ।
ਬੀਜਾ ਨੈਸ਼ਨਲ ਹਾਈਵੇਅ 'ਤੇ ਔਰਤ ਦਾ ਗੋਲੀ ਮਾਰ ਕੇ ਕਤਲ
NEXT STORY