ਅਜੀਤਵਾਲ (ਗਰੋਵਰ/ਰੱਤੀ) - ਪਿੰਡ ਕੋਕਰੀ ਕਲਾਂ ਵਿਖੇ ਵਾਰਡ ਨੰਬਰ-1 ਦੀ ਪੱਤੀ ਨੰਗਲ 'ਚੋਂ ਨਿਕਲਦੀ ਲਿੰਕ ਸੜਕ 'ਤੇ ਪਏ ਵੱਡੇ ਟੋਇਆਂ ਵਿਚ ਖੜ੍ਹੇ ਮੀਂਹ ਦੇ ਗੰਦੇ ਪਾਣੀ ਕਾਰਨ ਵਾਰਡ ਵਾਸੀਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਸ ਸਬੰਧੀ ਸਥਾਨਕ ਵਾਸੀਆਂ ਕਮਲਜੀਤ ਸਿੰਘ, ਚਮਕੌਰ ਸਿੰਘ, ਕੇਸਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਸਿਕੰਦਰ ਸਿੰਘ, ਬਿੱਟਾ ਸਿੰਘ, ਗੱਗੀ ਸਿੰਘ, ਲਵਪ੍ਰੀਤ ਸਿੰਘ ਤੇ ਬਿੱਕਾ ਸਿੰਘ ਨੇ ਦੱਸਿਆ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਗੰਦਾ ਪਾਣੀ ਇਸ ਸੜਕ 'ਤੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਇੱਥੇ ਮੱਛਰ, ਮੱਖੀਆਂ ਪਲ ਰਹੇ ਹਨ ਤੇ ਸਕੂਲ ਜਾਣ ਸਮੇਂ ਬੱਚਿਆਂ ਅਤੇ ਰਾਹਗੀਰਾਂ ਦੀਆਂ ਜ਼ਰੂਰਤਾਂ ਲਈ ਵੀ ਸਾਨੂੰ ਇਸੇ ਗੰਦੇ ਪਾਣੀ 'ਚੋਂ ਲੰਘਣਾ ਪੈਂਦਾ ਹੈ। ਹਰ ਵੇਲੇ ਗੰਦੇ ਪਾਣੀ ਤੋਂ ਫੈਲਣ ਵਾਲੀਆਂ ਭਿਆਨਕ ਬੀਮਾਰੀਆਂ ਦੇ ਡਰ ਦੀ ਤਲਵਾਰ ਲਟਕਦੀ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਕਈ ਵਾਰ ਦੋਪਹੀਆ ਵਾਹਨ ਇਨ੍ਹਾਂ ਟੋਇਆਂ ਵਿਚ ਡਿੱਗ ਕੇ ਆਪਣੀਆਂ ਲੱਤਾਂ-ਗੋਡੇ ਤੁੜਵਾ ਚੁੱਕੇ ਹਨ। ਪਹਿਲਾਂ ਤਾਂ ਇਹ ਸੜਕ ਉੱਚੀ ਹੋਣ ਕਰ ਕੇ ਪਾਣੀ ਦਾ ਨਿਕਾਸ ਨਾਲੀਆਂ ਰਾਹੀਂ ਹੋ ਜਾਂਦਾ ਸੀ ਪਰ ਪਿਛਲੇ ਕਈ ਦਿਨ੍ਹਾਂ ਤੋਂ ਇਸ ਸੜਕ ਤੋਂ ਲੰਘਦੇ ਮਿੱਟੀ ਨਾਲ ਭਰੇ ਟਿੱਪਰਾਂ ਨੇ ਇਸ ਸੜਕ ਦਾ ਮੂੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਇਸ ਸੜਕ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ। ਉਨ੍ਹਾਂ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਸਕੂਲ ਜਾਂਦੇ ਸਮੇਂ ਬੱਚਿਆਂ ਨਾਲ ਇਨ੍ਹਾਂ ਟਿੱਪਰਾਂ ਦੀ ਵਜਾ ਕਾਰਨ ਕੋਈ ਹਾਦਸਾ ਨਾ ਵਪਰ ਜਾਵੇ, ਇਨ੍ਹਾਂ ਟਿੱਪਰਾਂ ਦੀ ਦਹਿਸ਼ਤ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਦਾ ਘਰਾਂ 'ਚੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ।
ਇਸ ਦੌਰਾਨ ਪਿੰਡ ਵਾਸੀਆਂ ਨੇ ਜਿੱਥੇ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਉਕਤ ਸੜਕ ਤੋਂ ਇਨ੍ਹਾਂ ਟਿੱਪਰਾਂ ਦੇ ਲੰਘਣ 'ਤੇ ਰੋਕ ਲਾਉਣ ਦੀ ਮੰਗ ਕੀਤੀ, ਉੱਥੇ ਹੀ ਪੀ. ਡਬਲਿਯੂ. ਡੀ. ਮਹਿਕਮੇ ਤੋਂ ਸੜਕ ਦੀ ਰਿਪੇਅਰ ਕਰਨ ਦੀ ਮੰਗ ਕੀਤੀ। ਜਦੋਂ ਇਸ ਸਬੰਧੀ ਐੱਸ. ਡੀ. ਓ. ਸੋਢੀ ਰਾਮ ਬੈਂਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਵਾਲਿਆਂ ਦੇ ਟਰਾਲਿਆਂ (ਟਿੱਪਰ) ਨੇ ਜੇਕਰ ਇਸ ਸੜਕ ਨੂੰ ਨੁਕਸਾਨ ਪਹੰਚਾਇਆ ਹੈ ਤਾਂ ਉਨ੍ਹਾਂ ਤੋਂ ਹੀ ਇਸ ਸੜਕ ਦੀ ਰਿਪੇਅਰ ਕਰਵਾਈ ਜਾਵੇਗੀ। ਉਪਰੰਤ ਇਸ ਸੜਕ ਤੋਂ ਟਿੱਪਰਾਂ ਦਾ ਲੰਘਣਾ ਬੰਦ ਕੀਤਾ ਜਾਵੇਗਾ।
ਪਿਮਸ 'ਚ ਸੀ. ਟੀ. ਸਕੈਨ ਘਪਲਾ
NEXT STORY