ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਚੰਡੀਗੜ੍ਹ ਬਿਜਲੀ ਵਿਭਾਗ, ਜੋ ਕਿ ਇਸ ਵੇਲੇ ਮੁਨਾਫ਼ੇ 'ਚ ਚੱਲ ਰਿਹਾ ਹੈ, ਦੇ ਨਿੱਜੀਕਰਨ ਦਾ ਫ਼ੈਸਲਾ ਭਾਜਪਾ ਦੀ ਲੋਕ ਵਿਰੋਧੀ ਨੀਤੀ ਅਤੇ ਦੇਸ਼ ਵੇਚਣ ਦੀ ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ 200 ਕਰੋੜ ਤੋਂ ਵੱਧ ਦੇ ਮੁਨਾਫ਼ੇ ਵਿੱਚ ਚੱਲ ਰਹੇ ਸਰਕਾਰੀ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਪਿੱਛੇ ਕੋਈ ਤਰਕ ਨਹੀਂ ਦਿਖਾਈ ਦਿੰਦਾ ਪਰ ਭਾਜਪਾ ਸਰਕਾਰ ਇਕ ਵਾਰ ਫਿਰ ਆਮ ਲੋਕਾਂ ਦੀ ਬਲੀ ਚੜ੍ਹਾ ਕੇ ਆਪਣੇ 'ਕਾਰਪੋਰੇਟ ਫਰੈਂਡਸ' ਨੂੰ ਫਾਇਦਾ ਦੇਣ ਵਿੱਚ ਲੱਗੀ ਹੈ। ਚੀਮਾ ਨੇ ਕਿਹਾ ਕਿ ਇਹ ਦੇਸ਼ ਦੇ ਕਿਸੇ ਇਕ ਸਰਕਾਰੀ ਅਦਾਰੇ ਜਾਂ ਇਕ ਸੂਬੇ ਦੀ ਗੱਲ ਨਹੀਂ ਹੈ। ਪਿਛਲੇ ਕੁੱਝ ਸਾਲਾਂ ਤੋਂ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਰ ਸਰਕਾਰੀ ਅਦਾਰਾ ਆਪਣੇ ਚਹੇਤਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਹੈ, ਉਹ ਚਿੰਤਾਜਨਕ ਹੈ ਅਤੇ ਲੋਕਾਂ ਨੂੰ ਇਕਸੁਰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ‘ਅਪਕਮਿੰਗ ਸਰਕਾਰ’ ਨੂੰ ਲੈ ਕੇ ਸ਼ਸ਼ੋਪੰਜ ’ਚ ਅਫ਼ਸਰਸ਼ਾਹੀ
ਚੀਮਾ ਨੇ ਏਅਰਲਾਈਨਜ਼, ਐੱਲ. ਆਈ. ਸੀ., ਰੇਲਵੇ, ਬੈਂਕ, ਟੈਲੀਕਮਿਊਨੀਕੇਸ਼ਨ ਆਦਿ ਦੇ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਐੱਨ. ਡੀ. ਏ. ਸਰਕਾਰ ਦੀ ਇਸ ਨੀਤੀ ਨੂੰ ਠੱਲ੍ਹ ਨਾ ਪਾਈ ਗਈ ਤਾਂ ਇਹ ਦੇਸ਼ ਲਈ ਘਾਤਕ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਦੇਖਿਆ ਕਿ ਨਿੱਜੀ ਖ਼ੇਤਰ ਕਿਸ ਤਰ੍ਹਾਂ ਬਿਨਾਂ ਲੋਕਾਂ ਦੀ ਪ੍ਰਵਾਹ ਕੀਤੇ ਆਪਣੇ ਫ਼ਾਇਦੇ ਲਈ ਕੰਮ ਕਰਦਾ ਹੈ। ਇਸ ਲਈ ਕੁੱਝ ਅਦਾਰੇ ਸਰਕਾਰੀ ਰੱਖੇ ਗਏ ਹਨ, ਜਿੱਥੇ ਲੋਕ ਟੈਕਸ ਭਰਦੇ ਹਨ ਅਤੇ ਬਦਲੇ 'ਚ ਸਰਕਾਰ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਭਾਜਪਾ ਸਰਕਾਰ ਨੇ ਆਮ ਲੋਕਾਂ 'ਤੇ ਟੈਕਸ ਦਾ ਬੋਝ ਲਗਾਤਾਰ ਵਧਾਇਆ ਹੈ ਅਤੇ ਜਦੋਂ ਉਸ ਟੈਕਸ ਦੀ ਵਰਤੋਂ ਲੋਕਾਂ ਲਈ ਕਰਨ ਦੀ ਵਾਰੀ ਆਉਂਦੀ ਹੈ ਤਾਂ ਅਦਾਰੇ ਪ੍ਰਾਈਵੇਟ ਕਰਕੇ ਲੋਕ ਵਿਰੋਧੀ ਪਾਰਟੀਆਂ ਆਪਣਾ ਪੱਲਾ ਛੁਡਾ ਲੈਂਦੀਆਂ ਹਨ। ਕਾਂਗਰਸ ਤੇ ਅਕਾਲੀ ਦਲ ਵੀ ਭਾਜਪਾ ਵਾਂਗ ਹਮੇਸ਼ਾ ਨਿੱਜੀਕਰਨ ਦੇ ਹੱਕ ਵਿੱਚ ਤੇ ਆਮ ਲੋਕਾਂ ਦੇ ਵਿਰੋਧ ਵਿੱਚ ਭੁਗਤੀਆਂ ਹਨ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਦਿੱਤੀ ਪੈਰੋਲ ਅਤੇ Z-plus ਸੁਰੱਖਿਆ 'ਤੇ SGPC ਪ੍ਰਧਾਨ ਧਾਮੀ ਨੇ ਚੁੱਕੇ ਸਵਾਲ
ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਦਾ ਬਿਜਲੀ ਵਿਭਾਗ ਵੱਡੇ ਮੁਨਾਫ਼ੇ 'ਚ ਹੋਣ ਦੇ ਬਾਵਜੂਦ ਆਪਣੀ ਅਸਲ ਕੀਮਤ ਨਾਲੋਂ ਕਿਤੇ ਘੱਟ ਰੇਟ 'ਤੇ ਵੇਚਿਆ ਜਾ ਰਿਹਾ ਹੈ, ਇਸੇ ਤਰ੍ਹਾਂ ਕੱਲ੍ਹ ਪੰਜਾਬ ਤੇ ਬਾਕੀ ਸੂਬਿਆਂ ਦੇ ਸਰਕਾਰੀ ਅਦਾਰਿਆਂ ਨੂੰ ਹੱਥ ਪਾਇਆ ਜਾਵੇਗਾ। ਪੰਜਾਬ ਵਿੱਚ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਨੇ ਮਹਿੰਗੇ ਪੀ. ਪੀ. ਏ. (ਪਾਵਰ ਪ੍ਰਚੇਜ਼ ਐਗਰੀਮੈਂਟ) ਕੀਤੇ, ਜਿਸ ਦਾ ਖਮਿਆਜ਼ਾ ਅਜੇ ਤੱਕ ਪੰਜਾਬ ਦੇ ਲੋਕ ਭੁਗਤ ਰਹੇ ਹਨ ਅਤੇ ਉਪਰੋਂ ਚਰਨਜੀਤ ਚੰਨੀ ਦੀ ਕਾਂਗਰਸ ਸਰਕਾਰ ਨੇ ਵੀ ਉਨ੍ਹਾਂ ਨੂੰ ਰੱਦ ਕਰਨ ਦਾ ਝੂਠ ਬੋਲ ਕੇ ਲੋਕਾਂ ਨੂੰ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੋਕ ਵਿਰੋਧੀ ਪਾਰਟੀਆਂ ਸਿਰਫ਼ ਆਪਣਾ ਤੇ ਆਪਣੇ ਚੰਦ ਕਰੀਬੀਆਂ ਦਾ ਫਾਇਦਾ ਦੇਖਦੀਆਂ ਹਨ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਇਹ ਗੂੜ੍ਹੀ ਨੀਂਦ ਸੌਂ ਰਹੀਆਂ ਹਨ। ਇਸੇ ਕਰਕੇ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਟੈਕਸ ਨਾਲ ਲੋਕਾਂ ਨੂੰ ਸਹੂਲਤਾਂ ਦੇਣ ਦੀ ਮੁੜ ਪਹਿਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਤੋਂ ਨਾਰਾਜ਼ ਗੁਰਜੀਤ ਔਜਲਾ ਨੇ DGP ਨੂੰ ਲਿਖਿਆ ਪੱਤਰ, ਨਸ਼ਿਆਂ ਨੂੰ ਲੈ ਕੇ ਆਖੀ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਵੇ ਮੋਦੀ ਸਰਕਾਰ: ਭਗਵੰਤ ਮਾਨ
NEXT STORY