ਫ਼ਰੀਦਕੋਟ (ਹਾਲੀ) - ਐੱਮ. ਪੀ. ਲੈਂਡ ਸਕੀਮ ਤਹਿਤ ਜਾਰੀ ਕੀਤੀ ਗਈ ਰਾਸ਼ੀ ਦੇ 'ਵਰਤੋਂ ਸਰਟੀਫਿਕੇਟ' ਸਮੇਂ ਸਿਰ ਭੇਜਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕੇਂਦਰ ਸਰਕਾਰ ਤੋਂ ਵੱਖ-ਵੱਖ ਸਕੀਮਾਂ ਤਹਿਤ ਬਕਾਇਆ ਗ੍ਰਾਂਟ ਪ੍ਰਾਪਤ ਕੀਤੀ ਜਾ ਸਕੇ। ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਫਰੀਦਕੋਟ ਲੋਕ ਸਭਾ ਪ੍ਰੋ. ਸਾਧੂ ਸਿੰਘ ਨੇ ਜ਼ਿਲਾ ਵਿਕਾਸ ਕੋਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਕੇਸ਼ਵ ਹਿੰਗੋਨੀਆ ਮੌਜੂਦ ਸਨ।
ਪ੍ਰੋ. ਸਾਧੂ ਸਿੰਘ ਨੇ ਦੱਸਿਆ ਕਿ ਐੱਮ. ਪੀ. ਲੈਂਡ ਇਕ ਮਹੱਤਵਪੂਰਨ ਸਕੀਮ ਹੈ ਅਤੇ ਇਸ ਸਕੀਮ ਤਹਿਤ ਜ਼ਿਲਾ ਫਰੀਦਕੋਟ ਨੂੰ 722.83 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ, ਜਿਸ ਵਿਚੋਂ 718.52 ਲੱਖ ਰੁਪਏ ਜਾਰੀ ਕੀਤੇ ਹਨ ਅਤੇ 4.31 ਲੱਖ ਰੁਪਏ ਬਕਾਇਆ ਪਏ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵੱਲੋਂ 2017-18 ਤੱਕ 225.62 ਲੱਖ ਰੁਪਏ ਕਰਵਾਏ ਗਏ ਕੰਮਾਂ ਦੇ ਸਰਟੀਫਿਕੇਟ ਬਕਾਇਆ ਪਏ ਹਨ, ਜਿਨ੍ਹਾਂ ਨੂੰ ਜਲਦ ਜਮ੍ਹਾ ਕਰਵਾਉਣ ਲਈ ਕਿਹਾ।
ਉਨ੍ਹਾਂ ਦੱਸਿਆ ਇਸੇ ਤਰ੍ਹਾਂ ਮਗਨਰੇਗਾ ਸਕੀਮ ਅਧੀਨ ਸਾਲ 2017-18 ਦੌਰਾਨ ਜ਼ਿਲਾ ਫਰੀਦਕੋਟ ਦਾ 3581.21 ਲੱਖ ਰੁਪਏ ਦੀ ਲੇਬਰ ਬਜਟ ਪ੍ਰਵਾਨ ਕੀਤਾ ਗਿਆ ਸੀ, ਜਿਸ ਵਿਚ 1944.94 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਯੋਜਨਾਬੱਧ ਤਰੀਕੇ ਨਾਲ ਸੂਬੇ ਦੇ ਪਿੰਡਾਂ 'ਚ ਸੀਵਰੇਜ, ਗਲੀਆਂ-ਨਾਲੀਆਂ ਪੱਕੀਆਂ ਕਰਨ, ਰੌਸ਼ਨੀ ਦਾ ਪ੍ਰਬੰਧ, ਧਰਮਸ਼ਾਲਾਵਾਂ ਅਤੇ ਸਕੂਲਾਂ ਦੀ ਉਸਾਰੀ ਲਈ ਵਚਨਬੱਧ ਹੈ ਤਾਂ ਜੋ ਸੂਬੇ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਵਿਸ਼ਵਾਸ ਦਿਵਾਇਆ ਕਿ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮ੍ਹਾ ਕਰਵਾ ਦਿੱਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮਧੂਮਤੀ ਕੌਰ, ਐੱਸ. ਡੀ. ਐੱਮ. ਕੋਟਕਪੂਰਾ/ਜੈਤੋ ਡਾ. ਮਨਦੀਪ ਕੌਰ, ਐੱਸ. ਡੀ. ਐੱਮ. ਫ਼ਰੀਦਕੋਟ ਗੁਰਜੀਤ ਸਿੰਘ ਆਦਿ ਹਾਜ਼ਰ ਸਨ।
ਸਰਕਾਰੀ ਸਕੀਮਾਂ ਦਾ ਫਾਇਦਾ ਲੈਣ 'ਚ ਲੁਧਿਆਣਾ ਇੰਡਸਟਰੀ ਸਭ ਤੋਂ ਅੱਗੇ
NEXT STORY