ਬਠਿੰਡਾ(ਸੁਖਵਿੰਦਰ)-ਮਿੰਨੀ ਬੱਸਾਂ ਦੇ ਛੋਟੇ ਰੂਟਾਂ ਨੂੰ ਲੈ ਕੇ ਪੀ. ਆਰ. ਟੀ. ਸੀ. ਤੇ ਨਿੱਜੀ ਬੱਸ ਆਪ੍ਰੇਟਰਾਂ ਦਰਮਿਆਨ ਵੱਡੀ ਜੰਗ ਛਿੜ ਚੁਕੀ ਹੈ। ਉਕਤ ਵਿਵਾਦ ਨੂੰ ਲੈ ਕੇ ਪੀ.ਆਰ.ਟੀ.ਸੀ ਦੀਆਂ ਵੱਖ-ਵੱਖ ਯੂਨੀਅਨਾਂ ਵੱਲੋਂ ਐਕਸ਼ਨ ਕਮੇਟੀ ਦੀ ਅਗਵਾਈ 'ਚ ਮਿੰਨੀ ਬੱਸਾਂ ਦਾ ਚੱਕਾ ਜਾਮ ਰੱਖਿਆ ਗਿਆ। ਇਸ ਦੇ ਨਾਲ ਹੀ ਸਿਟੀ ਬੱਸ ਸੇਵਾ ਵੀ ਪੂਰੀ ਤਰ੍ਹਾਂ ਠੱਪ ਰੱਖੀ ਗਈ। ਮੁਲਾਜ਼ਮਾਂ ਨੇ ਬੱਸ ਸਟੈਂਡ ਵਿਖੇ ਧਰਨਾ ਦੇ ਕੇ ਵਿੱਤ ਮੰਤਰੀ ਅਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਕਤ ਸੰਘਰਸ਼ ਨੂੰ ਵੇਖਦਿਆਂ ਨਿੱਜੀ ਬੱਸ ਆਪ੍ਰੇਟਰਾਂ ਨੇ ਆਪਣੀਆਂ ਬੱਸਾਂ ਪਹਿਲਾਂ ਹੀ ਬੱਸ ਅੱਡੇ 'ਚੋਂ ਕੱਢ ਲਈਆਂ ਤੇ ਸਾਰਾ ਦਿਨ ਨਿੱਜੀ ਬੱਸਾਂ ਅੱਡੇ ਦੇ ਬਾਹਰੋਂ ਹੀ ਚਲਦੀਆਂ ਰਹੀਆਂ। ਵੱਡੀ ਗਿਣਤੀ 'ਚ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਤਣਾਅਪੂਰਨ ਹੁੰਦੇ ਵੇਖ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ। ਮੁਲਾਜ਼ਮਾਂ ਦਾ ਇਹ ਸੰਘਰਸ਼ ਵੀਰਵਾਰ ਨੂੰ ਵੀ ਜਾਰੀ ਰਹੇਗਾ।
ਜਾਣਕਾਰੀ ਅਨੁਸਾਰ ਮਿੰਨੀ ਬੱਸਾਂ ਦੇ ਛੋਟੇ ਰੂਟਾਂ ਨੂੰ ਲੈ ਐਕਸ਼ਨ ਕਮੇਟੀ ਅਤੇ ਨਿੱਜੀ ਬੱਸ ਆਪ੍ਰੇਟਰਾਂ ਖਿਲਾਫ਼ ਵੱਡੀ ਜੰਗ ਛਿੜ ਚੁਕੀ ਹੈ। ਰੋਸ ਵਜੋਂ ਪੀ.ਆਰ.ਟੀ.ਸੀ.ਮੁਲਾਜ਼ਮਾਂ ਨੇ ਬੁੱਧਵਾਰ ਨੂੰ ਸਿਟੀ ਬੱਸਾਂ ਦਾ ਚੱਕਾ ਜਾਮ ਕਰ ਕੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਵੱਲੋਂ ਪੂਰਾ ਦਿਨ ਬੱਸ ਅੱਡੇ ਅੰਦਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਦਿੰਦਿਆਂ ਪੀ. ਆਰ. ਟੀ. ਸੀ. ਕਰਮਚਾਰੀ ਦਲ ਦੇ ਪ੍ਰਧਾਨ ਅਜੀਤਪਾਲ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਣ-ਬੁੱਝ ਕੇ ਪੀ.ਆਰ.ਟੀ.ਸੀ.ਮੁਲਾਜ਼ਮਾਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਰੋਸ ਜਤਾਇਆ ਕਿ ਜਦੋਂ ਵੀ ਉਹ ਕਾਰਪੋਰੇਸ਼ਨ ਦੇ ਹੱਕ 'ਚ ਉਤਰੇ ਹਨ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਆਰ.ਟੀ.ਓ ਵੱਲੋਂ ਸਹਿਮਤੀ ਨਾਲ ਦੋਵਾਂ ਧਿਰਾਂ ਦੇ ਟਾਈਮ ਟੇਬਲ ਬਣਾਏ ਗਏ ਸਨ ਪਰ ਫਿਰ ਵੀ ਨਿੱਜੀ ਆਪ੍ਰੇਟਰ ਆਪਣੀ ਮਨਮਰਜ਼ੀ ਨਾਲ ਰੂਟ ਚਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਸਰਕਾਰੀ ਵਿਭਾਗ ਦੀ ਬਜਾਏ ਨਿੱਜੀ ਬੱਸ ਆਪ੍ਰੇਟਰਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਨਿੱਜੀ ਬੱਸਾਂ ਦੇ ਨਾਜਾਇਜ਼ ਰੂਟਾਂ ਨੂੰ ਬੰਦ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਪੰਜਾਬ ਪੱਧਰ 'ਤੇ ਤੇਜ਼ ਕੀਤਾ ਜਾਵੇਗਾ।
ਚੋਰੀ ਦੇ ਮੋਟਰਸਾਈਕਲ ਤੇ ਨਸ਼ੀਲੇ ਕੈਪਸੂਲਾਂ ਸਣੇ 3 ਕਾਬੂ
NEXT STORY