ਲੁਧਿਆਣਾ(ਸਲੂਜਾ)-ਬੀ. ਐੱਸ. ਐੱਨ. ਐੱਲ. ਵਿਭਾਗ 'ਚ ਤਾਇਨਾਤ ਸੁਰੱਖਿਆ ਮੁਲਾਜ਼ਮ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਪ੍ਰੇਸ਼ਾਨੀ ਦੇ ਆਲਮ ਵਿਚ ਰਹਿਣ ਲਈ ਮਜਬੂਰ ਹਨ। ਇੱਥੇ ਇਹ ਦੱਸ ਦੇਈਏ ਕਿ ਇਹ ਸਾਰੇ ਸੁਰੱਖਿਆ ਮੁਲਾਜ਼ਮ ਸਾਬਕਾ ਫੌਜੀ ਹਨ। ਇਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੇ ਅੱਜ ਬੀ. ਐੱਸ. ਐੱਨ. ਐੱਲ. ਵਿਭਾਗ ਦੇ ਭਾਰਤ ਨਗਰ ਚੌਕ ਸਥਿਤ ਦਫਤਰ ਅੱਗੇ ਧਰਨਾ ਦਿੰਦਿਆਂ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਸਾਬਕਾ ਫੌਜੀਆਂ ਕਰਨੈਲ ਸਿੰਘ, ਸੇਵਾ ਸਿੰਘ, ਭਜਨ ਸਿੰਘ ਅਤੇ ਸੇਵਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਤਨਖਾਹ ਜਾਰੀ ਕਰਵਾਉਣ ਲਈ ਕਈ ਮਹੀਨਿਆਂ ਤੋਂ ਲਗਾਤਾਰ ਸਬੰਧਤ ਦਫਤਰ ਦੇ ਚੱਕਰ ਕੱਟਣ ਲਈ ਮਜਬੂਰ ਹਨ ਪਰ ਨਾ ਤਾਂ ਠੇਕੇਦਾਰ ਅਤੇ ਨਾ ਹੀ ਵਿਭਾਗ ਦਾ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੈ। ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਾਲਤ ਡਗਮਗਾ ਗਈ ਹੈ। ਇਕ ਤਾਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲਦੀ, ਉੱਪਰੋਂ ਵਿਭਾਗ ਵੱਲੋਂ ਲਗਾਤਾਰ ਸੁਰੱਖਿਆ ਮੁਲਾਜ਼ਮਾਂ ਦੀ ਛਾਂਟੀ ਕਰ ਕੇ ਕਹਿਰ ਢਾਹਿਆ ਜਾ ਰਿਹਾ ਹੈ। ਸੰਚਾਰ ਵਿਭਾਗ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਹੁਣ ਸੁਰੱਖਿਆ ਮੁਲਾਜ਼ਮਾਂ ਦੀ ਭਰਤੀ ਟੈਂਡਰ ਪ੍ਰਕਿਰਿਆ ਨਾਲ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਕੀਤੀ ਜਾ ਰਹੀ ਬੇ-ਇਨਸਾਫੀ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦੇਣਗੇ। ਇਸ ਮਾਮਲੇ ਸਬੰਧੀ ਜੀ. ਐੱਮ. ਟੀ. ਲੁਧਿਆਣਾ ਰਾਜ ਦੀਓ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਬਾਰੇ ਉਹ ਸਬੰਧਤ ਵਿਭਾਗ ਨੂੰ ਲਿਖਤੀ ਤੌਰ 'ਤੇ ਸੂਚਿਤ ਕਰ ਚੁੱਕੇ ਹਨ। ਇਸ ਲਈ ਆਉਣ ਵਾਲੇ ਕੁਝ ਦਿਨਾਂ 'ਚ ਹੀ ਇਨ੍ਹਾਂ ਦੀ ਤਨਖਾਹ ਜਾਰੀ ਹੋ ਜਾਵੇਗੀ।
ਗੁੰਡਾ ਟੈਕਸ ਨੂੰ ਲੈ ਕੇ ਸੁਖਬੀਰ ਨੇ ਖੋਲ੍ਹਿਆ ਮਨਪ੍ਰੀਤ ਖਿਲਾਫ ਮੋਰਚਾ
NEXT STORY