ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ 'ਤੇ ਮੁਕੰਮਲ ਕਰਜ਼ਾ ਮੁਕਤੀ ਸਣੇ ਹੋਰ ਭਖਵੀਆਂ ਮੰਗਾਂ ਦੇ ਫੌਰੀ ਹੱਲ ਲਈ ਵੀਰਵਾਰ ਨੂੰ ਦਾਣਾ ਮੰਡੀ ਵਿਖੇ ਕੀਤੀ ਗਈ ਸੁਬਾਈ ਲਲਕਾਰ ਰੈਲੀ 'ਚ ਹਜ਼ਾਰਾਂ ਔਰਤਾਂ ਸਣੇ ਕਿਸਾਨਾਂ, ਮਜ਼ਦੂਰਾਂ ਦਾ ਲਾਮਿਸਾਲ ਇਕੱਠ ਚੋਣ ਵਾਅਦਿਆਂ ਤੋਂ ਭੱਜੀ ਕੈਪਟਨ ਅਤੇ ਮੋਦੀ ਸਰਕਾਰਾਂ ਲਈ ਸੱਚੀ-ਮੁੱਚੀ ਗਰਜਵੀਂ ਲਲਕਾਰ ਹੋ ਨਿਬੜਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪ੍ਰੈੱਸ ਸਕੱਤਰ ਹਰਦੀਪ ਸਿੰਘ ਟੱਲੇਵਾਲ, ਮਹਿਲਾ ਆਗੂ ਹਰਿੰਦਰ ਕੌਰ (ਬਿੰਦੂ) ਤੋਂ ਇਲਾਵਾ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ (ਸੰਗਰੂਰ), ਰਾਮ ਸਿੰਘ ਭੈਣੀਬਾਘਾ (ਮਾਨਸਾ), ਬੁੱਕਣ ਸਿੰਘ ਸੱਦੋਵਾਲ (ਬਰਨਾਲਾ) ਅਤੇ ਅਮਰਜੀਤ ਸਿੰਘ ਸੈਦੋਕੇ (ਮੋਗਾ) ਸ਼ਾਮਲ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਸੰਗਠਨ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਨਿਭਾਈ। ਇਸ ਮੌਕੇ ਬੁਲਾਰਿਆਂ ਨੇ ਮਾਰਚ ਮਹੀਨੇ ਦੇ ਸ਼ਹੀਦਾਂ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਵਿਚਾਰਾਂ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਰਜ਼ਿਆਂ ਨਾਲ ਵਿੰਨ੍ਹੇ ਅਤੇ ਵਾਰ-ਵਾਰ ਮੁੱਕਰਦੀਆਂ ਸਰਕਾਰਾਂ ਤੋਂ ਕਰਜ਼ਾ-ਮੁਕਤੀ ਦੀ ਆਸ ਮੁਕਾ ਚੁੱਕੇ ਕਿਸਾਨ ਅਤੇ ਖੇਤ ਮਜ਼ਦੂਰ ਧੜਾ-ਧੜ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਅਣ-ਆਈਆਂ ਲੱਖਾਂ ਮੌਤਾਂ ਲਈ ਸਰਕਾਰਾਂ ਜ਼ਿੰਮੇਵਾਰ ਹਨ, ਜਿਨ੍ਹਾਂ ਦੀਆਂ ਕਿਸਾਨ-ਵਿਰੋਧੀ ਨੀਤੀਆਂ ਨੇ ਖੇਤੀ ਨੂੰ ਬੇਹੱਦ ਘਾਟੇਵੰਦ ਕਿੱਤਾ ਬਣਾ ਦਿੱਤਾ ਹੈ। ਕਿਸਾਨਾਂ-ਮਜ਼ਦੂਰਾਂ ਸਣੇ ਸਾਰੇ ਕਿਰਤੀਆਂ 'ਤੇ ਜੀ. ਐੱਸ. ਟੀ. ਵਰਗੇ ਭਾਰੀ ਟੈਕਸ ਮੜੇ ਜਾਂਦੇ ਹਨ। ਖੇਤੀ ਮੋਟਰਾਂ 'ਤੇ ਮੀਟਰ ਲਾ ਕੇ ਮੁਫ਼ਤ ਬਿਜਲੀ ਸਬਸਿਡੀ ਖੋਹਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਇਕੱਠ ਵੱਲੋਂ ਮਤਾ ਪਾਸ ਕਰ ਕੇ ਪੱਕੇ ਰੋਜ਼ਗਾਰ ਲਈ ਜੂਝ ਰਹੇ ਠੇਕਾ ਕਾਮਿਆਂ, ਨੌਕਰੀਓਂ ਕੱਢੇ ਥਰਮਲ ਕਾਮਿਆਂ ਅਤੇ ਬਿਜਲੀ ਕਾਮਿਆਂ ਦੇ ਸਾਂਝੇ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਅਤੇ 15 ਮਾਰਚ ਦੇ ਪਟਿਆਲਾ ਧਰਨੇ 'ਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। 3 ਅਪ੍ਰੈਲ ਨੂੰ ਚੰਡੀਗੜ੍ਹ 'ਚ 7 ਜਥੇਬੰਦੀਆਂ ਦੀ ਸਾਂਝੀ ਕਰਜ਼ਾ–ਮੁਕਤੀ ਰੈਲੀ 'ਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਕੱਠ ਨੂੰ ਇਨਕਲਾਬੀ ਨਾਟਕਕਾਰ ਗੁਰਸ਼ਰਨ ਜੀ ਦੀ ਬੇਟੀ ਨਵਸ਼ਰਨ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਮੋਢਾ ਲਾ ਕੇ ਸੰਘਰਸ਼ ਲਈ ਪ੍ਰੇਰਿਆ। ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ 'ਚ ਇਨਕਲਾਬੀ ਕੋਰੀਓਗ੍ਰਾਫੀ 'ਚੱਲ ਰਿਹੈ ਸੰਗਰਾਮ' ਚੇਤਨਾ ਕਲਾ ਕੇਂਦਰ ਬਰਨਾਲਾ ਵੱਲੋਂ ਪੇਸ਼ ਕੀਤੀ ਗਈ। ਇਨਕਲਾਬੀ ਗੀਤਕਾਰਾਂ ਜੁਗਰਾਜ ਧੌਲਾ, ਅਜਮੇਰ ਅਕਾਲੀਆ, ਮਿੱਠੂ ਕਿਲਾਭਰੀਆਂ ਅਤੇ ਪ੍ਰਭਜੋਤ ਕੌਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਮੰਗਾਂ ਦੀ ਅਣਦੇਖੀ ਖਿਲਾਫ ਫੂਕੇ ਪੰਜਾਬ ਸਰਕਾਰ ਦੇ ਪੁਤਲੇ
NEXT STORY