ਦੀਨਾਨਗਰ (ਕਪੂਰ) - ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਿਰੁੱਧ ਆਪਣੀਆਂ ਮੰਗਾਂ ਦੇ ਸਮਰਥਨ 'ਚ ਅੱਜ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀ ਦੁਸਹਿਰਾ ਗਰਾਊਂਡ ਵਿਖੇ ਮਹਾਰੈਲੀ ਵਜੋਂ ਮਿੱਥੇ ਗਏ ਪ੍ਰੋਗਰਾਮ ਦੀ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਨਾ ਮਿਲਣ 'ਤੇ ਦੀਨਾਨਗਰ ਦੇ ਪਿੰਡ ਝੰਡੇਚੱਕ ਵਿਖੇ ਜੇ. ਪੀ. ਢਾਬੇ ਨੇੜੇ ਅਧਿਆਪਕਾਂ ਵੱਲੋਂ ਰੋਸ ਰੈਲੀ ਸ਼ੁਰੂ ਕਰ ਦਿੱਤੀ ਗਈ, ਜਿਸ ਵਿਚ ਸੂਬੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਧਿਆਪਕਾਂ ਦੇ ਮਾਮਲਿਆਂ ਨੂੰ ਤੁਰੰਤ ਹੱਲ ਨਾ ਕਰਨ ਦੀ ਸੂਰਤ ਵਿਚ 2 ਅਪ੍ਰੈਲ ਤੋਂ ਬਾਅਦ ਸਿਲੇਬਸ ਅਨੁਸਾਰ ਹੀ ਪੜ੍ਹਾਈ ਕਰਵਾਉਣ ਤੇ ਪੜ੍ਹੋ ਪੰਜਾਬ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ ਕਰਨ ਦੀ ਚਿਤਾਵਨੀ ਵੀ ਦਿੱਤੀ। ਸਵੇਰੇ 11:45 ਤੋਂ 3:30 ਵਜੇ ਤੱਕ ਸਟੇਟ ਹਾਈਵੇ 'ਤੇ ਰੈਲੀ ਕਰਨ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲਿਆਂ ਤੋਂ ਆਏ ਅਧਿਆਪਕ ਰੋਸ ਮਾਰਚ ਕੱਢਦੇ ਹੋਏ ਬਹਿਰਾਮਪੁਰ ਰੋਡ ਵਿਖੇ ਸਿੱਖਿਆ ਮੰਤਰੀ ਦੇ ਨਿਵਾਸ ਦੇ ਨੇੜੇ ਪਹੁੰਚ ਕੇ ਧਰਨੇ 'ਤੇ ਬੈਠ ਗਏ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਰੋਸ ਰੈਲੀ 'ਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਅਧਿਆਪਕਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਸਿੱਧੂ, ਹਰਜਿੰਦਰਪਾਲ ਸਿੰਘ ਪੰਨੂ, ਸੁਦਰਸ਼ਨ ਸਿੰਘ ਬਠਿੰਡਾ, ਬਲਦੇਵ ਸਿੰਘ ਬੁੱਟਰ, ਈਸ਼ਰ ਸਿੰਘ ਮੰਝਪੁਰ, ਅਮਰਜੀਤ ਸਿੰਘ ਕੰਬੋਜ, ਜਗਸੀਰ ਸਿੰਘ ਘਾਰੂ, ਸੁਖਚੈਨ ਸਿੰਘ ਗੁਰਨੇ, ਦਵਿੰਦਰ ਸਿੰਘ ਮੁਕਤਸਰ, ਮੱਖਣ ਸਿੰਘ ਤੋਲੇਵਾਲ, ਨਿਸ਼ਾਂਤ ਕੁਮਾਰ ਤੇ ਕੇ. ਦੀਪ ਛੀਨਾ ਨੇ ਕਿਹਾ ਕਿ ਇਹ ਸੰਘਰਸ਼ 7 ਸਾਲਾਂ ਬਾਅਦ ਹਰੇਕ ਅਧਿਆਪਕ ਦਾ ਤਬਾਦਲਾ ਕਰਨ ਤੇ 3 ਸਾਲਾਂ ਤੱਕ ਬਦਲੀ ਅਪਲਾਈ ਨਾ ਕਰਨ ਦੀ ਨੀਤੀ ਨੂੰ ਰੱਦ ਕਰਵਾਉਣ, ਟੈੱਟ ਪਾਸ ਈ. ਟੀ. ਟੀ. ਅਧਿਆਪਕਾਂ, ਸਿੱਖਿਆ ਪ੍ਰੋਵਾਈਡਰ, ਐੱਸ. ਟੀ. ਆਰ./ਈ. ਜੀ. ਐੱਸ. ਏ./ਆਈ. ਈ./ਆਈ. ਈ. ਵੀ. ਨੂੰ ਰੈਗੂਲਰ ਕਰਵਾਉਣ, ਐੱਸ. ਐੱਸ. ਏ./ਰਮਸਾ ਅਧਿਆਪਕਾਂ ਅਤੇ ਐੱਸ. ਐੱਸ. ਏ. ਨਾਨ-ਟੀਚਿੰਗ, ਕੰਪਿਊਟਰ ਅਧਿਆਪਕਾਂ ਨੂੰ 5178, ਆਈ. ਈ. ਡੀ. ਅਧਿਆਪਕਾਂ ਨੂੰ 10300 ਲਿਆਉਣ ਦੀ ਬਜਾਏ ਪੂਰੇ ਗ੍ਰੇਡ 'ਤੇ ਰੈਗੂਲਰ ਕਰਵਾਉਣ ਆਦਿ ਮੰਗਾਂ ਨੂੰ ਮਨਜ਼ੂਰ ਕਰਨ ਲਈ ਕੀਤਾ ਗਿਆ। ਇਸ ਮੌਕੇ ਗੁਰਿੰਦਰ ਸਿੰਘ ਘੁੱਕੇਵਾਲੀ, ਸਤਬੀਰ ਸਿੰਘ ਬੋਪਾਰਾਏ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
39 ਮ੍ਰਿਤਕ ਭਾਰਤੀਆਂ ਦੇ ਪਰਿਵਾਰਾਂ ਨੂੰ 1-1 ਕਰੋੜ ਦੀ ਮਦਦ ਦੇਵੇ ਕੇਂਦਰ ਸਰਕਾਰ : ਬਾਜਵਾ
NEXT STORY