ਸਮਾਣਾ (ਦਰਦ, ਅਨੇਜਾ) - ਪਿੰਡ ਕੁਲਬੁਰਛਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕਾਂ ਦੀ ਆਪਸੀ ਰੰਜਿਸ਼ ਤੇ ਸਕੂਲੀ ਬੱਚਿਆਂ ਨਾਲ ਕੀਤੇ ਜਾ ਰਹੇ ਪੱਖਪਾਤੀ ਰਵੱਈਏ ਦੀ ਸਿੱਖਿਆ ਸਕੱਤਰ ਨੂੰ ਪੰਚਾਇਤ ਤੇ ਹੋਰਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਪ੍ਰਿੰਸੀਪਲ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਿਚ ਸਕੂਲ ਮੁਖੀ ਦੀ ਰਿਪੋਰਟ 'ਤੇ ਡੀ. ਪੀ. ਆਈ. ਵੱਲੋਂ ਸਸਪੈਂਡ ਕੀਤੇ ਦੋ ਅਧਿਆਪਕਾਂ ਨੂੰ ਬਹਾਲ ਕਰਵਾਉਣ ਲਈ 4 ਪਿੰਡਾਂ ਦੇ ਸੈਂਕੜੇ ਲੋਕਾਂ ਅਤੇ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਸਕੂਲ ਅੱਗੇ ਰੋਸ ਧਰਨਾ ਲਾ ਦਿੱਤਾ।
ਭੜਕੇ ਲੋਕਾਂ ਦੇ ਡਰੋਂ ਪਿੰ੍ਰਸੀਪਲ ਨੇ ਆਪਣੇ ਦਫਤਰ ਨੂੰ ਖੁਦ ਜਿੰਦਰਾ ਲਵਾ ਦਿੱਤਾ। ਉਨ੍ਹਾਂ ਇਸ ਦੀ ਸੂਚਨਾ ਜ਼ਿਲਾ ਸਿੱਖਿਆ ਅਫਸਰ ਤੇ ਐੈੱਸ. ਡੀ. ਐੈੱਮ. ਸਮਾਣਾ ਨੂੰ ਦਿੱਤੀ। ਲੋਕਾਂ ਦੇ ਰੋਹ ਨੂੰ ਵੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਸਿੱਖਿਆ ਸਕੱਤਰ ਤੇ ਡੀ. ਪੀ. ਆਈ. ਖਿਲਾਫ ਨਾਅਰੇਬਾਜ਼ੀ ਕਰ ਕੇ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਅਤੇ ਅਧਿਆਪਕਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ।
ਜਾਣਕਾਰੀ ਦਿੰਦਿਆਂ ਧਰਨਾਕਾਰੀਆਂ ਨੇ ਦੱਸਿਆ ਕਿ ਪ੍ਰਿੰਸੀਪਲ ਗਿਆਨ ਸਿੰਘ ਵੱਲੋਂ ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੋਂ ਸਿੱਖਿਆ ਦਾ ਅਧਿਕਾਰ ਕਾਨੂੰਨ ਦੇ ਵਿਰੁੱਧ ਦਾਖਲਾ ਫੀਸ ਲਏ ਜਾਣ ਦੇ ਨਾਲ-ਨਾਲ ਪ੍ਰੀਖਿਆ ਫੀਸ ਵੀ ਲਈ ਜਾਂਦੀ ਰਹੀ ਹੈ। ਮਾਰਚ ਮਹੀਨੇ ਦੌਰਾਨ ਐਲਾਨੇ ਵੱਖ-ਵੱਖ ਨਤੀਜਿਆਂ ਦੌਰਾਨ ਵੀ ਜਮਾਤਾਂ ਦੇ ਨਤੀਜੇ ਵਿਚ ਪ੍ਰਿੰਸੀਪਲ ਵੱਲੋਂ ਪੱਖਪਾਤੀ ਰਵੱਈਆ ਵਰਤਦੇ ਹੋਏ 6-7 ਨੰਬਰ 'ਤੇ ਆਉਣ ਵਾਲੀ ਵਿਦਿਆਰਥਣ ਨੂੰ ਅੱਵਲ ਐਲਾਨਿਆ। ਇਸ ਦੇ ਰੋਸ ਵਜੋਂ ਬੇਨਿਯਮੀਆਂ ਖਿਲਾਫ ਸਕੂਲ ਅਧਿਆਪਕਾਂ ਅਤੇ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਪ੍ਰਿੰਸੀਪਲ ਦੀ ਸ਼ਿਕਾਇਤ 5 ਅਪ੍ਰੈਲ ਨੂੰ ਸਿੱਖਿਆ ਸਕੱਤਰ ਨੂੰ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤ 'ਤੇ ਤਾਂ ਹਾਲੇ ਤੱਕ ਕੋਈ ਕਾਰਵਾਈ ਹੋਈ ਹੀ ਨਹੀਂ ਪਰ ਪ੍ਰਿੰਸੀਪਲ ਦੀ ਰਿਪੋਰਟ 'ਤੇ 2 ਅਧਿਆਪਕਾਂ ਅਸ਼ਵਨੀ ਕੁਮਾਰ ਤੇ ਲਖਵੀਰ ਸਿੰਘ ਨੂੰ ਡੀ. ਪੀ. ਆਈ. ਨੇ ਸਸਪੈਂਡ ਕਰ ਦਿੱਤਾ। ਇਸ ਦੀ ਸੂਚਨਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ 4 ਪਿੰਡਾਂ ਕਾਦਰਾਬਾਦ, ਮੁਨਸ਼ੀਵਾਲਾ ਤੇ ਖੇੜੀ ਭੀਮਾ ਆਦਿ ਵਿਚ ਬੱਚਿਆਂ ਦੇ ਮਾਪਿਆਂ ਨੂੰ ਸੁਨੇਹਾ ਭੇਜ ਦਿੱਤਾ। ਇਸ 'ਤੇ ਸੈਂਕੜੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਸਕੂਲ ਦੇ ਗੇਟ ਨੂੰ ਜਿੰਦਰਾ ਲਾ ਦਿੱਤਾ ਤੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮਹਾਰਾਜਾ ਰਿਪੁਦਮਨ ਸਿੰਘ ਦੀ ਸਿੱਖ ਪੰਥ ਨੂੰ ਵੱਡੀ ਦੇਣ ਸੀ ਅਨੰਦ ਮੈਰਿਜ ਐਕਟ ਪਾਸ ਕਰਵਾਉਣਾ
NEXT STORY