ਹੁਸ਼ਿਆਰਪੁਰ (ਘੁੰਮਣ) : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੀ ਕਾਲ ਤੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਰੋਸ ਪ੍ਰਗਟਾਉਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਦੇਣ ਦੀ ਲੜੀ ਤਹਿਤ ਹੁਸ਼ਿਆਰਪੁਰ ਵਿਚ ਵੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਜਤਿੰਦਰ ਸਿੰਘ ਲਾਲੀ ਬਾਜਵਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੇ ਗੁਰਦੁਆਰਾ ਸਿੰਘ ਸਭਾ ਤੋਂ ਚੱਲ ਕੇ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਹੁੰਚ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿਚ ਰੋਸ ਪ੍ਰਗਟਾਇਆ ਗਿਆ ਕਿ ਦੇਸ਼ ਦੀ ਆਜ਼ਾਦੀ ਵਿਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਆਜ਼ਾਦੀ ਦੇ 75 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਬੇਗਾਨਿਆਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ। ਤਿੰਨ ਦਹਾਕਿਆਂ ਤੋਂ ਸਿੱਖ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਹਨ ਤੇ ਇਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਨਹੀਂ ਰੁਕ ਰਿਹਾ ਜੇਲ੍ਹਾਂ 'ਚੋਂ ਮੋਬਾਈਲ ਮਿਲਣ ਦਾ ਸਿਲਸਿਲਾ, ਫ਼ਰੀਦਕੋਟ ਜੇਲ੍ਹ ’ਚੋਂ 32 ਮੋਬਾਈਲ ਬਰਾਮਦ
ਇਹ ਬੰਦੀ ਸਿੰਘ ਉਹ ਹਨ ਜਿਨ੍ਹਾਂ ਨੇ 1984 ਵਿੱਚ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੇ ਗੁਰਧਾਮਾਂ 'ਤੇ ਫੌਜੀ ਹਮਲਿਆਂ ਦੇ ਵਿਰੁੱਧ ਰੋਸ ਪ੍ਰਗਟਾਉਂਦਿਆਂ ਸੰਘਰਸ਼ ਦਾ ਰਾਹ ਚੁਣਿਆ ਸੀ। ਇਹ ਸਿੰਘ ਬੰਦੀਆਂ ਨੂੰ ਰਿਹਾਅ ਨਾ ਕਰਕੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਵਿਚ ਕਿਹਾ ਗਿਆ ਕਿ ਦੇਸ਼ ਦੀ ਆਜ਼ਾਦੀ ਦਾ ਮਹਿਜ਼ ਦੋ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਵੀ ਆਜ਼ਾਦੀ ਦੇ ਸੰਘਰਸ਼ ਵਿੱਚ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ। ਦੇਸ਼ ਦੀ ਵੰਡ ਸਮੇਂ ਸਿੱਖਾਂ ਨੂੰ ਆਪਣੀਆਂ ਜ਼ਮੀਨਾਂ, ਕਾਰੋਬਾਰ ਤੇ ਘਰ-ਬਾਰ ਛੱਡਣੇ ਪਏ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਪਾਕਿਸਤਾਨ ਤੇ ਚੀਨ ਦੇ ਹਮਲਿਆਂ ਵਿਚ ਵੀ ਸਿੱਖ ਜਰਨੈਲਾਂ ਨੇ ਆਪਣੀਆਂ ਜਾਨਾਂ 'ਤੇ ਖੇਡ ਕੇ ਭਾਰਤ ਦੀ ਰਾਖੀ ਕੀਤੀ ਤੇ ਸ਼ਹਾਦਤਾਂ ਦੇ ਕੇ ਦੇਸ਼ ਦੀ ਅਣਖ ਤੇ ਗੈਰਤ ਨੂੰ ਕਾਇਮ ਰੱਖਿਆ।
ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਇਸ ਐਲਾਨ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਇਸ ਗੱਲ ਦਾ ਵੱਡਾ ਦੁੱਖ ਹੈ ਕਿ ਬਹੁਤ ਸਾਰੇ ਸਿੱਖ ਕੈਦੀਆਂ ਨੇ ਉਮਰ ਕੈਦ ਤੋਂ ਦੋਹਰਾ ਸਮਾਂ ਜੇਲ੍ਹਾਂ ਅੰਦਰ ਕੱਟਿਆ ਹੈ ਜਿਨ੍ਹਾਂ ਵਿੱਚ ਭਾਈ ਗੁਰਦੀਪ ਸਿੰਘ ਖੇੜਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਜਗਤਾਰ ਸਿੰਘ ਤਾਰਾ ਸਮੇਤ ਕਈ ਹੋਰ ਸਿੱਖ ਸ਼ਾਮਲ ਹਨ। ਇਸ ਵਿੱਚ ਇਹ ਵੀ ਸਵਾਲ ਪੁੱਛਿਆ ਗਿਆ ਕਿ ਜਦੋਂ ਦੇਸ਼ ਦਾ ਕਾਨੂੰਨ ਅਤੇ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਤੇ ਸਿੱਖਾਂ ਦੇ ਨਾਲ ਵਿਤਕਰਾ ਕਿਉਂ ਹੋ ਰਿਹਾ ਹੈ। ਇਹ ਸਰਕਾਰ ਅਤੇ ਕਾਨੂੰਨਾਂ ਲਈ ਵੱਡਾ ਸਵਾਲ ਹੈ ਤੇ ਇਸ ਵਿੱਚ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਸਿੱਖਾਂ ਨਾਲ ਵਿਤਕਰੇ ਕਰਨੇ ਬੰਦ ਕੀਤੇ ਜਾਣ ਤੇ ਆਸ ਪ੍ਰਗਟਾਈ ਹੈ ਕਿ ਇਸ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਧੂਰੀ 'ਚ ਕੱਢੀ 'ਤਿਰੰਗਾ ਯਾਤਰਾ'
NEXT STORY