ਪਟਿਆਲਾ (ਜਤਿੰਦਰ) - ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ 'ਤੇ ਬੈਠੇ ਟਾਵਰ ਟੈਕਨੀਸ਼ੀਅਨਾਂ ਨੇ ਸਰਹਿੰਦ ਰੋਡ 'ਤੇ ਘੁੰਮਣ ਨਗਰ ਨੇੜੇ ਸੰਬੰਧਿਤ ਟੈਲੀਕਾਮ ਕੰਪਨੀ ਦੇ ਦਫਤਰ ਅੱਗੇ ਆਪਣੇ ਪਰਿਵਾਰਾਂ ਨਾਲ ਪੱਕੇ ਡੇਰੇ ਲਾ ਲਏ ਹਨ। ਕਈ ਟੈਕਨੀਸ਼ੀਅਨਾਂ ਦੇ ਪਰਿਵਾਰਕ ਮੈਂਬਰ ਛੋਟੇ-ਛੋਟੇ ਮਾਸੂਮ ਬੱਚਿਆਂ ਸਮੇਤ ਮੀਂਹ-ਹਨੇਰੀ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਦੇ ਇਸ ਸ਼ਾਂਤਮਈ ਸੰਘਰਸ਼ ਵਿਚ ਨਾਲ ਧਰਨੇ 'ਤੇ ਬੈਠ ਗਏ ਹਨ। ਇਨ੍ਹਾਂ ਵਿਚੋਂ ਜਗਤਾਰ ਸਿੰਘ ਨਾਂ ਦਾ ਟੈਕਨੀਸ਼ੀਅਨ ਮਰਨ ਵਰਤ 'ਤੇ ਬੈਠਾ ਹੈ। ਉਸ ਨੂੰ ਅੰਨ-ਪਾਣੀ ਛੱਡਿਆਂ ਅੱਜ ਤੀਜਾ ਦਿਨ ਹੋ ਗਿਆ।
ਟਾਵਰ ਟੈਕਨੀਸ਼ਅਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਕ ਅਤੇ ਜਾਇਜ਼ ਮੰਗਾਂ ਲਈ ਹੀ ਧਰਨੇ 'ਤੇ ਬੈਠੇ ਹਨ। ਜਦੋਂ ਤੱਕ ਏਰੀਅਲ ਟੈਲੀਕਾਮ ਤੇ ਇੰਡਸ ਟਾਵਰ ਕੰਪਨੀ ਵੱਲੋਂ ਟਾਵਰ ਟੈਕਨੀਸ਼ੀਅਨਾਂ ਖਿਲਾਫ ਦਰਜ ਕਰਵਾਏ ਝੂਠੇ ਮੁਕੱਦਮੇ ਵਾਪਸ ਨਹੀਂ ਲਏ ਜਾਂਦੇ, ਉਨ੍ਹਾਂ ਨੂੰ ਮੁੜ ਕੰਮ 'ਤੇ ਨਹੀਂ ਰੱਖਿਆ ਜਾਂਦਾ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬਾਂਹ ਨਹੀਂ ਫੜੀ ਜਾਂਦੀ, ਉਦੋਂ ਤੱਕ ਉਹ ਸ਼ਾਂਤਮਈ ਤਰੀਕੇ ਪਰਿਵਾਰਾਂ ਸਮੇਤ ਧਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਦੇ ਹੋਰ ਹਿੱਸਿਆਂ 'ਚੋਂ ਵੀ ਟਾਵਰ ਟੈਕਨੀਸ਼ੀਅਨ ਇਸ ਧਰਨੇ ਵਿਚ ਸ਼ਮੂਲੀਅਤ ਕਰਨ ਪੁੱਜ ਰਹੇ ਹਨ। ਯੂਨੀਅਨ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਬੱਚਿਆਂ ਤੇ ਪਰਿਵਾਰ ਜੋ ਕਿ ਮੀਂਹ-ਹਨੇਰੀ 'ਚ ਨਾਲ ਧਰਨੇ ਉੱਤੇ ਬੈਠ ਗਏ ਹਨ, 'ਤੇ ਤਾਂ ਤਰਸ ਕਰੇ।
ਕੈਪਟਨ ਸਰਕਾਰ ਤੋਂ ਮਦਦ ਦੀ ਗੁਹਾਰ
ਧਰਨੇ 'ਤੇ ਬੈਠੇ ਟਾਵਰ ਟੈਕਨੀਸ਼ੀਅਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਮਦਦ ਦੀ ਗੁਹਾਰ ਲਾਈ ਹੈ। ਯੂਨੀਅਨ ਆਗੂਆਂ ਨੇ ਕਿ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਟੈਲੀਕਾਮ ਕੰਪਨੀ ਲਈ ਲਾ ਦਿੱਤੀ। ਹੁਣ ਉਨ੍ਹਾਂ ਨੂੰ ਜ਼ਲੀਲ ਕਰ ਕੇ ਕੱਢਿਆ ਜਾ ਰਿਹਾ ਹੈ, ਜਿਸ ਨਾਲ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਔਖਾ ਹੋ ਜਾਵੇਗਾ। ਉਹ ਸੜਕਾਂ 'ਤੇ ਆ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਖੁਦ ਦਖਲ ਦੇ ਕੇ ਉਨ੍ਹਾਂ ਦਾ ਰੋਜ਼ਗਾਰ ਬਚਾਉਣ ਲਈ ਅੱਗੇ ਆਵੇ।
ਸਾਰੇ ਧਰਮ ਮਨੁੱਖਤਾ ਦੀ ਸੇਵਾ ਦਾ ਰਾਹ ਦਿਖਾਉਂਦੇ ਹਨ : ਪ੍ਰਨੀਤ ਕੌਰ
NEXT STORY