ਜਲੰਧਰ (ਸੁਧੀਰ)– ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਡਾਲਰਾਂ-ਪੌਂਡਾਂ ਦੇ ਸੁਨਹਿਰੀ ਸੁਪਨੇ ਵਿਖਾ ਕੇ ਉਨ੍ਹਾਂ ਨਾਲ ਲੱਖਾਂ-ਕਰੋੜਾਂ ਦੀ ਠੱਗੀ ਕਰਨ ਦੇ ਮਾਮਲੇ ਤਾਂ ਅਕਸਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ, ਉਥੇ ਹੀ ਕਮਿਸ਼ਨਰੇਟ ਪੁਲਸ ਨੇ ਕੁਝ ਦਿਨ ਪਹਿਲਾਂ ਹੀ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ 18 ਟਰੈਵਲ ਕਾਰੋਬਾਰੀਆਂ ਖ਼ਿਲਾਫ਼ ਧੋਖਾਦੇਹੀ ਦੇ ਮਾਮਲੇ ਦਰਜ ਕੀਤੇ ਸਨ। ਅਜੇ ਤੱਕ ਟਰੈਵਲ ਕਾਰੋਬਾਰੀਆਂ ਨੂੰ ਕਮਿਸ਼ਨਰੇਟ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ, ਉਥੇ ਹੀ ਹੁਣ ਪੜ੍ਹਾਈ ਦੇ ਤੌਰ ’ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਇੰਗਲਿਸ਼ ਟੈਸਟ ਵਿਚ ‘ਪ੍ਰਾਕਸੀ ਟੈਸਟਿੰਗ’ ਦਾ ਇਕ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਵਿਦਿਆਰਥੀਆਂ ਨੂੰ ਇੰਗਲਿਸ਼ ਟੈਸਟ ਪਾਸ ਕਰਵਾਉਣ ਵਾਲੀ ਕੰਪਨੀ ਦੇ ਇਕ ਅਧਿਕਾਰੀ ਨੂੰ ਜਦੋਂ ਇਸ ਫਰਜ਼ੀਵਾੜੇ ਦਾ ਪਤਾ ਲੱਗਾ ਤਾਂ ਉਸ ਦੇ ਹੋਸ਼ ਉੱਡ ਗਏ। ਇਸ ਕਾਰਨ ਉਸ ਨੇ ਆਪਣੀ ਹੀ ਕੰਪਨੀ ਦੇ ਇਕ ਕਰਮਚਾਰੀ ਸਮੇਤ ਕੁੱਲ 9 ਲੋਕਾਂ ਖ਼ਿਲਾਫ਼ ਕਮਿਸ਼ਨਰੇਟ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।
ਉਥੇ ਹੀ, ਕਮਿਸ਼ਨਰੇਟ ਪੁਲਸ ਨੇ ਕੰਪਨੀ ਦੇ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੰਪਨੀ ਦੇ ਕਰਮਚਾਰੀ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਗੁਜਰਾਤ ਦੇ ਕੁੱਲ 9 ਲੋਕਾਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਸੀ। ਜਲੰਧਰ ਵਿਚ ਪ੍ਰਾਕਸੀ ਟੈਸਟਿੰਗ ਦਾ ਵੱਡਾ ਫਰਜ਼ੀਵਾੜਾ ਸਾਹਮਣੇ ਆਉਣ ’ਤੇ ਕਈ ਟਰੈਵਲ ਕਾਰੋਬਾਰੀਆਂ ਵਿਚ ਵੀ ਹੜਕੰਪ ਮਚਿਆ ਹੋਇਆ ਹੈ ਕਿਉਂਕਿ ਇੰਗਲਿਸ਼ ਵਿਚ ਕਮਜ਼ੋਰ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਠੱਗੇ ਜਾਂਦੇ ਸਨ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਫਰਜ਼ੀਵਾੜੇ ਵਿਚ ਕਈ ਟਰੈਵਲ ਕਾਰੋਬਾਰੀਆਂ ਦੀ ਗੰਢਤੁੱਪ ਹੋਣ ਦਾ ਖਦਸ਼ਾ ਹੋ ਸਕਦਾ ਹੈ। ਫਿਲਹਾਲ ਮਾਮਲਾ ਦਰਜ ਹੋਣ ਤੋਂ ਬਾਅਦ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ। ਕਮਿਸ਼ਨਰੇਟ ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਕੀਤੇ 4 ਪੰਜਾਬੀਆਂ ਦੀ ਮੌਤ ਦੀ ਖ਼ਬਰ ਸੁਣ ਭੁੱਬਾਂ ਮਾਰ ਰੋਇਆ ਪਰਿਵਾਰ
ਅੰਗਰੇਜ਼ੀ ’ਚ ਕਮਜ਼ੋਰ ਵਿਦਿਆਰਥੀਆਂ ਨੂੰ ਹੀ ਬਣਾਉਂਦੇ ਸਨ ਸ਼ਿਕਾਰ
ਆਮ ਤੌਰ ’ਤੇ ਦੇਖਿਆ ਜਾਵੇ ਤਾਂ ਸੂਬੇ ਭਰ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਤੌਰ ’ਤੇ ਵਿਦੇਸ਼ ਜਾਣ ਦਾ ਕ੍ਰੇਜ਼ ਹੈ, ਜਿਸ ਕਾਰਨ ਸੂਬੇ ਵਿਚ ਵੱਡੀ ਗਿਣਤੀ ਵਿਚ ਟਰੈਵਲ ਕਾਰੋਬਾਰੀਆਂ ਨੇ ਆਪਣੇ ਦਫ਼ਤਰ ਖੋਲ੍ਹ ਰੱਖੇ ਹਨ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਰੋਜ਼ਾਨਾ ਵਿਦੇਸ਼ ਜਾਣ ਦੀ ਰੀਝ ਵਿਚ ਟਰੈਵਲ ਕਾਰੋਬਾਰੀਆਂ ਦੇ ਦਫ਼ਤਰਾਂ ਵਿਚ ਚੱਕਰ ਕੱਟਦੇ ਦਿਸਦੇ ਹਨ।
ਆਮ ਤੌਰ ’ਤੇ ਜੇਕਰ ਦੇਖਿਆ ਜਾਵੇ ਤਾਂ ਵਿਦੇਸ਼ ਵਿਚ ਪੜ੍ਹਾਈ ਦੇ ਤੌਰ ’ਤੇ ਜਾਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਨ ਤੋਂ ਪਹਿਲਾਂ ਆਈਲੈਟਸ ਟੈਸਟ ਜਾਂ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਹੋਣ ਦੇ ਮੱਦੇਨਜ਼ਰ ਕਈ ਹੋਰ ਟੈਸਟ ਪਾਸ ਕਰਨਾ ਵੀ ਜ਼ਰੂਰੀ ਹੁੰਦਾ ਹੈ। ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਟੈਸਟ ਪਾਸ ਕਰਨ ਵਿਚ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਟਰੈਵਲ ਕਾਰੋਬਾਰੀਆਂ ਦੀ ਮਿਲੀਭੁਗਤ ਨਾਲ ਪ੍ਰਾਕਸੀ ਟੈਸਟਿੰਗ ਦਾ ਫਰਜ਼ੀਵਾੜਾ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਟੈਸਟ ਪਾਸ ਕਰਵਾਉਣ ਲਈ ਵਿਦਿਆਰਥੀਆਂ ਨਾਲ ਲੱਖਾਂ ਰੁਪਏ ਦੀ ਡੀਲ ਕੀਤੀ ਜਾਂਦੀ ਹੈ।
ਜਿੰਨੇ ਬੈਂਡ, ਉਸੇ ਹਿਸਾਬ ਨਾਲ ਹੁੰਦੀ ਸੀ ਡੀਲ
ਸੂਤਰਾਂ ਮੁਤਾਬਕ ਕੁਝ ਟਰੈਵਲ ਕਾਰੋਬਾਰੀਆਂ ਦੀ ਮਿਲੀਭੁਗਤ ਨਾਲ ਪ੍ਰਾਕਸੀ ਟੈਸਟਿੰਗ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜੋ ਕਿ ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀਆਂ ਦੇ ਨਾਲ ਚੰਗੇ ਨੰਬਰ ਲੈਣ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਡੀਲ ਕਰ ਲੈਂਦੇ ਹਨ। ਜੇਕਰ ਪੁਲਸ ਮਹਿਕਮਾ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਤਾਂ ਕਈ ਲੋਕਾਂ ਦੇ ਨਾਂ ਸਾਹਮਣੇ ਆ ਸਕਦੇ ਹਨ। ਇਸ ਦੌਰਾਨ ਜਿੰਨੇ ਵਿਦਿਆਰਥੀਆਂ ਦੇ ਬੈਂਡ ਹੁੰਦੇ, ਉਸੇ ਹਿਸਾਬ ਨਾਲ ਡੀਲ ਹੁੰਦੀ ਹੈ।
ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਜਲੰਧਰ 'ਚ ਭਾਰਗੋ ਕੈਂਪ ਦੇ 16 ਸਾਲਾ ਮੁੰਡੇ ਨੇ ਤਿਆਰ ਕੀਤਾ ਵੱਖਰੇ ਢੰਗ 'ਚ ਰਾਵਣ, ਹੋ ਰਹੀਆਂ ਤਾਰੀਫ਼ਾਂ
ਸੀ. ਸੀ. ਟੀ. ਵੀ. ਫੁਟੇਜ ਅਤੇ ਰਿਕਾਰਡਿੰਗ ਚੈੱਕ ਕਰਨ ’ਤੇ ਫਰਜ਼ੀਵਾੜੇ ਦਾ ਪਤਾ ਚੱਲਿਆ
ਸੂਤਰਾਂ ਮੁਤਾਬਕ ਇਸ ਸਾਰੇ ਫਰਜ਼ੀਵਾੜੇ ਦਾ ਜਦੋਂ ਕੰਪਨੀ ਨੂੰ ਪਤਾ ਚੱਲਿਆ ਤਾਂ ਕੰਪਨੀ ਦੇ ਅਧਿਕਾਰੀ ਨੇ ਖੁਦ ਆਪਣੇ ਪੱਧਰ ’ਤੇ ਜਾਂਚ ਕਰਵਾਈ ਅਤੇ ਉਸ ਵਿਚ ਕੰਪਨੀ ਦਾ ਇਕ ਕਰਮਚਾਰੀ ਹੀ ਮਾਸਟਰਮਾਈਂਡ ਨਿਕਲਿਆ। ਇਸ ਤੋਂ ਬਾਅਦ ਕੰਪਨੀ ਨੇ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੰਪਨੀ ਦੇ ਕਰਮਚਾਰੀ ਦੀ ਮਿਲੀਭੁਗਤ ਨਾਲ ਪੇਪਰ ਦੇ ਸਮੇਂ ਮਿਲਦੇ-ਜੁਲਦੇ ਨਾਂ (ਗਗਨਦੀਪ ਸਿੰਘ, ਗਗਨਦੀਪ ਸਿੰਘ ਬਰਾੜ) ਵਾਲੇ 2 ਲੋਕਾਂ ਨੂੰ ਇਕੱਠੇ ਬਿਠਾ ਕੇ ਟੈਸਟ ਕਰਵਾਉਂਦੇ ਸਨ। ਸੀ. ਸੀ. ਟੀ. ਵੀ. ਫੁਟੇਜ ਅਤੇ ਰਿਕਾਰਡਿੰਗ ਚੈੱਕ ਕਰਨ ’ਤੇ ਇਸ ਫਰਜ਼ੀਵਾੜੇ ਦਾ ਪਤਾ ਚੱਲਿਆ ਹੈ।
ਯੂ. ਕੇ. ’ਚ ਵੀ ਹੋਇਆ ਸੀ ਵੱਡੇ ਪੱਧਰ ਦਾ ਫਰਜ਼ੀਵਾੜਾ, ਵੱਡੀ ਗਿਣਤੀ ’ਚ ਹੋਏ ਸਨ ਪ੍ਰਾਈਵੇਟ ਕਾਲਜ ਬੰਦ
ਕੁਝ ਸਮਾਂ ਪਹਿਲਾਂ ਪੜ੍ਹਾਈ ਦੇ ਤੌਰ ’ਤੇ ਯੂ. ਕੇ. ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਯੂ. ਕੇ. ਸਰਕਾਰ ਨੇ ਵੀਜ਼ਾ ਨਿਯਮਾਂ ਵਿਚ ਢਿੱਲ ਦਿੱਤੀ ਸੀ। ਇਸ ਦੌਰਾਨ ਟੀਅਰ-4 ਸਕੀਮ ਕਾਰਨ ਭਾਰੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਯੂ. ਕੇ. ਸਰਕਾਰ ਵੱਲੋਂ ਵੀਜ਼ਾ ਨਿਯਮਾਂ ਵਿਚ ਢਿੱਲ ਨੂੰ ਵੇਖਦਿਆਂ ਸੂਬੇ ਭਰ ਦੇ ਟਰੈਵਲ ਕਾਰੋਬਾਰੀਆਂ ਨੇ ਇਸ ਸਕੀਮ ਦਾ ਖੂਬ ਲਾਭ ਉਠਾਇਆ, ਜਿਸ ਕਾਰਨ ਇਨ੍ਹਾਂ ਨੇ ਉਥੇ ਕਈ ਪ੍ਰਾਈਵੇਟ ਕਾਲਜਾਂ ਵਿਚ ਡੀਲ ਕਰ ਕੇ ਮੋਟੀ ਕਮੀਸ਼ਨ ਡਕਾਰਨ ਲਈ ਵਿਦਿਆਰਥੀਆਂ ਨੂੰ ਫਰਜ਼ੀਵਾੜਾ ਕਰ ਕੇ ਉਥੋਂ ਦੇ ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲਾ ਦਿਵਾ ਦਿੱਤਾ, ਜਦਕਿ ਕੁਝ ਨੇ ਤਾਂ ਉਥੇ ਕਿਰਾਏ ਦੇ ਛੋਟੇ-ਛੋਟੇ ਕਮਰਿਆਂ ਵਿਚ ਖ਼ੁਦ ਹੀ ਪ੍ਰਾਈਵੇਟ ਕਾਲਜ ਖੋਲ੍ਹ ਲਏ ਸਨ।
ਇਸ ਦੌਰਾਨ ਸੂਬੇ ਵਿਚ ਇਨ੍ਹਾਂ ਟਰੈਵਲ ਕਾਰੋਬਾਰੀਆਂ ਨੇ ਵਿਦਿਆਰਥੀਆਂ ਨੂੰ ਯੂ. ਕੇ. ਭੇਜ ਕੇ ਉਨ੍ਹਾਂ ਤੋਂ ਕਰੋੜਾਂ ਰੁਪਏ ਕਮਾਏ ਸਨ। ਯੂ. ਕੇ. ਸਰਕਾਰ ਨੂੰ ਜਦੋਂ ਇਸ ਫਰਜ਼ੀਵਾੜੇ ਦਾ ਪਤਾ ਲੱਗਾ ਤਾਂ ਉਸ ਨੇ ਵੀਜ਼ਾ ਨਿਯਮਾਂ ਵਿਚ ਸਖ਼ਤਾਈ ਕਰਦਿਆਂ ਵੱਡੀ ਗਿਣਤੀ ਵਿਚ ਪ੍ਰਾਈਵੇਟ ਕਾਲਜਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਪ੍ਰਾਈਵੇਟ ਕਾਲਜਾਂ ਵਿਚ ਡੁੱਬ ਗਏ।
ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨੇ ਸ਼ਰੇਆਮ ਕੀਤੇ ਹਵਾਈ ਫਾਇਰ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੂੰ ਪਈਆਂ ਭਾਜੜਾਂ
ਸੂਤਰਾਂ ਮੁਤਾਬਕ ਹਾਲੇ ਵੀ ਕਈ ਟਰੈਵਲ ਕਾਰੋਬਾਰੀ ਯੂ. ਕੇ. ਦੇ ਨਾਂ ’ਤੇ ਕਈ ਵਿਦਿਆਰਥੀਆਂ ਨਾਲ ਫਰਜ਼ੀਵਾਡ਼ੇ ਕਰ ਕੇ ਲੱਖਾਂ ਦੀ ਠੱਗੀ ਮਾਰ ਰਹੇ ਹਨ। ਯੂ. ਕੇ. ਸਰਕਾਰ ਨੂੰ ਹੁਣ ਫਰਜ਼ੀਵਾੜੇ ਦੀ ਸਾਰੀ ਖੇਡ ਦਾ ਪਤਾ ਲੱਗਾ ਚੁੱਕਾ ਹੈ। ਪੜ੍ਹਾਈ ਦੇ ਤੌਰ ’ਤੇ ਉਥੇ ਗਏ ਵਿਦਿਆਰਥੀਆਂ ਨੂੰ ਉਥੇ ਕੰਮ ਕਰਨ ਵਿਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂ. ਕੇ. ਸਰਕਾਰ ਨੇ ਉਥੋਂ ਦੇ ਹਾਲਾਤ ਨੂੰ ਦੇਖਦਿਆਂ ਇਕ ਵਾਰ ਫਿਰ ਸਖ਼ਤਾਈ ਕਰਨ ਦਾ ਫੈਸਲਾ ਕੀਤਾ ਹੈ। ਇਸ ਫਰਜ਼ੀਵਾੜੇ ਨੂੰ ਲੈ ਕੇ ਕਈ ਟਰੈਵਲ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਮਿਲਣ ਅਤੇ ਜਾਂਚ ਤੋਂ ਬਾਅਦ ਹੀ ਪੁਲਸ ਨੇ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹੁਣ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਫਰਜ਼ੀਵਾੜੇ ਦੌਰਾਨ ਕਿਹੜੇ-ਕਿਹੜੇ ਵਿਦਿਆਰਥੀਆਂ ਨੂੰ ਉਕਤ ਲੋਕਾਂ ਨੇ ਸਰਟੀਫਿਕੇਟ ਜਾਰੀ ਕਰ ਕੇ ਵਿਦੇਸ਼ ਭੇਜਿਆ ਹੈ, ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅੰਬੈਸੀ ਨਾਲ ਵੀ ਸੰਪਰਕ ਕੀਤਾ ਜਾਵੇਗਾ। ਜੇਕਰ ਇਸ ਮਾਮਲੇ ਵਿਚ ਕਿਸੇ ਟਰੈਵਲ ਕਾਰੋਬਾਰੀ ਜਾਂ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਈ ਤਾਂ ਕਮਿਸ਼ਨਰੇਟ ਪੁਲਸ ਵੱਲੋਂ ਉਸ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਫਰਾਰ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ ’ਤੇ ਸਖ਼ਤ ਹੋਏ DGP ਯਾਦਵ, SIT ਚੀਫ਼ ਨੂੰ ਦਿੱਤੇ ਇਹ ਨਿਰਦੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਮਰੀਕਾ 'ਚ ਪੰਜਾਬੀਆਂ ਦੇ ਹੋਏ ਕਤਲ 'ਤੇ CM ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ, ਕੇਂਦਰੀ ਮੰਤਰੀ ਨੂੰ ਕੀਤੀ ਖ਼ਾਸ ਅਪੀਲ
NEXT STORY