ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਨਾਲ ਸਬੰਧਿਤ ਸਲਾਨਾ ਪ੍ਰੀਖਿਆਵਾਂ ਦਾ ਪੈਟਰਨ ਬਦਲ ਦਿੱਤਾ ਹੈ। ਹੁਣ ਅੱਧੇ ਤੋਂ ਵੱਧ ਕੰਮ ਸਕੂਲ ਪੱਧਰ ’ਤੇ ਹੀ ਹੋਵੇਗਾ। ਅਕਾਦਮਿਕ ਸਾਲ 2023-24 ’ਚ ਵਿਸ਼ਾਵਾਰ ਪੈਟਰਨ ਨੂੰ ਤਿੰਨ ਸ਼੍ਰੇਣੀਆਂ (ਏ, ਬੀ, ਸੀ) ’ਚ ਵੰਡਿਆ ਗਿਆ ਹੈ। ਗਰੁੱਪ ਏ ਅਤੇ ਬੀ ਨਾਲ ਸਬੰਧਿਤ ਸਾਰੇ 21 ਵਿਸ਼ਿਆਂ ਦੇ ਪ੍ਰਸ਼ਨ-ਪੱਤਰ ਸਕੂਲ ਸਿੱਖਿਆ ਬੋਰਡ ਆਪ ਜਾਰੀ ਕਰੇਗਾ। ਜੋ ਨਵੀਂ ਤਬਦੀਲੀ ਕੀਤੀ ਗਈ ਹੈ, ਉਸ ਅਨੁਸਾਰ ਸਲਾਨਾ ਇਮਤਿਹਾਨਾਂ ’ਚ ਹਰੇਕ ਵਿਦਿਆਰਥੀ ਨੂੰ 9 ਵਿਸ਼ਿਆਂ ਦੇ 600 ਅੰਕਾਂ ਦੀ ਪ੍ਰੀਖਿਆ ਦੇਣੀ ਹੋਵੇਗੀ, ਜਿਨ੍ਹਾਂ ’ਚੋਂ ਗਰੁੱਪ ਏ ਸਾਰੇ 6 ਵਿਸ਼ਿਆਂ ’ਚ ਪਾਸ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਗਰੁੱਪ ਬੀ ਦੇ 15 ਵਿਸ਼ਿਆਂ ’ਚੋਂ ਕੋਈ ਤਿੰਨ ਵਿਸ਼ਿਆਂ ਦੀ ਚੋਣ ਕਰਨੀ ਹੋਵੇਗੀ। ਨਵੇਂ ਹੁਕਮਾਂ ਅਨੁਸਾਰ ਪ੍ਰਯੋਗੀ ਪ੍ਰੀਖਿਆਵਾਂ ਵਾਲੇ ਵਿਸ਼ਿਆਂ ’ਚੋਂ ਸਿਰਫ਼ ਕੰਪਿਊਟਰ ਵਿਗਿਆਨ ਦਾ ਮੁਲਾਂਕਣ ਹੀ ਬੋਰਡ ਵਲੋਂ ਕੀਤਾ ਜਾਵੇਗਾ, ਜਦੋਂਕਿ ਸਰੀਰਕ ਸਿੱਖਿਆ ਸਮੇਤ 12 ਵਿਸ਼ਿਆਂ ਦੇ ਮੁਲਾਂਕਣ ਹੁਣ ਸਕੂਲ ਪੱਧਰ ’ਤੇ ਹੀ ਹੋਣਗੇ। ਨਵੇਂ ਪੈਮਾਨੇ ਅਨੁਸਾਰ ਹਰੇਕ ਪ੍ਰੀਖਿਆਰਥੀ ਨੂੰ ਪਾਸ ਹੋਣ ਲਈ ਲਿਖ਼ਤੀ, ਪ੍ਰਯੋਗੀ ਅਤੇ ਅੰਦਰੂਨੀ ਮੁਲਾਂਕਣ ਮਿਲਾ ਕੇ 33 ਫ਼ੀਸਦੀ ਅੰਕ ਪ੍ਰਾਪਤ ਕਰਨੇ ਹੋਣਗੇ। ਬੇਸ਼ੱਕ ਕਿਸੇ ਵਿਦਿਆਰਥੀ ਨੇ ਲਿਖ਼ਤੀ ਪ੍ਰੀਖਿਆ ’ਚ 25 ਫ਼ੀਸਦੀ ਅੰਕ ਹੀ ਪ੍ਰਾਪਤ ਕੀਤੇ ਹੋਣ।
ਇਹ ਵੀ ਪੜ੍ਹੋ : ਲੁਧਿਆਣਾ 'ਚ 28 ਲੱਖ ਦੀ ਚੋਰੀ ਕਰਨ ਵਾਲੇ 2 ਲੋਕ ਕਾਬੂ, ਪੁਲਸ ਨੇ 15 ਲੱਖ ਰੁਪਿਆ ਕੀਤਾ ਬਰਾਮਦ
ਤੀਜੇ ਗਰੁੱਪ ਸੀ ’ਚ ਸਿਰਫ਼ ‘ਸਵਾਗਤ ਜ਼ਿੰਦਗੀ’ ਵਿਸ਼ੇ ਨੂੰ ਥਾਂ ਦਿੱਤੀ ਗਈ ਹੈ, ਜਿਸ ਨੂੰ ਇਸ ਵਰ੍ਹੇ ਲਿਖ਼ਤੀ ਪ੍ਰੀਖਿਆਵਾਂ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੋਰਡ ਮੈਨੇਜਮੈਂਟ ਨੇ ਵੱਡਾ ਫ਼ੈਸਲਾ ਲੈਂਦਿਆਂ ਚਾਲੂ ਅਕਾਦਮਿਕ ਸਾਲ ਦੀਆਂ ਸਲਾਨਾ ਪ੍ਰੀਖਿਆਵਾਂ ’ਚ ਵਿਸ਼ੇਸ਼ ਸਮਰੱਥਾ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਅਤੇ ਮੁਲਾਂਕਣ ਸਕੂਲ ਪੱਧਰ ’ਤੇ ਹੀ ਲੈਣ ਦਾ ਫ਼ੈਸਲਾ ਲਿਆ ਹੈ। ਇਨ੍ਹਾਂ ਦੇ ਅੰਕ ਸਕੂਲ ਮੁਖੀ ਬੋਰਡ ਨੂੰ ਭੇਜਣਗੇ। ਹੁਕਮਾਂ ਅਨੁਸਾਰ ਗਰੁੱਪ-ਏ ਦੇ ਸਾਰੇ 6 ਵਿਸ਼ਿਆਂ ’ਚੋਂ ਪ੍ਰਤੀ-ਵਿਸ਼ਾ 80 ਅੰਕਾਂ ਦਾ ਲਿਖ਼ਤੀ ਅਤੇ 20 ਅੰਕ ਅੰਦਰੂਨੀ ਮੁਲਾਂਕਣ ਦੇ ਰੱਖੇ ਗਏ ਹਨ। ਇਸੇ ਤਰ੍ਹਾਂ ਗਰੁੱਪ ਬੀ ਦੇ ਵਿਸ਼ਿਆਂ ’ਚੋਂ ਕੰਪਿਊਟਰ ਸਾਇੰਸ ’ਚ 100 ਅੰਕਾਂ ’ਚੋਂ 40 ਅੰਕਾਂ ਦਾ ਪ੍ਰੈਕਟੀਕਲ ਅਤੇ 20 ਅੰਕ ਅੰਦਰੂਨੀ ਮੁਲਾਂਕਣ ਦੇ ਤੈਅ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਕੇਂਦਰੀ ਟੀਮ 3 ਦਿਨਾਂ ਦੌਰੇ ਦੌਰਾਨ ਲਵੇਗੀ ਸਾਰਾ ਜਾਇਜ਼ਾ
ਭਾਵ ਇਸ ਵਿਸ਼ੇ ’ਚ ਵਿਦਿਆਰਥੀਆਂ ਨੂੰ ਸਿਰਫ਼ 40 ਅੰਕਾਂ ਦਾ ਲਿਖ਼ਤੀ ਪਰਚਾ ਦੇਣਾ ਹੋਵੇਗਾ ਬਾਕੀ ਅੰਕ ਅੰਦਰੂਨੀ ਮੁਲਾਂਕਣ ਅਤੇ ਪ੍ਰੈਕਟੀਕਲ ਦੇ 60 ਅੰਕਾਂ ’ਚੋਂ ਹੀ ਲੱਗਣਗੇ। ਜੇਕਰ ਇਸ ਵਿਸ਼ੇ ਦੀ ਲਿਖਤੀ ਪ੍ਰੀਖਿਆ ਦੇ 40 ਅੰਕਾਂ ਵਿਚੋਂ 10 ਅੰਕ ਕੋਈ ਪ੍ਰੀਖਿਆਰਥੀ ਹਾਸਲ ਕਰ ਲੈਂਦਾ ਹੈ ਤਾਂ ਉਹ ਪ੍ਰੈਕਟੀਕਲ ਅਤੇ ਅੰਦਰੂਨੀ ਮੁਲਾਂਕਣ ਦੇ ਅੰਕ ਪ੍ਰਾਪਤ ਕਰਨ ਦੇ ਯੋਗ ਹੋ ਜਾਵੇਗਾ। ਇਸੇ ਤਰ੍ਹਾਂ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ 50 ਜਦੋਂਕਿ ਖੇਤੀਬਾੜੀ ਅਤੇ ਹੋਮ ਸਾਇੰਸ ਵਿਸ਼ਿਆਂ ’ਚ 40-40 ਅੰਕਾਂ ਦੀ ਪ੍ਰਯੋਗੀ ਪ੍ਰੀਖਿਆ ਹੋਵੇਗੀ ਤੈਅ ਕਰ ਦਿੱਤੀ ਗਈ ਹੈ। ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਜੇਕਰ ਕਿਸੇ ਪ੍ਰੀਖਿਆਰਥੀ ਨੇ ਪੰਜਾਬੀ, ਹਿੰਦੀ, ਉਰਦੂ ਵਿਸ਼ੇ ਨੂੰ ਪਹਿਲੀ ਭਾਸ਼ਾ ਵਜੋਂ ਚੁਣਿਆ ਹੈ ਤਾਂ ਇਸੇ ਵਿਸ਼ੇ ਨੂੰ ਉਹ ਦੂਜੀ ਭਾਸ਼ਾ ਵਜੋਂ ਚੋਣ ਨਹੀਂ ਕਰ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਬੋਰਡ ਦੇ ਇਸ ਫ਼ੈਸਲੇ ਮਗਰੋਂ ਵਿਦਿਆਰਥੀਆਂ ਲਈ ਪਾਸ ਹੋਣਾ ਸੌਖਾ ਤੇ ਸਕੂਲ ਪੱਧਰ ’ਤੇ ਕੰਮ ਵੱਧ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਿੱਲੀ ਬਿੱਲ ਕਾਲਾ ਕਾਨੂੰਨ, ਲੋਕਤੰਤਰ ਨੂੰ ਬਚਾਉਣ ਲਈ 140 ਕਰੋੜ ਦੇਸ਼ ਭਗਤਾਂ ਨੂੰ ਅੱਗੇ ਆਉਣਾ ਪਵੇਗਾ : CM ਮਾਨ
NEXT STORY