ਅਜਨਾਲਾ, (ਬਾਠ)- ਅੱਜ ਇਥੇ ਪੁਲਸ ਥਾਣਾ ਅਜਨਾਲਾ ਦੀਆਂ ਕਥਿਤ ਧੱਕੇਸ਼ਾਹੀਆਂ ਤੇ ਹਿਟਲਰਸ਼ਾਹੀ ਨੀਤੀ ਵਿਰੁੱਧ ਗੁੱਸੇ 'ਚ ਭਰੇ-ਪੀਤੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਨੇ ਸੰਘਰਸ਼ੀਲ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਜਨਵਾਦੀ ਇਸਤਰੀ ਸਭਾ ਦੀ ਸਾਂਝੀ ਅਗਵਾਈ 'ਚ ਪੁਲਸ ਥਾਣਾ ਅਜਨਾਲਾ ਦੀਆਂ ਕਥਿਤ ਧੱਕੇਸ਼ਾਹੀਆਂ ਵਿਰੁੱਧ ਜ਼ਬਰਦਸਤ ਮੁਜ਼ਾਹਰਾ ਕਰਦਿਆਂ ਰੋਸ ਧਰਨਾ ਦਿੱਤਾ।
ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਪੁਲਸ ਥਾਣਾ ਅਜਨਾਲਾ ਵੱਲੋਂ ਭਲਾ ਪਿੰਡ ਵਿਖੇ ਅਜਨਾਲਾ ਪੁਲਸ ਦੀ ਦਖਲਅੰਦਾਜ਼ੀ ਨਾਲ ਕਥਿਤ ਤੌਰ 'ਤੇ ਜ਼ਮੀਨ ਦੀ ਵਾਹੀ ਕਰਵਾ ਕੇ ਇਕ ਧਿਰ ਦਾ ਨਾਜਾਇਜ਼ ਕਬਜ਼ਾ ਕਰਵਾਏ ਜਾਣ, ਖਾਨਵਾਲ ਦੇ ਇਕ ਰਾਂਝੇ ਨਾਮੀ ਖੇਤ ਮਜ਼ਦੂਰ ਨਾਲ ਬੇਇਨਸਾਫੀ ਕੀਤੇ ਜਾਣ, ਨੰਗਲ ਵੰਝਾਂਵਾਲਾ ਵਿਖੇ ਇਕ ਵਿਧਵਾ ਬੀਬੀ ਮਨਜੀਤ ਕੌਰ ਦੀ ਦੁਕਾਨ 'ਤੇ ਕਥਿਤ ਲੱਠਮਾਰਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤੇ ਜਾਣ ਅਤੇ ਪਿੰਡ ਰਾਜੀਆਂ 'ਚ ਟਰੈਕਟਰ ਏਜੰਸੀ ਮਾਲਕਾਂ ਵੱਲੋਂ ਇਕ ਕਿਸਾਨ ਦਾ ਜਬਰੀ ਟਰੈਕਟਰ ਲਿਜਾਏ ਜਾਣਾ ਆਦਿ ਕਥਿਤ ਪੁਲਸ ਵਧੀਕੀਆਂ ਦੇ ਭਖਦੇ ਮਾਮਲਿਆਂ ਦਾ ਵਿਸਥਾਰ 'ਚ ਜ਼ਿਕਰ ਕਰਦਿਆਂ ਦੋਸ਼ ਲਾਇਆ ਗਿਆ ਕਿ ਅਜਨਾਲਾ ਪੁਲਸ ਆਪੇ ਹੀ ਠਾਣੇਦਾਰ ਤੇ ਆਪੇ ਹੀ ਜੱਜ ਬਣ ਬੈਠੀ ਹੈ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਭਖਦੇ ਮਾਮਲੇ ਫੌਰੀ ਤੌਰ 'ਤੇ ਹੱਲ ਨਾ ਕੀਤੇ ਗਏ ਅਤੇ ਥਾਣੇ 'ਚ ਆਉਣ ਵਾਲੀਆਂ ਔਰਤਾਂ ਨਾਲ ਇਨਸਾਫ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਧਰਨਾ ਉਦੋਂ ਖਤਮ ਹੋਇਆ ਜਦੋਂ ਡੀ. ਐੱਸ. ਪੀ. ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਨੇ ਜਥੇਬੰਦੀਆਂ ਦੇ ਆਗੂਆਂ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਉਕਤ ਮਾਮਲਿਆਂ ਦੀ ਜਾਂਚ ਕਰ ਕੇ ਇਨਸਾਫ ਦੇਣ ਦਾ ਭਰੋਸਾ ਦਿੱਤਾ। ਰੋਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਨਾਮ ਸਿੰਘ ਉਮਰਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਤੇ ਜਨਵਾਦੀ ਇਸਤਰੀ ਸਭਾ ਦੀ ਤਹਿਸੀਲ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਰਜੀਤ ਸਿੰਘ ਦੁਧਰਾਏ, ਸ਼ੀਤਲ ਸਿੰਘ ਤਲਵੰਡੀ, ਅਮਰਜੀਤ ਸਿੰਘ ਭੀਲੋਵਾਲ, ਜਸਬੀਰ ਸਿੰਘ ਜਸਰਾਊਰ, ਮਨਜੀਤ ਕੌਰ ਭੂਰੇਗਿੱਲ, ਸੁੱਚਾ ਸਿੰਘ ਘੋਗਾ, ਗੁਰਪਾਲ ਸਿੰਘ ਸੈਦਪੁਰ, ਸਤਵਿੰਦਰ ਸਿੰਘ ਓਠੀਆਂ, ਸੁਖਦਰਸ਼ਨ ਸ਼ਰਮਾ ਡੱਗਤੂਤ, ਕੁਲਦੀਪ ਸਿੰਘ ਮੋਹਲੇਕੇ, ਗੁਲਜ਼ਾਰ ਸਿੰਘ ਖਿਆਲਾ, ਬਲਬੀਰ ਸਿੰਘ ਕੱਕੜ, ਬਾਬਾ ਇੰਦਰਜੀਤ ਸਿੰਘ ਡੱਬਰ, ਬੂਰਾ ਸਿੰਘ ਖਾਨਵਾਲ, ਜੱਗਾ ਸਿੰਘ ਡੱਲਾ, ਗੁਰਪ੍ਰੀਤ ਸਿੰਘ ਬੱਲੜਵਾਲ, ਸਤਨਾਮ ਸਿੰਘ ਚੱਕ ਔਲ, ਵਿਸਾਖਾ ਸਿੰਘ ਭੰਗਵਾਂ, ਲਖਬੀਰ ਸਿੰਘ ਤੱਲੇ ਆਦਿ ਆਗੂ ਹਾਜ਼ਰ ਸਨ।
ਨਸ਼ੀਲੇ ਪਾਊਡਰ ਸਮੇਤ 6 ਗ੍ਰਿਫਤਾਰ
NEXT STORY