ਜਲੰਧਰ (ਮ੍ਰਿਦੁਲ)— ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਜਿੱਥੇ ਇਕ ਪਾਸੇ ਐੱਨ. ਆਈ. ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਜੰਮੂ-ਕਸ਼ਮੀਰ ਪੁਲਸ ਦੀ ਮਦਦ ਨਾਲ ਧਮਾਕੇ ਬਾਰੇ ਸਹੀ ਜਾਣਕਾਰੀ ਇਕੱਠੀ ਕਰ ਰਹੀ ਹੈ, ਉਥੇ ਦੂਜੇ ਪਾਸੇ ਹੁਣ ਐੱਨ. ਆਈ. ਏ. ਪੰਜਾਬ ਪੁਲਸ ਦੀ ਵੀ ਮਦਦ ਲੈ ਰਹੀ ਹੈ। ਕਾਰਨ ਪੰਜਾਬ ਪੁਲਸ ਦਾ ਅੱਤਵਾਦ ਨੂੰ ਲੈ ਕੇ ਪਹਿਲਾਂ ਤੋਂ ਅਲਰਟ ਹੋਣਾ ਅਸਲ 'ਚ ਪੰਜਾਬ ਪੁਲਸ ਵੱਲੋਂ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮਾਡਿਊਲ ਨੂੰ ਟਰੇਸ ਕਰਕੇ ਉਸ ਨੂੰ ਬ੍ਰੇਕ ਕਰਨ 'ਚ ਪੰਜਾਬ ਪੁਲਸ ਦਾ ਅਹਿਮ ਯੋਗਦਾਨ ਰਿਹਾ ਹੈ ਕਿਉਂਕਿ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਸੀਟੀ ਇੰਸਟੀਚਿਊਟ 'ਚ ਏ. ਜੀ. ਐੱਚ. (ਅੰਸਾਰ ਗਜ਼ਵਤ ਉੱਲ-ਹਿੰਦ) ਦੇ ਸਾਥੀ ਅਤੇ ਕਸ਼ਮੀਰੀ ਸਟੂਡੈਂਟ ਨੂੰ ਆਰ. ਡੀ. ਐਕਸ. ਅਤੇ ਏ. ਕੇ. 47 ਸਣੇ ਫੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ। ਜਿਸ 'ਤੇ ਕਸ਼ਮੀਰ 'ਚ ਏ. ਜੀ. ਐੱਚ. ਦੇ ਮੁੱਖ ਕਮਾਂਡਰ ਅੱਤਵਾਦੀ ਜ਼ਾਕਿਰ ਮੂਸਾ ਦੇ ਮਾਡਿਊਲ ਦੇ ਮੁੱਖ ਸਰਗਣਾ ਮੀਰ ਰਊਫ ਅਹਿਮਦ ਉਰਫ ਰਊਫ ਅਤੇ ਮੀਰ ਉਮਰ ਰਮਜਾਨ ਉਰਫ ਗਾਜ਼ੀ ਨੂੰ ਕਸ਼ਮੀਰੀ ਪੁਲਸ ਨੇ ਐਨਕਾਊਂਟਰ 'ਚ ਢੇਰ ਕੀਤਾ ਸੀ। ਹੁਣ ਪੰਜਾਬ ਪੁਲਸ ਦੀ ਟੀਮ ਵੀ ਐੱਨ. ਆਈ. ਏ. ਦਾ ਸਾਥ ਦੇਣ ਲਈ ਅਵੰਤੀਪੁਰਾ ਜਾਵੇਗੀ, ਜਿੱਥੇ ਪੰਜਾਬ ਪੁਲਸ ਦਾ ਇੰਟੈਲੀਜੈਂਸ ਵਿੰਗ ਆਪਣੀ ਜਾਂਚ ਦੇ ਆਧਾਰ 'ਤੇ ਐੱਨ. ਆਈ. ਏ. ਨੂੰ ਅੱਤਵਾਦੀਆਂ ਦਾ ਮਾਡਿਊਲ ਬ੍ਰੇਕ ਕਰਨ ਲਈ ਸਾਥ ਦੇਵੇਗਾ।
ਸੀਟੀ ਇੰਸਟੀਚਿਊਟ ਵੱਲੋਂ ਅਕਤੂਬਰ 'ਚ ਰੇਡ ਕਰਕੇ ਏ. ਕੇ. 47 ਨਾਲ ਫੜੇ ਗਏ 3 ਕਸ਼ਮੀਰੀ ਸਟੂਡੈਂਟਸ ਕੋਲੋਂ ਜਦੋਂ ਇੰਟੈਲੀਜੈਂਸ ਦੇ ਆਈ. ਜੀ. ਅਮਿਤ ਪ੍ਰਸਾਦ ਨੇ ਪੁੱਛਗਿੱਛ ਕੀਤੀ ਸੀ ਤਾਂ ਉਸ ਸਮੇਂ ਇੰਟੈਲੀਜੈਂਸ ਨੂੰ ਪਤਾ ਲੱਗ ਗਿਆ ਸੀ ਕਿ ਅੰਸਾਰ ਗਜ਼ਵਤ ਉਲ-ਹਿੰਦ ਅਤੇ ਜੈਸ਼-ਏ-ਮੁਹੰਮਦ ਆਪ੍ਰੇਟਿੰਗ ਏਰੀਆ ਪੁਲਵਾਮਾ ਦਾ ਅਵੰਤੀਪੁਰਾ ਇਲਾਕਾ ਹੀ ਹੈ ਕਿਉਂਕਿ ਇੰਟੈਲੀਜੈਂਸ ਨੂੰ ਜਦੋਂ ਤਿੰਨਾਂ ਸਟੂਡੈਂਟਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਥਾਣਾ ਮਕਸੂਦਾਂ ਕਾਂਡ 'ਚ ਬਲਾਸਟ ਦੇ ਮੁੱਖ ਦੋਸ਼ੀਆਂ ਬਾਰੇ ਪਤਾ ਲੱਗਾ ਤਾਂ ਪੁਲਸ ਨੇ ਇਨ੍ਹਾਂ ਸਾਰੇ ਕਸ਼ਮੀਰੀਆਂ ਦੇ ਘਰਾਂ ਬਾਰੇ ਜਾਣਨਾ ਸ਼ੁਰੂ ਕੀਤਾ ਅਤੇ ਬਾਅਦ 'ਚ ਉਨ੍ਹਾਂ ਕੋਲੋਂ ਪੁੱਛਗਿੱਛ ਤੋਂ ਬਾਅਦ ਖੁਲਾਸਾ ਹੋਇਆ ਕਿ ਕਸ਼ਮੀਰ 'ਚ ਅਵੰਤੀਪੁਰਾ 'ਚ ਹੀ ਜ਼ਾਕਿਰ ਮੂਸਾ ਅਤੇ ਜੈਸ਼-ਏ-ਮੁਹੰਮਦ ਦੇ ਬੇਸ ਕੈਂਪ ਹਨ, ਜਿੱਥੇ ਉਹ ਕਸ਼ਮੀਰੀ ਸਟੂਡੈਂਟਸ ਨੂੰ ਟ੍ਰੇਂਡ ਕਰ ਰਿਹਾ ਹੈ ਅਤੇ ਪੰਜਾਬ ਅਤੇ ਹੋਰ ਸੂਬਿਆਂ 'ਚ ਭੇਜ ਰਿਹਾ ਹੈ। ਜੋ ਅੱਤਵਾਦੀ ਫੜੇ ਉਹ ਸਾਰੇ ਅਵੰਤੀਪੁਰਾ ਦੇ ਨਿਕਲੇ।
ਅਵੰਤੀਪੁਰਾ ਤੋਂ ਪੁਲਵਾਮਾ ਤੱਕ ਦਾ ਸਫਰ ਸਿਰਫ 16 ਕਿਲੋਮੀਟਰ
ਦੱਸਣਯੋਗ ਹੈ ਕਿ ਪੁਲਵਾਮਾ ਤੋਂ ਅਵੰਤੀਪੁਰਾ ਤੱਕ ਦਾ ਸਫਰ ਸਿਰਫ 15 ਕਿਲੋਮੀਟਰ ਹੈ, ਜਿਸ 'ਚ ਕਈ ਪਿੰਡ ਆਉਂਦੇ ਹਨ। ਇੰਟੈਲੀਜੈਂਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਪਿੰਡਾਂ ਦੇ ਲੋਕ ਅੱਤਵਾਦੀਆਂ ਨੂੰ ਆਪਣੇ ਘਰਾਂ 'ਚ ਪਨਾਹ ਦਿੰਦੇ ਹਨ ਅਤੇ ਸੁਰੰਗਾਂ ਰਾਹੀਂ ਅਵੰਤੀਪੁਰਾ ਸਥਿਤ ਬੇਸ ਕੈਂਪ 'ਚ ਭੇਜਦੇ ਹਨ। ਹੁਣ ਐੱਨ. ਆਈ. ਏ. ਅਤੇ ਪੰਜਾਬ ਪੁਲਸ ਇਸ ਰੂਟ ਨੂੰ ਬ੍ਰੇਕ ਕਰਨ ਲਈ ਜੱਦੋ-ਜਹਿਦ ਕਰ ਰਹੀ ਹੈ।
ਮਕਸੂਦਾਂ ਬੰਬ ਧਮਾਕੇ ਤੋਂ ਬਾਅਦ ਹੀ ਇੰਟੈਲੀਜੈਂਸ ਨੇ ਟੈਰੇਰਿਸਟ ਮਾਡਿਊਲ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ : ਆਈ. ਜੀ. ਅਮਿਤ ਪ੍ਰਸਾਦ
ਕਾਊਂਟਰ ਇੰਟੈਲੀਜੈਂਸ ਦੇ ਆਈ. ਜੀ. ਅਮਿਤ ਪ੍ਰਸਾਦ ਨੇ ਦੱਸਿਆ ਕਿ ਸੀਟੀ ਇੰਸਟੀਚਿਊਟ ਤੋਂ ਕਸ਼ਮੀਰੀ ਸਟੂਡੈਂਟਸ ਦੇ ਫੜੇ ਜਾਣ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਉਸ ਸਮੇਂ ਹੀ ਖੁਲਾਸਾ ਹੋ ਗਿਆ ਸੀ। ਇਸ ਲਈ ਡੀ. ਜੀ. ਪੀ. ਦਿਨਕਰ ਗੁਪਤਾ ਦੀ ਰਹਿਨੁਮਾਈ ਹੇਠ ਇਸ ਮਾਡਿਊਲ ਨੂੰ ਟੈਕਨੀਕਲ ਢੰਗ ਨਾਲ ਟ੍ਰੇਸ ਕੀਤਾ ਗਿਆ। ਪੁਲਵਾਮਾ 'ਚ ਹੋਏ ਹਮਲੇ ਤੋਂ ਬਾਅਦ ਐੱਨ. ਆਈ. ਏ. ਦਾ ਪਹਿਲਾਂ ਵਾਂਗ ਹੀ ਸਾਥ ਦਿੱਤਾ ਜਾਵੇਗਾ। ਭਾਵੇਂ ਇਸ ਕੇਸ ਦੀ ਜਾਂਚ ਹੁਣ ਐੱਨ. ਆਈ. ਏ. ਕਰ ਰਿਹਾ ਹੈ ਪਰ ਪੰਜਾਬ ਅੱਤਵਾਦ ਦਾ ਸੰਤਾਪ ਪਹਿਲਾਂ ਹੀ ਝੱਲ ਚੁੱਕਾ ਹੈ, ਇਸ ਲਈ ਪੰਜਾਬ ਪੁਲਸ ਪਹਿਲਾਂ ਹੀ ਅੱਤਵਾਦੀਆਂ ਦੀਆਂ ਸਰਗਰਮੀਆਂ ਨੂੰ ਲੈ ਕੇ ਅਲਰਟ ਰਹਿੰਦੀ ਹੈ, ਇਸ ਲਈ ਹੁਣ ਐੱਨ. ਆਈ. ਏ. ਨੂੰ ਮਿਲੀ ਗੁਪਤ ਇਨਪੁਟ ਦੇ ਆਧਾਰ 'ਤੇ ਕੰਮ ਕੀਤਾ ਜਾ ਰਿਹਾ ਹੈ।
ਕੋਟਕਪੂਰਾ ਥਾਣੇ ਦਾ ਏ. ਐੱਸ. ਆਈ. ਗ੍ਰਿਫਤਾਰ
NEXT STORY