ਜਲੰਧਰ (ਪੁਨੀਤ)–ਆਊਟਸੋਰਸ ’ਤੇ 28 ਨਵੇਂ ਭਰਤੀ ਹੋਏ ਡਰਾਈਵਰਾਂ ਨੂੰ ਡਿਪੂ ਅਲਾਟ ਕੀਤੇ ਜਾਣ ਤੋਂ ਖ਼ਫਾ ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ, ਜਿਸ ਨਾਲ ਯਾਤਰੀਆਂ ਵਿਚ ਹਾਹਾਕਾਰ ਮਚ ਗਈ ਹੈ। ਸਰਕਾਰ ਅਤੇ ਮਹਿਕਮੇ ਵੱਲੋਂ ਯੂਨੀਅਨ ਨੂੰ ਮਨਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਸ਼ੁੱਕਰਵਾਰ ਨੂੰ ਵੀ ਹੜਤਾਲ ਜਾਰੀ ਰਹੇਗੀ, ਜਿਸ ਕਾਰਨ ਯਾਤਰੀਆਂ ਨੂੰ ਬੱਸਾਂ ਲਈ ਪ੍ਰੇਸ਼ਾਨੀ ਝੱਲਣੀ ਪਵੇਗੀ। ਸ਼ਾਮੀਂ 4 ਵਜੇ ਮੁੱਖ ਮੰਤਰੀ ਦੇ ਸਪੈਸ਼ਲ ਸਕੱਤਰ ਆਈ. ਏ. ਐੱਸ. ਅਧਿਕਾਰੀ ਰਵੀ ਭਗਤ ਨਾਲ ਯੂਨੀਅਨ ਦੀ ਮੀਟਿੰਗ ਰੱਖੀ ਗਈ ਹੈ, ਜਿਸ ਸਹਿਮਤੀ ਬਣਨ ਤੋਂ ਬਾਅਦ ਹੜਤਾਲ ਸਬੰਧੀ ਅਗਲਾ ਫ਼ੈਸਲਾ ਆਵੇਗਾ।
ਇਹ ਵੀ ਪੜ੍ਹੋ : ਅਰਸ਼ਦੀਪ ਸਿੰਘ ਨੇ ਦੁਨੀਆ ਭਰ 'ਚ ਵਧਾਇਆ ਜਲੰਧਰ ਦਾ ਮਾਣ, ਕੈਮਰੇ 'ਚ ਕੈਦ ਕੀਤੀ ਇਹ ਖ਼ੂਬਸੂਰਤ ਤਸਵੀਰ
ਅਹੁਦੇਦਾਰਾਂ ਨੇ ਕਿਹਾ ਕਿ ਯੂਨੀਅਨ ਨੇ ਆਊਟਸੋਰਸ ਭਰਤੀ ਡਰਾਈਵਰਾਂ ਦੀ ਨਿਯੁਕਤੀ ਰੱਦ ਕਰਨ ਲਈ ਸਰਕਾਰ ਨੂੰ ਦੁਪਹਿਰ ਤੱਕ ਦਾ ਸਮਾਂ ਦਿੱਤਾ ਸੀ ਪਰ ਤੈਅ ਸਮੇਂ ਦੌਰਾਨ ਮਹਿਕਮੇ ਵੱਲੋਂ ਨਿਯੁਕਤੀਆਂ ਰੱਦ ਕਰਨ ਸਬੰਧੀ ਕੋਈ ਚਿੱਠੀ ਜਾਰੀ ਨਹੀਂ ਕੀਤੀ ਗਈ। ਇਸ ਕਾਰਨ ਯੂਨੀਅਨ ਨੇ ਸੰਘਰਸ਼ ਸ਼ੁਰੂ ਕੀਤਾ ਹੈ। ਯੂਨੀਅਨ ਵੱਲੋਂ ਬੀਤੇ ਦਿਨ ਦੁਪਹਿਰ 3 ਵਜੇ ਦੇ ਲਗਭਗ ਬੱਸਾਂ ਦਾ ਚੱਕਾ ਜਾਮ ਕਰਨ ਦਾ ਫ਼ੈਸਲਾ ਲੈਣ ਤੋਂ ਬਾਅਦ ਜਿਹੜੀਆਂ ਬੱਸਾਂ ਬੱਸ ਅੱਡਿਆਂ ਜਾਂ ਡਿਪੂਆਂ ਵਿਚ ਖੜ੍ਹੀਆਂ ਸਨ, ਉਨ੍ਹਾਂ ਦੀ ਆਵਾਜਾਈ ਰੋਕ ਦਿੱਤੀ ਗਈ। ਜਦਕਿ ਰੂਟ ’ਤੇ ਚੱਲ ਰਹੀਆਂ ਬੱਸਾਂ ਨੇ ਡਿਪੂਆਂ ਵਿਚ ਵਾਪਸ ਆਉਣ ਤੋਂ ਬਾਅਦ ਅਗਲੀ ਆਵਾਜਾਈ ਰੋਕ ਦਿੱਤੀ। ਸ਼ਾਮ ਤੱਕ ਬੱਸਾਂ ਦੇ ਡਿਪੂਆਂ ਵਿਚ ਵਾਪਸ ਆਉਣ ਤੋਂ ਬਾਅਦ 1500 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋ ਚੁੱਕਾ ਸੀ। ਯੂਨੀਅਨ ਦਾ ਕਹਿਣਾ ਹੈ ਕਿ ਲੰਮੇ ਰੂਟਾਂ ਅਤੇ ਦੂਜੇ ਸੂਬਿਆਂ ਵਿਚ ਗਈਆਂ ਬੱਸਾਂ ਵਾਪਸ ਆਉਣ ਤੋਂ ਬਾਅਦ ਡਿਪੂਆਂ ਵਿਚ ਖੜ੍ਹੀਆਂ ਕਰ ਦਿੱਤੀਆਂ ਜਾਣਗੀਆਂ।
ਹੜਤਾਲ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਡਿਪੂਆਂ ਵਿਚ ਇਕੱਠੇ ਹੋਏ ਯੂਨੀਅਨ ਕਰਮਚਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜਲੰਧਰ ਡਿਪੂ-2 ਵਿਚ ਸੂਬਾਈ ਬੁਲਾਰੇ ਦਲਜੀਤ ਸਿੰਘ ਜੱਲੇਵਾਲ, ਡਿਪੂ ਪ੍ਰਧਾਨ ਸਤਪਾਲ ਸਿੰਘ ਸੱਤਾ ਦੀ ਅਗਵਾਈ ਵਿਚ ਹੋਏ ਰੋਸ ਪ੍ਰਦਰਸ਼ਨ ਵਿਚ ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੀ ਹੈ।
ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਵਿਭਾਗੀ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਆਊਟਸੋਰਸ ਵਿਚ ਭਰਤੀ ਪ੍ਰਕਿਰਿਆ ਰੋਕਣ ਦੀਆਂ ਗੱਲਾਂ ’ਤੇ ਕਈ ਵਾਰ ਸਹਿਮਤੀ ਬਣ ਚੁੱਕੀ ਹੈ ਪਰ ਇਸਦੇ ਉਲਟ ਜਾਂਦੇ ਹੋਏ ਬੁੱਧਵਾਰ ਨੂੰ 28 ਡਰਾਈਵਰਾਂ ਦੀ ਵੱਖ-ਵੱਖ ਡਿਪੂਆਂ ਵਿਚ ਨਿਯੁਕਤੀ ਬਾਰੇ ਚਿੱਠੀ ਜਾਰੀ ਕਰ ਦਿੱਤੀ ਗਈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਅਤੇ ਵਿਭਾਗ ਆਪਣੀਆਂ ਗੱਲਾਂ ’ਤੇ ਕਾਇਮ ਨਹੀਂ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ 28 ਡਰਾਈਵਰਾਂ ਦੀ ਨਿਯੁਕਤੀ ਰੱਦ ਕਰਕੇ ਆਊਟਸੋਰਸ ਟੀਮ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਰਕਾਰ ਵੱਲੋਂ 8-9 ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਫਾਈਲ ਨੂੰ ਅੱਗੇ ਨਹੀਂ ਵਧਾਇਆ ਗਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਇਆ ਇਕ ਹੋਰ ਟੋਲ ਪਲਾਜ਼ਾ, ਮਿਲੇਗੀ ਲੋਕਾਂ ਨੂੰ ਵੱਡੀ ਰਾਹਤ
ਰਾਤ ਨੂੰ ਡਿਪੂਆਂ ਦੇ ਬਾਹਰ ਡਟੇ ਰਹੇ ਯੂਨੀਅਨ ਆਗੂ
ਮਹਿਕਮੇ ਵੱਲੋਂ 28 ਡਰਾਈਵਰਾਂ ਦੀ ਭਰਤੀ ਕਰਕੇ ਉਨ੍ਹਾਂ ਨੂੰ ਰੂਟਾਂ ’ਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਯੂਨੀਅਨ ਦਾ ਕਹਿਣਾ ਹੈ ਕਿ ਵਿਭਾਗੀ ਅਧਿਕਾਰੀ ਸਾਜ਼ਿਸ਼ ਤਹਿਤ ਨਵੇਂ ਡਰਾਈਵਰਾਂ ਕੋਲੋਂ ਬੱਸਾਂ ਚਲਵਾ ਕੇ ਉਨ੍ਹਾਂ ਦੀ ਹੜਤਾਲ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਸਾਵਧਾਨੀ ਵਰਤਦਿਆਂ ਯੂਨੀਅਨ ਆਗੂ ਰਾਤ ਸਮੇਂ ਡਿਪੂਆਂ ਵਿਚ ਤਾਇਨਾਤ ਰਹੇ ਤਾਂ ਕਿ ਬੱਸਾਂ ਬਾਹਰ ਨਾ ਕੱਢੀਆਂ ਜਾ ਸਕਣ। ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਨਵੇਂ ਡਰਾਈਵਰਾਂ ਕੋਲੋਂ ਬੱਸਾਂ ਚਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਹੋਣ ਵਾਲੇ ਕਿਸੇ ਵੀ ਵਿਵਾਦ ਲਈ ਅਧਿਕਾਰੀ ਜ਼ਿੰਮਵਾਰ ਹੋਣਗੇ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਜਲੰਧਰ ਸਣੇ 7 ਜ਼ਿਲ੍ਹਿਆਂ 'ਚ 2 ਦਿਨ ਲੱਗਣਗੇ ਮੇਲੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਥਾਣਿਆਂ ’ਤੇ ਹਮਲੇ ਕਿਤੇ ਪੰਜਾਬ ’ਚ ਅੱਤਵਾਦ ਵੱਧਣ ਦੇ ਸੰਕੇਤ ਤਾਂ ਨਹੀਂ?
NEXT STORY