ਚੰਡੀਗੜ੍ਹ,(ਭੁੱਲਰ) : ਪੰਜਾਬ ਰੋਡਵੇਜ਼/ਪਨਬੱਸ ਕੰਟ੍ਰੈਕਟ ਵਰਕਰਜ਼ ਯੂਨੀਅਨ ਵਲੋਂ ਨਵੇਂ ਸਾਲ ਦੇ ਸ਼ੁਰੂ 'ਚ ਹੀ 3 ਦਿਨ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੰਗਾਂ ਪ੍ਰਤੀ ਰਾਜ ਸਰਕਾਰ ਦੇ ਰਵੱਈਏ 'ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਯੂਨੀਅਨ ਦੀ ਮੀਟਿੰਗ 'ਚ 5 ਦਸੰਬਰ ਨੂੰ ਮੁੜ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨਾਲ ਹੋਈਆਂ ਮੀਟਿੰਗਾਂ 'ਚ ਮਿਲੇ ਭਰੋਸਿਆਂ ਤੋਂ ਬਾਅਦ ਪਿਛਲੇ ਸਮੇਂ 'ਚ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਸੀ। ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਰੇਸ਼ਮ ਸਿੰਘ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਨਬੱਸ ਕਾਮਿਆਂ ਨਾਲ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਅਫ਼ਸਰਸ਼ਾਹੀ ਮਨਮਰਜ਼ੀ ਕਰ ਰਹੀ ਹੈ। ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ 'ਚ ਹੋਏ ਫੈਸਲੇ ਦੇ ਬਾਵਜੂਦ 2500 ਤਨਖ਼ਾਹ ਵਾਧੇ ਨੂੰ ਲਾਗੂ ਨਹੀਂ ਕਰ ਰਹੀ। ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ, ਕੈਸ਼ੀਅਰ ਬਲਜਿੰਦਰ ਸਿੰਘ ਕਿਹਾ ਕਿ ਨਵੇਂ ਠੇਕੇਦਾਰ ਨੂੰ ਲਿਆਉਣ ਲਈ ਸੰਤਰੀ-ਮੰਤਰੀ ਰਲ ਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਜਾਂ ਤਨਖ਼ਾਹ ਰੋਕ ਕੇ ਸੌਦੇ ਕਰਨ 'ਚ ਲੱਗੇ ਹੋਏ ਹਨ ਜਦੋਂਕਿ ਪੁਰਾਣੇ ਠੇਕੇਦਾਰ ਵੱਲ ਵਰਕਰਾਂ ਦਾ ਕਰੋੜਾਂ ਰੁਪਏ ਏਰੀਅਰ (ਮਿਨੀਮਮ ਵੇਜਿਜ਼ ਦਾ ਬਕਾਇਆ) ਪਿਆ ਹੈ। ਉਨ੍ਹਾਂ ਕਿਹਾ ਕਿ 2007 ਤੋਂ ਹੁਣ ਤੱਕ 4 ਕਰੋੜ ਰੁਪਏ ਦਾ ਘੋਟਾਲਾ ਹੋਇਆ ਹੈ, ਜਿਸ ਦੇ ਸਬੂਤ ਤੱਕ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਯੂਨੀਅਨ ਦੇ ਚੇਅਰਮੈਨ ਸਲਵਿੰਦਰ ਸਿੰਘ, ਉਪ ਚੇਅਰਮੈਨ ਬਲਵਿੰਦਰ ਸਿੰਘ ਰਾਂਠ ਦਾ ਕਹਿਣਾ ਹੈ ਕਿ ਉਹ ਹੁਣ ਮਜਬੂਰ ਹੋ ਕੇ ਮੁੜ ਅੰਦੋਲਨ ਦੇ ਰਾਹ ਪੈ ਰਹੇ ਹਨ। ਅੰਦੋਲਨ ਦੀ ਸ਼ੁਰੂਆਤ ਲਈ 5 ਦਸੰਬਰ ਨੂੰ ਸਾਰੇ ਡਿਪੂਆਂ 'ਚ ਗੇਟ ਰੈਲੀਆਂ ਤੇ 18 ਦਸੰਬਰ ਨੂੰ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਿਖੇ ਸਰਕਾਰ ਤੇ ਭ੍ਰਿਸ਼ਟ ਅਫ਼ਸਰਾਂ ਦੇ ਪੁਤਲੇ ਫੂਕੇ ਜਾਣਗੇ। 8 ਜਨਵਰੀ ਦੀ 3 ਦਿਨਾਂ ਦੀ ਹੜਤਾਲ ਤੋਂ ਬਾਅਦ ਮੁੱਖ ਮੰਤਰੀ ਜਾਂ ਟਰਾਂਸਪੋਰਟ ਮੰਤਰੀ ਦੇ ਸ਼ਹਿਰ ਅਤੇ ਜਾਂ ਫਿਰ ਰਾਜਧਾਨੀ ਚੰਡੀਗੜ੍ਹ ਵਿਖੇ ਵੱਡਾ ਰਾਜ ਪੱਧਰੀ ਰੋਸ ਪ੍ਰਦਰਸ਼ਨ ਕਰ ਕੇ ਅੰਦੋਲਨ ਨੂੰ ਅੱਗੇ ਵਧਾਇਆ ਜਾਵੇਗਾ।
ਹੈਰੋਇਨ ਦੀ ਖੇਪ ਸਮੇਤ ਨਸ਼ਾ ਤਸਕਰ ਗ੍ਰਿਫਤਾਰ
NEXT STORY