ਚੰਡੀਗੜ੍ਹ (ਬਿਊਰੋ) : ਤਰਲ ਮੈਡੀਕਲ ਆਕਸੀਜਨ (ਐੱਲ.ਐੱਮ.ਓ.) ਦੀ ਸਪਲਾਈ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਪੰਜਾਬ ਦੀ ਦੂਜੀ ਆਕਸੀਜਨ ਐਕਸਪ੍ਰੈਸ, ਹਜ਼ੀਰਾ ਤੋਂ ਚੱਲ ਕੇ 19 ਮਈ ਅੱਜ ਸ਼ਾਮ ਨੂੰ ਬਠਿੰਡਾ ਪਹੁੰਚ ਜਾਵੇਗੀ। ਇਸ ਵਿੱਚ 30 ਮੀਟਿ੍ਰਕ ਟਨ ਮੈਡੀਕਲ ਆਕਸੀਜਨ ਲਿਆਂਦੀ ਜਾ ਰਹੀ ਹੈ । ਇਸ ਨਾਲ ਪੰਜਾਬ ਦੇ ਦੱਖਣੀ ਹਿੱਸਿਆਂ ਵਿੱਚ ਇਸ ਜੀਵਨ ਰੱਖਿਅਕ ਆਕਸੀਜਨ ਦੀ ਉਲਬਧਤਾ ਵਿੱਚ ਤੇਜ਼ੀ ਆਵੇਗੀ । ਇਹ ਪ੍ਰਗਟਾਵਾ ਕਰਦਿਆਂ ਆਕਸੀਜਨ ਕੰਟਰੋਲ ਰੂਮ ਦੀ ਨਿਗਰਾਨੀ ਕਰ ਰਹੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਮਹਿਕਮੇ ਨੇ ਆਕਸੀਜਨ ਦੀ ਘਾਟ ‘ਤੇ ਕਾਬੂ ਪਾ ਲਿਆ ਹੈ ਅਤੇ ਕੋਵਿਡ ਮਰੀਜ਼ਾਂ ਨੂੰ ਲੋੜੀਂਦੀ ਅਤੇ ਨਿਰਵਿਘਨ ਮੈਡੀਕਲ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਸਾਰੇ ਸੰਭਵ ਸਰੋਤਾਂ ਨੂੰ ਜੁਟਾਇਆ ਗਿਆ ਹੈ। ਮਹਿਕਮੇ ਵਲੋਂ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ ਅਤਿ-ਲੋੜੀਂਦੀ ਆਕਸੀਜਨ ਦੀ ਸਪਲਾਈ ਨੂੰ ਹੋਰ ਸੁਚਾਰੂ ਬਨਾਉਣ ਲਈ ਮਾਰਕਫੈੱਡ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਹਿਲੀ ਆਕਸੀਜਨ ਐਕਸਪ੍ਰੈਸ ਬੋਕਾਰੋ ਤੋਂ ਫਿਲੌਰ ਤੱਕ ਚਲਾਈ ਗਈ ਸੀ ਜੋ ਕਿ ਹੁਣ ਨਿਰੰਤਰ ਰੂਪ ਵਿੱਚ ਪੰਜਾਬ ਲਈ 40 ਮੀਟਿ੍ਰਕ ਟਨ ਤਰਲ ਮੈਡੀਕਲ ਆਕਸੀਜਨ ਸਪਲਾਈ ਕਰਦੀ ਹੈ। ਇਹ ਆਕਸੀਜਨ ਪੰਜਾਬ ਦੇ ਕੇਂਦਰੀ ਅਤੇ ਉੱਤਰੀ ਭਾਗਾਂ ਵਿੱਚ ਵੰਡੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੋਕ ਨਿਰਮਾਣ ਵਿਭਾਗ ਦਾ ਕਾਰਨਾਮਾ, SDO ਬਣਾਉਣ ਲਈ ਸੀਨੀਆਰਟੀ ’ਚ ਕੀਤਾ ਅਜਿਹੇ ਫੇਰਬਦਲ ਕਿ ਜਾਣ ਹੋਵੋਗੇ ਹੈਰਾਨ
ਮਰੀਜ਼ਾਂ ਨੂੰ ਮਿਆਰੀ ਸਿਹਤ ਸਿਹੂਲਤਾਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਤਿਵਾੜੀ ਨੇ ਕਿਹਾ ਕਿ ਦੂਜੀ ਰੇਲ ਗੱਡੀ ਅੱਜ ਸ਼ਾਮ ਬਠਿੰਡਾ ਆ ਜਾਵੇਗੀ ਅਤੇ ਸਬੰਧਤ ਡਿਪਟੀ ਕਮਿਸ਼ਨਰ ਨੂੰ ਆਕਸੀਜਨ ਦੀ ਖੇਪ ਉਪਲਬਧ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਅਸੀਂ ਢੁਕਵੀਂ ਯੋਜਨਾਬੰਦੀ ਅਤੇ ਸਾਰੇ ਸੰਭਵ ਸਰੋਤਾਂ ਤੋਂ ਡਾਕਟਰੀ ਸਪਲਾਈ ਨੂੰ ਯਕੀਨੀ ਬਣਾਉਣ ‘ਤੇ ਕੰਮ ਕਰ ਰਹੇ ਹਾਂ ਅਤੇ ਸੂਬਾ ਸਰਕਾਰ ਹੁਣ ਕੇਂਦਰ ਸਰਕਾਰ ‘ਤੇ ਟੈਂਕਰਾਂ ਦੇ ਕੋਟੇ ਨੂੰ ਵਧਾਉਣ ਲਈ ਵੀ ਜ਼ੋਰ ਪਾ ਰਹੀ ਹੈ। ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਹਰ ਮਰੀਜ਼ ਲਈ ਲੋੜੀਂਦਆਂ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਪੂਰੀ ਸੁਹਿਰਦ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਵਾਇਰਸ ਦੇ ਫੈਲਾਅ ਦੀ ਲੜੀ ਨੂੰ ਤੋੜਨ ਲਈ ਲੋਕਾਂ ਨੂੰ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਬੈਂਸ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਡਾ.ਓਬਰਾਏ ਦੇ ਯਤਨਾਂ ਸਦਕਾ ਇਕ ਹੋਰ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜਿਆ
NEXT STORY