ਬਠਿੰਡਾ (ਵਿਜੇ ਵਰਮਾ) : ਬਠਿੰਡਾ ਨਗਰ ਨਿਗਮ ਦੀ ਸੋਮਵਾਰ ਨੂੰ ਮੇਅਰ ਪਦਮਜੀਤ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਹਾਊਸ ਦੀ ਮੀਟਿੰਗ 'ਚ ਸ਼ਹਿਰ ਦੇ ਵਿਕਾਸ, ਮੁਲਾਜ਼ਮਾਂ ਦੇ ਭਵਿੱਖ ਅਤੇ ਨਿਗਮ ਦੀਆਂ ਜਾਇਦਾਦਾਂ ਨਾਲ ਜੁੜੇ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ 'ਚ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ, ਮਾਲ ਰੋਡ ਦੀ ਮਲਟੀਸਟੋਰੀ ਪਾਰਕਿੰਗ ਦਾ ਠੇਕਾ ਰੱਦ ਕਰਨ, ਠੇਕੇਦਾਰ ਦੀ 17.42 ਲੱਖ ਰੁਪਏ ਦੀ ਬੈਂਕ ਗਾਰੰਟੀ ਜ਼ਬਤ ਕਰਨ, ਸਬਜ਼ੀ ਮੰਡੀ ਰੋਡ ਨੂੰ 80 ਫੁੱਟ ਚੌੜਾ ਕਰਨ ਅਤੇ ਵੱਖ-ਵੱਖ ਵਾਰਡਾਂ ਵਿੱਚ 20 ਵਿਕਾਸ ਕਾਰਜ ਕਰਵਾਉਣ ਦੇ ਮਤਿਆਂ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ ਦਾ ਸਭ ਤੋਂ ਅਹਿਮ ਅਤੇ ਭਾਵਨਾਤਮਕ ਪਹਿਲੂ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦਾ ਮਤਾ ਰਿਹਾ। ਜਿਵੇਂ ਹੀ ਹਾਊਸ ਵੱਲੋਂ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਗਈ, ਮੁਲਾਜ਼ਮਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਮੁਲਾਜ਼ਮ ਮੀਟਿੰਗ ਹਾਲ 'ਚ ਪਹੁੰਚੇ ਅਤੇ ਮੇਅਰ ਪਦਮਜੀਤ ਮਹਿਤਾ ਸਮੇਤ ਸਾਰੇ ਕੌਂਸਲਰਾਂ ਦਾ ਫੁੱਲਾਂ ਦੀ ਵਰਖਾ ਕਰਕੇ ਧੰਨਵਾਦ ਕੀਤਾ। ਇਸ ਫ਼ੈਸਲੇ ਨੂੰ ਨਿਗਮ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੀਵਾਲੀ ਦਾ ਵੱਡਾ ਤੋਹਫ਼ਾ ਮੰਨਿਆ ਜਾ ਰਿਹਾ ਹੈ। ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਇਹ ਇਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਹਾਊਸ 'ਚ ਮਤਾ ਪਾਸ ਕਰਵਾਉਣ ਤੋਂ ਬਾਅਦ ਇਸ ਨੂੰ ਪੰਜਾਬ ਸਰਕਾਰ ਕੋਲ ਭੇਜ ਕੇ ਅੰਤਿਮ ਮਨਜ਼ੂਰੀ ਦਿਵਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਤੇ ਨਿਗਮ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਇਸ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵਾਹਨਾਂ ਦੀ ਆਰ. ਸੀ. ਟਰਾਂਸਫਰ ਨੂੰ ਲੈ ਕੇ ਵੱਡੀ ਖ਼ਬਰ, RTO ਤੋਂ ਬਿਨਾਂ ਹੀ ਆਟੋ ਅਪਰੂਵ ਹੋ ਰਹੀ...
178 ਮੁਲਾਜ਼ਮਾਂ ਲਈ ਖੁੱਲ੍ਹੇਗਾ ਇਨਸੋਰਸ ਹੋਣ ਦਾ ਰਾਹ
ਪੰਜਾਬ ਸਰਕਾਰ ਦੇ 26 ਅਗਸਤ 2026 ਦੇ ਨੋਟੀਫਿਕੇਸ਼ਨ ਅਤੇ ਪੰਜਾਬ ਸਟੇਟ ਆਊਟਸੋਰਸਡ ਪਰਸੋਨਲ (ਟ੍ਰਾਂਜ਼ਿਸ਼ਨ ਟੂ ਕਾਂਟਰੈਕਚੁਅਲ ਐਂਗੇਜਮੈਂਟ) ਐਕਟ 2026 ਤਹਿਤ ਨਗਰ ਨਿਗਮ ਵੱਲੋਂ ਮੁਲਾਜ਼ਮਾਂ ਦੀ ਯੋਗਤਾ ਦੀ ਜਾਂਚ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ 24 ਸਤੰਬਰ ਨੂੰ ਮੀਟਿੰਗ ਕਰਕੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੁਲਾਜ਼ਮਾਂ ਦੀ ਹਾਜ਼ਰੀ, ਸੇਵਾ ਰਿਕਾਰਡ ਅਤੇ ਯੋਗਤਾ ਦੀ ਜਾਂਚ ਕੀਤੀ। ਏਜੰਡੇ 'ਚ ਦਿੱਤੀ ਜਾਣਕਾਰੀ ਅਨੁਸਾਰ, ਹਾਜ਼ਰੀ ਵਾਲੀ ਸ਼੍ਰੇਣੀ ਦੇ 44 ਮੁਲਾਜ਼ਮਾਂ ਵਿੱਚੋਂ 33 ਯੋਗ ਅਤੇ 11 ਅਯੋਗ ਪਾਏ ਗਏ। ਇਸੇ ਤਰ੍ਹਾਂ ਨਾਨ-ਹਾਜ਼ਰੀ ਸ਼੍ਰੇਣੀ ਵਿੱਚ 460 ਮੁਲਾਜ਼ਮਾਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 178 ਯੋਗ ਅਤੇ 268 ਅਯੋਗ ਪਾਏ ਗਏ। ਯੋਗ ਮੁਲਾਜ਼ਮਾਂ ਵਿੱਚ ਵਿੱਤ ਅਤੇ ਲੇਖਾ ਸ਼ਾਖਾ, ਓਐਂਡਐੱਮ, ਬਾਗਬਾਨੀ, ਜਨਰਲ ਅਤੇ ਵਾਟਰ ਸਪਲਾਈ ਤੇ ਸੀਵਰੇਜ ਸ਼ਾਖਾ ਦੇ ਮੁਲਾਜ਼ਮ ਸ਼ਾਮਲ ਹਨ। ਇਨ੍ਹਾਂ ਯੋਗ ਮੁਲਾਜ਼ਮਾਂ ਨੂੰ ਆਊਟਸੋਰਸ ਤੋਂ ਇਨਸੋਰਸ ਕਰਨ ਦੇ ਮਤੇ ਨੂੰ ਹਾਊਸ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਹਾਲਾਂਕਿ, ਇਸ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਲਈ ਪੰਜਾਬ ਸਰਕਾਰ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਮੁਲਾਜ਼ਮਾਂ ਨੂੰ ਉਮੀਦ ਹੈ ਕਿ ਬਾਕੀ ਮੁਲਾਜ਼ਮਾਂ ਵੱਲੋਂ ਪੰਜ ਸਾਲ ਦੀ ਨਿਰਧਾਰਤ ਸੇਵਾ ਮਿਆਦ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਲਈ ਵੀ ਇਸ ਵਿਵਸਥਾ ਦਾ ਰਾਹ ਆਸਾਨ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ : ਤਨਖ਼ਾਹ ਨਾ ਮਿਲਣ 'ਤੇ ਮੁਲਾਜ਼ਮ ਨੇ ਜੋ ਕੀਤਾ, ਕਿਸੇ ਨੇ ਸੋਚਿਆ ਵੀ ਨਾ ਸੀ
ਪਾਰਕਿੰਗ ਦਾ ਠੇਕਾ ਰੱਦ ਕਰਨ ਦਾ ਫ਼ੈਸਲਾ
ਨਗਰ ਨਿਗਮ ਨੇ ਮਾਲ ਰੋਡ ਸਥਿਤ ਮਲਟੀਸਟੋਰੀ ਕਾਰ ਪਾਰਕਿੰਗ ਦੇ ਠੇਕੇਦਾਰ ਖ਼ਿਲਾਫ਼ ਵੀ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਹਾਊਸ ਨੇ ਪਾਰਕਿੰਗ ਦਾ ਠੇਕਾ ਰੱਦ ਕਰਨ ਅਤੇ ਠੇਕੇਦਾਰ ਦੀ 17.42 ਲੱਖ ਰੁਪਏ ਦੀ ਬੈਂਕ ਗਾਰੰਟੀ ਜ਼ਬਤ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ। ਜਾਣਕਾਰੀ ਅਨੁਸਾਰ, ਨਿਗਮ ਵੱਲੋਂ ਇਹ ਠੇਕਾ ਗੁਰਮੇਲ ਸਿੰਘ ਵਿਰਕ ਨੂੰ 21 ਜੂਨ 2023 ਤੋਂ 20 ਜੂਨ 2028 ਤੱਕ ਸਲਾਨਾ 69.98 ਲੱਖ ਰੁਪਏ ਦੀ ਬੋਲੀ ’ਤੇ ਦਿੱਤਾ ਗਿਆ ਸੀ। ਨਿਗਮ ਦਾ ਦੋਸ਼ ਹੈ ਕਿ ਠੇਕੇਦਾਰ ਨੇ 10 ਅਗਸਤ 2025 ਤੋਂ ਪਾਰਕਿੰਗ ਦੀਆਂ ਬਕਾਇਆ ਕਿਸ਼ਤਾਂ ਜਮ੍ਹਾਂ ਨਹੀਂ ਕਰਵਾਈਆਂ। 10 ਅਗਸਤ 2025 ਤੋਂ 9 ਅਕਤੂਬਰ 2026 ਤੱਕ ਬਕਾਇਆ ਰਕਮ ਵਧ ਕੇ 97,79,588 ਰੁਪਏ ਹੋ ਗਈ। ਨਿਗਮ ਵੱਲੋਂ ਕਈ ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਭੁਗਤਾਨ ਨਹੀਂ ਕੀਤਾ ਗਿਆ। ਠੇਕੇਦਾਰ ਨੇ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਏਜੰਡੇ ਅਨੁਸਾਰ ਅਦਾਲਤ ਵੱਲੋਂ ਅਜੇ ਤੱਕ ਕੋਈ ਸਟੇਅ ਆਰਡਰ ਜਾਰੀ ਨਹੀਂ ਕੀਤਾ ਗਿਆ। ਇਸ ਦੇ ਚੱਲਦਿਆਂ ਨਿਗਮ ਨੇ ਠੇਕਾ ਰੱਦ ਕਰਨ ਅਤੇ ਬੈਂਕ ਗਾਰੰਟੀ ਜ਼ਬਤ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਨਿਗਮ ਬਕਾਇਆ ਰਕਮ ਦੀ ਵਸੂਲੀ ਲਈ ਅੱਗੇ ਕੀ ਕਾਰਵਾਈ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ 'ਚ ਵੱਡਾ ਹਾਦਸਾ, ਕਾਲਜ ਜਾ ਰਹੇ 2 ਦੋਸਤਾਂ ਦੀ ਮੌਤ
NEXT STORY