ਚੰਡੀਗੜ੍ਹ (ਬਿਊਰੋ) : ਨਸ਼ਾ-ਮੁਕਤ ਅਤੇ ਲਾਲਚ-ਰਹਿਤ ਢੰਗ ਨਾਲ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਸੂਬੇ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਐਨਫੋਰਸਮੈਂਟ ਟੀਮਾਂ ਵੱਲੋਂ ਜ਼ਾਬਤੇ ਦੀ ਉਲੰਘਣਾ ਦੇ ਸਬੰਧ ’ਚ 407.15 ਕਰੋੜ ਰੁਪਏ ਦੀ ਕੀਮਤ ਦੀਆਂ ਵਸਤਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ. ਈ. ਓ.) ਡਾ. ਐੱਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਵੱਖ-ਵੱਖ ਨਿਗਰਾਨ ਟੀਮਾਂ ਨੇ ਹੁਣ ਤੱਕ 1.18 ਲੱਖ ਲੀਟਰ ਜਾਇਜ਼ ਸ਼ਰਾਬ, 34650 ਲੀਟਰ ਨਾਜਾਇਜ਼ ਸ਼ਰਾਬ, 15.53 ਲੱਖ ਲੀਟਰ ਲਾਹਣ, 4170 ਕਿਲੋਗ੍ਰਾਮ ਭੁੱਕੀ, 32.70 ਕਿਲੋ ਅਫੀਮ, 164 ਕਿਲੋ ਗਾਂਜਾ, 33141 ਗ੍ਰਾਮ ਹੈਰੋਇਨ, 263 ਗ੍ਰਾਮ ਸਮੈਕ, 7456 ਗ੍ਰਾਮ ਚਰਸ, 10784 ਕੈਪਸੂਲ, 479 ਸ਼ੀਸ਼ੀਆਂ ਅਤੇ 473733 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਿਗਰਾਨ ਟੀਮ ਨੇ 27.85 ਕਰੋੜ ਰੁਪਏ ਦੀ ਨਕਦੀ, 8778.73 ਗ੍ਰਾਮ ਸੋਨਾ, 9775.72 ਗ੍ਰਾਮ ਚਾਂਦੀ ਅਤੇ 913.76 ਗ੍ਰਾਮ ਗਹਿਣੇ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੂਬੇ ’ਚ ਹੁਣ ਤੱਕ 121 ਹਥਿਆਰ, 6 ਕਿਲੋਗ੍ਰਾਮ ਵਿਸਫੋਟਕ ਸਮੱਗਰੀ, 709 ਕਾਰਤੂਸ ਅਤੇ 11 ਬੰਬ ਜ਼ਬਤ ਕੀਤੇ ਗਏ ਹਨ ਅਤੇ ਕੁਲ 14 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਢੁੱਕਵੀਂ ਗਿਣਤੀ ’ਚ ਕੇਂਦਰੀ ਪੈਰਾ ਮਿਲਟਰੀ ਫੋਰਸਿਸ, ਜਿਨ੍ਹਾਂ ’ਚ ਸੀ. ਆਰ. ਪੀ. ਐੱਫ., ਬੀ. ਐੱਸ. ਐੱਫ., ਸੀ. ਆਈ. ਐੱਸ. ਐੱਫ., ਆਈ. ਟੀ. ਬੀ. ਪੀ. ਅਤੇ ਐੱਸ. ਐੱਸ. ਬੀ. ਸ਼ਾਮਲ ਹਨ, ਦੇ ਜਵਾਨਾਂ ਵੱਲੋਂ ਪਹਿਲਾਂ ਹੀ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਖੇਤਰਾਂ ਅਤੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਵੱਡੇ ਜ਼ਿਲ੍ਹਿਆਂ ’ਚ ਸੁਰੱਖਿਆ ਅਭਿਆਸ ਕੀਤੇ ਜਾ ਰਹੇ ਹਨ। ਡਾ. ਰਾਜੂ ਨੇ ਦੱਸਿਆ ਕਿ ਸੁਰੱਖਿਆ ਦੀ ਦੂਜੀ ਲਾਈਨ ’ਤੇ ਕੁਲ 56 ਨਾਕੇ ਲਗਾਏ ਗਏ ਹਨ, ਜਿਨ੍ਹਾਂ ’ਚ ਅੰਮ੍ਰਿਤਸਰ ਦਿਹਾਤੀ ’ਚ 7, ਬਟਾਲਾ ’ਚ 6, ਗੁਰਦਾਸਪੁਰ ’ਚ 10, ਪਠਾਨਕੋਟ ’ਚ 6, ਤਰਨਤਾਰਨ ’ਚ 7, ਫਿਰੋਜ਼ਪੁਰ ’ਚ 12 ਅਤੇ ਫਾਜ਼ਿਲਕਾ ’ਚ ਅੱਠ ਨਾਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੁਲ 276 ਅੰਤਰਰਾਜੀ ਨਾਕੇ ਵੀ ਲਗਾਏ ਗਏ ਹਨ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 1346 ਵੱਧ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 4272 ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ, ਜਿਨ੍ਹਾਂ ’ਚੋਂ 3674 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕਾਰਵਾਈ ਵਿੱਢੀ ਜਾ ਚੁੱਕੀ ਹੈ, ਜਦਕਿ ਬਾਕੀਆਂ ਵਿਰੁੱਧ ਵੀ ਜਲਦ ਮਾਮਲਾ ਦਰਜ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ. ਆਰ. ਪੀ. ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 2260 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਹੀ 3093 ਗੈਰ-ਜ਼ਮਾਨਤੀ ਵਾਰੰਟਾਂ ਦੇ ਕੇਸਾਂ ’ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਭਰ ’ਚ 24141 ਨਾਕੇ ਲਾਏ ਗਏ ਹਨ। ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ’ਚ ਕੁਲ 3,90,170 ਲਾਇਸੈਂਸੀ ਹਥਿਆਰਾਂ ’ਚੋਂ ਹੁਣ ਤੱਕ 3,79,258 ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ, ਜਦਕਿ ਸੂਬੇ ’ਚ 121 ਬਿਨਾਂ ਲਾਇਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ। ਡਾ. ਰਾਜੂ ਨੇ ਕਿਹਾ ਕਿ ਪੰਜਾਬ ਪੁਲਸ ਇਨ੍ਹਾਂ ਕਰਮਚਾਰੀਆਂ ਨਾਲ ਮਿਲ ਕੇ ਨਿਰਪੱਖ, ਸੁਰੱਖਿਅਤ ਅਤੇ ਲਾਲਚ-ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ।
ਪੰਜਾਬ ਐਂਡ ਸਿੰਧ ਬੈਂਕ 'ਚ ਡਾਕਾ, 3.62 ਲੱਖ ਲੁੱਟੇ
NEXT STORY