ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਪੰਜਾਬ ਨੂੰ ਦਰਪੇਸ਼ ਅਸਲ ਮੁੱਦਿਆਂ ’ਤੇ ਲੜਨ ਅਤੇ ਝੂਠੀ ਅਤੇ ਆਧਾਰਹੀਣ ਦੂਸ਼ਣਬਾਜ਼ੀ ਤੋਂ ਗੁਰੇਜ਼ ਕਰਨ, ਨਹੀਂ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਹੇਠ ਬਣਾਈ ਸਬ ਕਮੇਟੀ ਸੋਸ਼ਲ ਮੀਡੀਆ ’ਤੇ ਚਰਿੱਤਰ ਹਨਣ ਲਈ ਲਗਾਏ ਜਾਣ ਵਾਲੇ ਸਾਰੇ ਆਧਾਰਹੀਣ ਦੋਸ਼ਾਂ ਦੇ ਮਾਮਲੇ ਵੇਖੇਗੀ। ਕਲੇਰ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਝੂਠੇ ਅਤੇ ਕੂੜ ਪ੍ਰਚਾਰ ਦੇ ਮਾਮਲਿਆਂ ਲਈ ਇਹ 12 ਮੈਂਬਰੀ ਸਬ ਕਮੇਟੀ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਝੂਠੇ ਅਤੇ ਕੂੜ ਪ੍ਰਚਾਰ 'ਚ ਲੱਗੇ ਲੋਕਾਂ ਦੇ ਖ਼ਿਲਾਫ਼ ਮਾਣਹਾਨੀ ਦੇ ਕੇਸ ਕੀਤੇ ਜਾਣਗੇ। ਐਡਵੋਕੇਟ ਕਲੇਰ ਅਤੇ ਐਡਵੋਕੇਟ ਧਾਰਨੀ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਹਦਾਇਤਾਂ ਕੀਤੀਆਂ ਹਨ ਕਿ ਇਹ ਕਮੇਟੀ ਸਾਰੇ ਪੇਜ, ਵੈੱਬਸਾਈਟਾਂ, ਚੈਨਲਾਂ ਅਤੇ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਸਾਰੇ ਸਰੋਤ ਨਿਯਮਿਤ ਤੌਰ ’ਤੇ ਚੈੱਕ ਕਰੇ। ਉਨ੍ਹਾਂ ਇਹ ਵੀ ਦੱਸਿਆ ਕਿ ਆਉਂਦੇ ਦਿਨਾਂ 'ਚ ਜ਼ਿਲ੍ਹਾ ਪੱਧਰ ’ਤੇ ਵੀ ਅਜਿਹੀਆਂ ਟੀਮਾਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਡਵੋਕੇਟ ਪਰਮਜੀਤ ਸਿੰਘ ਬਰਾੜ ਤੇ ਗੁਰਵੀਰ ਸਿੰਘ ਸਿੱਧੂ ਨੂੰ ਇਸ ਪੈਨਲ ਵਿਚ ਸਪੈਸ਼ਲਲ ਇਨਵਾਇਟੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਡਿਜੀਟਲ ਚੈਨਲ ਜਾਂ ਬਰੋਡ ਕਾਸਟਰ ਅਜਿਹੀ ਕੋਈ ਖ਼ਬਰ ਨਸ਼ਰ ਕਰਨਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਸਬੰਧਿਤ ਵਿਅਕਤੀਆਂ ਜਾਂ ਉਨ੍ਹਾਂ ਦੇ ਪ੍ਰਤੀਨਿਧਾਂ ਕੋਲੋਂ ਅਜਿਹੇ ਬਿਆਨਾਂ ’ਤੇ ਹਸਤਾਖ਼ਰ ਕਰਵਾਏ। ਉਨ੍ਹਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਝੂਠੇ ਬਿਰਤਾਂਤ ਸਿਰਜਣ ਅਤੇ ਚਰਿੱਤਰ ਹਨਣ ਦੀਆਂ ਆਦਿ ਹਨ। ਉਨ੍ਹਾਂ ਕਿਹਾ ਕਿ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ’ਤੇ ਅਸੀਂ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਜੋ ਮਰਜ਼ੀ ਨਹੀਂ ਬੋਲ ਸਕਦੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਨੋਟਿਸਾਂ ਦਾ ਸਾਹਮਣਾ ਕਰਨ ਤੇ ਫੌਜਦਾਰੀ ਮਾਣਹਾਨੀ ਦੇ ਕੇਸਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਬਰਾੜ, ਰਵੀ ਰਾਣਾ, ਕੇ ਐਸ ਮਥਾੜੂ, ਰਵਿੰਦਰ ਸਿੰਘ ਸਾਂਪਲਾ, ਪੁਨੀਤਇੰਦਰ ਸਿੰਘ ਕੰਗ, ਰਮਨਦੀਪ ਕੌਰ ਭੱਠਲ, ਮਨਪ੍ਰੀਤ ਸਿੰਘ ਧਾਲੀਵਾਲ ਅਤੇ ਅਰਸ਼ਦੀਪ ਸਿੰਘ ਸਰਾਂ ਵੀ ਹਾਜ਼ਰ ਸਨ।
ਸਕੂਲ ਵੈਨ ਅਤੇ ਮੋਟਰਸਾਈਕਲ ਦੀ ਟੱਕਰ, ਦੋ ਜ਼ਖਮੀ
NEXT STORY