ਬਰਨਾਲਾ/ਧਨੌਲਾ (ਵਿਵੇਕ): ਬਰਨਾਲਾ ਜ਼ਿਲ੍ਹੇ ਦੇ ਪੁਲਸ ਥਾਣਾ ਧਨੌਲਾ ਦੇ ਅਧੀਨ ਆਉਂਦੇ ਪਿੰਡ ਕੁੱਬੇ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵੱਡੇ ਭਰਾ ਵੱਲੋਂ ਆਪਣੇ ਹੀ ਛੋਟੇ ਭਰਾ ਦਾ ਗੰਡਾਸਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 32 ਸਾਲਾ ਹਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਜੋਂ ਹੋਈ ਹੈ, ਜਿਸ ਦੀ ਖੂਨ ਨਾਲ ਲੱਥਪੱਥ ਲਾਸ਼ ਸਰ੍ਹੋਂ ਦੇ ਖੇਤ ਵਿਚੋਂ ਬਰਾਮਦ ਕੀਤੀ ਗਈ। ਇਸ ਹਮਲੇ ਦੌਰਾਨ ਹਰਜੀਤ ਸਿੰਘ ਦਾ ਦੋਸਤ ਸੰਦੀਪ ਸਿੰਘ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ।
ਜਾਣਕਾਰੀ ਅਨੁਸਾਰ, ਮ੍ਰਿਤਕ ਹਰਜੀਤ ਸਿੰਘ ਅਤੇ ਉਸ ਦਾ ਵੱਡਾ ਭਰਾ ਗੁਰਦੀਪ ਸਿੰਘ ਪਿੰਡ ਕੁੱਬੇ ਦੇ ਰਹਿਣ ਵਾਲੇ ਸਨ, ਪਰ ਉਨ੍ਹਾਂ ਦੀ ਜ਼ਮੀਨ ਗੁਆਂਢੀ ਪਿੰਡ ਬੁਗਰਾਂ (ਥਾਣਾ ਲੌਂਗੋਵਾਲ) ਦੀ ਹੱਦ ਵਿਚ ਪੈਂਦੀ ਹੈ। ਇਹ ਦੋਵੇਂ ਭਰਾ ਖੇਤੀਬਾੜੀ ਦੇ ਨਾਲ-ਨਾਲ ਸਬਜ਼ੀ ਉਗਾਉਣ ਦਾ ਕੰਮ ਵੀ ਕਰਦੇ ਸਨ। ਬੀਤੇ ਦਿਨ ਹਰਜੀਤ ਸਿੰਘ ਆਪਣੇ ਦੋਸਤ ਸੰਦੀਪ ਸਿੰਘ ਨਾਲ ਖੇਤ ਵਿਚ ਸਥਿਤ ਮੋਟਰ ਵਾਲੇ ਕਮਰੇ 'ਤੇ ਬੈਠਾ ਸੀ, ਜਿਸ ਦੌਰਾਨ ਵੱਡਾ ਭਰਾ ਗੁਰਦੀਪ ਸਿੰਘ ਉੱਥੇ ਪਹੁੰਚ ਗਿਆ। ਪਹਿਲਾਂ ਦੋਵਾਂ ਭਰਾਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜੋ ਹੌਲੀ-ਹੌਲੀ ਖੂਨੀ ਝੜਪ ਵਿਚ ਬਦਲ ਗਈ। ਗੁੱਸੇ ਵਿਚ ਆਏ ਗੁਰਦੀਪ ਸਿੰਘ ਨੇ ਗੰਡਾਸੇ ਨਾਲ ਆਪਣੇ ਛੋਟੇ ਭਰਾ ਹਰਜੀਤ ਸਿੰਘ ਦੇ ਸਿਰ 'ਤੇ ਕਈ ਵਾਰ ਕੀਤੇ। ਹਮਲਾ ਇੰਨਾ ਭਿਆਨਕ ਸੀ ਕਿ ਹਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਿਚ-ਬਚਾਅ ਕਰਨ ਆਇਆ ਸੰਦੀਪ ਸਿੰਘ ਵੀ ਇਸ ਹਮਲੇ ਵਿਚ ਜ਼ਖ਼ਮੀ ਹੋ ਗਿਆ, ਜੋ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਵਿਚ ਸਫਲ ਰਿਹਾ।
ਨਸ਼ਾ ਬਣਿਆ ਕਲੇਸ਼ ਦੀ ਜੜ੍ਹ
ਡੀ.ਐੱਸ.ਪੀ. ਹਰਵਿੰਦਰ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਮੁੱਢਲੀ ਜਾਂਚ ਵਿਚ ਹੱਤਿਆ ਦਾ ਮੁੱਖ ਕਾਰਨ 'ਨਸ਼ਾ' ਸਾਹਮਣੇ ਆਇਆ ਹੈ। ਮ੍ਰਿਤਕ ਹਰਜੀਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਉਸ 'ਤੇ ਪਹਿਲਾਂ ਵੀ ਨਸ਼ੇ ਅਤੇ ਲੜਾਈ-ਝਗੜੇ ਦੇ ਕਈ ਮੁਕੱਦਮੇ ਦਰਜ ਸਨ। ਵੱਡਾ ਭਰਾ ਗੁਰਦੀਪ ਸਿੰਘ ਅਕਸਰ ਉਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਜਿਸ ਕਾਰਨ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਕੱਲ੍ਹ ਵੀ ਨਸ਼ੇ ਦੇ ਮੁੱਦੇ 'ਤੇ ਹੋਈ ਤਕਰਾਰ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਗੁਰਦੀਪ ਸਿੰਘ ਨੇ ਆਪਣੇ ਭਰਾ ਦੀ ਹੀ ਹੱਤਿਆ ਕਰ ਦਿੱਤੀ। ਮੋਟਰ ਵਾਲੇ ਕਮਰੇ ਤੋਂ ਪੁਲਸ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਖੂਨ ਦੇ ਨਿਸ਼ਾਨ ਵੀ ਮਿਲੇ ਹਨ।
ਪਤਾ ਲੱਗਾ ਹੈ ਕਿ ਦੋਵਾਂ ਭਰਾਵਾਂ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਹਰਜੀਤ ਸਿੰਘ ਕੁਆਰਾ ਸੀ ਅਤੇ ਆਪਣੇ ਵੱਡੇ ਭਰਾ ਨਾਲ ਹੀ ਰਹਿੰਦਾ ਸੀ। ਨਸ਼ੇ ਦੀ ਆਦਤ ਨੇ ਨਾ ਸਿਰਫ਼ ਹਰਜੀਤ ਸਿੰਘ ਦੀ ਜ਼ਿੰਦਗੀ ਖ਼ਤਮ ਕੀਤੀ, ਸਗੋਂ ਵੱਡੇ ਭਰਾ ਨੂੰ ਵੀ ਕਾਤਲ ਬਣਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇ ਚਚੇਰੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਗੁਰਦੀਪ ਸਿੰਘ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲੌਂਗੋਵਾਲ ਦੀ ਪੁਲਸ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਡੀ.ਐੱਸ.ਪੀ. ਹਰਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜੇਕਰ ਇਸ ਮਾਮਲੇ ਵਿਚ ਕੋਈ ਹੋਰ ਵਿਅਕਤੀ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿੰਡ ਦੇ ਸਰਪੰਚ ਹਰਦੇਵ ਸਿੰਘ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਸ਼ੇ ਕਾਰਨ ਹੋਏ ਇਸ ਝਗੜੇ ਨੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਉੱਥੇ ਹੀ ਪੁਲਸ ਨੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਗੱਲ ਦੁਹਰਾਈ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।
ਭਾਜਪਾ ਆਗੂਆਂ ਵੱਲੋਂ ਪੰਜਾਬ ਦਾ ਇਹ ਵੱਡਾ ਸ਼ਹਿਰ ਬੰਦ ਕਰਨ ਦੀ ਚਿਤਾਵਨੀ, ਜਾਣੋ ਕੀ ਪਿਆ ਰੱਫੜ
NEXT STORY