ਲੁਧਿਆਣਾ (ਰਾਜ): ਲੁਧਿਆਣਾ ਤੋਂ ਖੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰਨ ਦੀ ਨੀਅਤ ਨਾਲ ਉਸ ਨੂੰ ਘਰ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਗਲੀ ਵਿਚ ਸੁੱਟ ਦਿੱਤਾ। ਇਸ ਜਾਨਲੇਵਾ ਹਮਲੇ ਵਿਚ ਪੀੜਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਾਲਾਂਕਿ, ਇਹ ਘਟਨਾ 2 ਮਹੀਨੇ ਪੁਰਾਣੀ ਹੈ, ਪਰ ਕਾਰਵਾਈ ਹੁਣ ਹੋਈ ਹੈ। ਇਸ ਮਾਮਲੇ ਵਿਚ ਹੁਣ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਪ੍ਰੇਮ ਨਗਰ ਦੇ ਮਹਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਮੁਲਜ਼ਮ ਵੱਡੇ ਭਰਾ ਹੰਸਰਾਜ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਮਹਿੰਦਰ ਨੇ ਦੱਸਿਆ ਕਿ ਬੀਤੀ 26 ਦਸੰਬਰ ਦੀ ਰਾਤ ਉਹ ਆਪਣੇ ਘਰ ਦੀ ਪਹਿਲੀ ਮੰਜ਼ਿਲ 'ਤੇ ਗੂੜ੍ਹੀ ਨੀਂਦ ਵਿਚ ਸੁੱਤਾ ਹੋਇਆ ਸੀ। ਇਸ ਦੌਰਾਨ ਉਸ ਦਾ ਵੱਡਾ ਭਰਾ ਹੰਸਰਾਜ ਅਚਾਨਕ ਉੱਥੇ ਧਮਕ ਪਿਆ ਅਤੇ ਉੱਚੀ ਆਵਾਜ਼ ਵਿਚ ਗਾਲ੍ਹਾਂ ਕੱਢਣ ਲੱਗਾ। ਸਿਰ 'ਤੇ ਸਵਾਰ ਖੂਨ ਦੇ ਕਾਰਨ ਮੁਲਜ਼ਮ ਨੇ ਘਰ ਦੇ ਸਾਮਾਨ ਦੀ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਪੂਰੇ ਘਰ ਨੂੰ ਤਹਿਸ-ਨਹਿਸ ਕਰ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਮੁਲਜ਼ਮ ਦਾ ਗੁੱਸਾ ਇੱਥੇ ਹੀ ਸ਼ਾਂਤ ਨਹੀਂ ਹੋਇਆ। ਉਹ ਚੀਕਦਾ ਹੋਇਆ ਛੱਤ 'ਤੇ ਪਹੁੰਚ ਗਿਆ ਜਿੱਥੇ ਉਸ ਨੇ ਸੌਂ ਰਹੇ ਆਪਣੇ ਛੋਟੇ ਭਰਾ ਨਾਲ ਪਹਿਲਾਂ ਜੰਮ ਕੇ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਬੇਰਹਿਮੀ ਨਾਲ ਦੂਜੀ ਮੰਜ਼ਿਲ ਤੋਂ ਸਿੱਧਾ ਹੇਠਾਂ ਗਲੀ ਵਿਚ ਸੁੱਟ ਦਿੱਤਾ। ਅਚਾਨਕ ਹੋਏ ਇਸ ਹਮਲੇ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਭਾਰੀ ਸ਼ੋਰ ਸੁਣ ਕੇ ਲੋਕ ਇਕੱਠੇ ਹੋ ਗਏ। ਫਿਲਹਾਲ ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ! ਸਹੇਲੀ ਤੋਂ ਦੁਖੀ ਮੁੰਡੇ ਨੇ ਗਲ਼ ਲਾਈ ਮੌਤ
NEXT STORY