ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਦੀ ਰਾਜਨੀਤੀ ਉਸ ਵੇਲੇ ਗਰਮਾ ਗਈ ਜਦੋਂ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦੇ 16 ਸਾਲਾ ਨਾਬਾਲਗ ਪੁੱਤਰ ਵਿਰੁੱਧ ਪੁਲਸ ਵੱਲੋਂ ਚਾਈਨਾ ਡੋਰ ਸਬੰਧੀ ਐੱਫ.ਆਈ.ਆਰ. ਦਰਜ ਕੀਤੀ ਗਈ। ਨਗਰ ਨਿਗਮ ਚੋਣਾਂ ਦੇ ਨੇੜੇ ਇਸ ਮਾਮਲੇ ਦੇ ਉੱਪਰ ਆਉਣ ਨਾਲ ਸ਼ਹਿਰ ਵਿਚ ਸਿਆਸੀ ਤੂਫ਼ਾਨ ਵਾਂਗ ਮਾਹੌਲ ਬਣ ਗਿਆ ਹੈ। ਇਸ ਮਾਮਲੇ ਨੇ ਨਾ ਕੇਵਲ ਲੋਟਾ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਸ਼ਹਿਰ ਦੀ ਰਾਜਨੀਤੀ ਵਿੱਚ ਤਿੱਖੀ ਤਲਖ਼ੀ ਪੈਦਾ ਕਰ ਦਿੱਤੀ ਹੈ।
ਮਹੇਸ਼ ਲੋਟਾ ਨੇ ਲਾਈਵ ਹੋ ਕੇ ਕਿਹਾ—“ਇਹ ਰਾਜਨੀਤਿਕ ਬਦਲੇ ਦੀ ਕਾਰਵਾਈ”
ਲੋਟਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਦੋਸ਼ ਲਾਇਆ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਸਿਆਸੀ ਰਚਨਾਬੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਇਕ ਸੱਤਾਧਾਰੀ ਆਗੂ ਦੇ ਖ਼ਿਲਾਫ਼ ਨਗਰ ਨਿਗਮ ਚੋਣਾਂ ਵਿਚ ਖੜ੍ਹਣ ਦਾ ਇਰਾਦਾ ਜਤਾਇਆ ਹੈ, ਉਸੇ ਦਿਨ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਟਾਰਗਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਬਾਲਗ ਪੁੱਤਰ ਦੇ ਖ਼ਿਲਾਫ਼ ਦਰਜ ਝੂਠਾ ਮੁਕੱਦਮਾ ਰਾਜਨੀਤੀ ਦਾ ਸਭ ਤੋਂ ਨੀਵਾਂ ਪੱਧਰ ਹੈ। ਲੋਟਾ ਨੇ ਦਾਅਵਾ ਕੀਤਾ ਕਿ ਮੇਰੇ 16 ਸਾਲਾ ਬੇਟੇ ਨੇ ਕੋਈ ਚਾਈਨਾ ਡੋਰ ਨਹੀਂ ਰੱਖੀ ਸੀ। ਇਹ ਇਕ ਰਚੀ ਹੋਈ ਸਾਜ਼ਿਸ਼ ਹੈ। ਨਾਬਾਲਿਗ ਬੱਚੇ ‘ਤੇ ਝੂਠਾ ਮਾਮਲਾ ਲਗਾਉਣਾ ਰਾਜਨੀਤੀ ਦੀ ਸਭ ਤੋਂ ਨੀਵੀਂ ਸੋਚ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਅਤੇ ਤੁਰੰਤ ਹੀ ਅਣਜਾਇਜ਼ ਤਰੀਕੇ ਨਾਲ ਪਰਚਾ ਦਰਜ ਕਰ ਦਿੱਤਾ।
ਵਿਧਾਇਕ ਕਾਲਾ ਢਿੱਲੋਂ ਵੱਲੋਂ ਪੁਲਸ ਕਾਰਵਾਈ ‘ਤੇ ਪ੍ਰਸ਼ਨ
ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਖੁੱਲ੍ਹ ਕੇ ਲੋਟਾ ਦੇ ਹੱਕ ‘ਚ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਨਾਬਾਲਗ ਖ਼ਿਲਾਫ਼ ਦਰਜ ਕੀਤਾ ਗਿਆ ਮੁਕੱਦਮਾ “ਝੂਠ ਦਾ ਪੁਲੰਦਾ” ਹੈ ਅਤੇ ਐੱਸ.ਐੱਸ.ਪੀ. ਨੂੰ ਇਸ ਵਿਚ ਨਿੱਜੀ ਦਖ਼ਲ ਦੇ ਕੇ ਕਾਰਵਾਈ ਰੱਦ ਕਰਨੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਦਲਾਖੋਰੀ ਦੀ ਰਾਜਨੀਤੀ ਲੰਮੇ ਸਮੇਂ ਤੱਕ ਨਹੀਂ ਚੱਲਦੀ ਅਤੇ ਜ਼ਿੰਮੇਵਾਰ ਅਧਿਕਾਰੀ ਇਸ ਦਾ ਭੁਗਤਾਨ ਕਰਨਗੇ।
ਇਸ਼ਵਿੰਦਰ ਜੰਡੂ ਅਤੇ ਬਾਠ ਵੀ ਮੈਦਾਨ ਵਿਚ – ਜੰਡੂ ਵੱਲੋਂ ਨਾਮ ਜੋੜਨਾ ‘ਸਾਜ਼ਿਸ਼’ ਕਰਾਰ
ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਇਸ਼ਵਿੰਦਰ ਸਿੰਘ ਜੰਡੂ ਦਾ ਨਾਮ ਵੀ ਖਿੱਚਿਆ ਗਿਆ, ਪਰ ਜੰਡੂ ਨੇ ਆਪਣੀ ਪੂਰੀ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਘਟਨਾ ਵਾਲੇ ਸਮੇਂ ਬਰਨਾਲਾ ਵਿੱਚ ਸੀ ਹੀ ਨਹੀਂ। ਉਨ੍ਹਾਂ ਕਿਹਾ,“ਮੈਨੂੰ ਬਦਨਾਮ ਕਰਨ ਲਈ ਮੇਰਾ ਨਾਮ ਖ਼ਾਮਖਾਹ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਇਹ ਗੰਦੀ ਰਾਜਨੀਤੀ ਹੈ।” ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਬਾਠ ਨੇ ਵੀ ਪੁਲਸ ਦੀ ਇਸ ਕਾਰਵਾਈ ਨੂੰ ਘੋਰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧੀਆਂ ਦੇ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪਾਉਣਾ ਬਹੁਤ ਮੰਦਭਾਗਾ ਅਤੇ ਨਿੰਦਣਯੋਗ ਹੈ।
ਨਗਰ ਨਿਗਮ ਚੋਣਾਂ ਦੇ ਸਿਆਸੀ ਸਮੀਕਰਨ ‘ਤੇ ਪਿਆ ਵੱਡਾ ਅਸਰ
ਬਰਨਾਲਾ ਵਿਚ ਨਗਰ ਨਿਗਮ ਚੋਣਾਂ ਬਹੁਤ ਨੇੜੇ ਹਨ ਅਤੇ ਐਸੇ ਸਮੇਂ ਵਾਪਰੇ ਇਸ ਮਾਮਲੇ ਨੇ ਰਾਜਨੀਤਕ ਸਮੀਕਰਨਾਂ ਨੂੰ ਹਿਲਾ ਦਿੱਤਾ ਹੈ। ਕਾਂਗਰਸ ਇਸ ਮਾਮਲੇ ਨੂੰ ਵੱਡਾ ਮੁੱਦਾ ਬਣਾਉਂਦੇ ਹੋਏ ਸੱਤਾਧਾਰੀ ਧਿਰ ‘ਤੇ ਸਿੱਧੇ ਹਮਲੇ ਬੋਲ ਰਹੀ ਹੈ, ਜਦਕਿ ਪੁਲਸ ਆਪਣੀ ਕਾਰਵਾਈ ਨੂੰ ਕਾਨੂੰਨੀ ਦਾਇਰੇ ਵਿੱਚ ਦੱਸ ਰਹੀ ਹੈ। ਇਲਾਕੇ ਦੇ ਲੋਕਾਂ ਵਿਚ ਵੀ ਇਹ ਮਾਮਲਾ ਚਰਚਾ ਦਾ ਕੇਂਦਰ ਬਣ ਗਿਆ ਹੈ ਕਿ ਕੀ ਇਹ ਸੱਚਮੁੱਚ ਕਾਨੂੰਨੀ ਕਾਰਵਾਈ ਹੈ ਜਾਂ ਸਿਆਸੀ ਬਦਲਾਖੋਰੀ ਦਾ ਨਤੀਜਾ। ਸੱਚਾਈ ਕੀ ਹੈ, ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ, ਪਰ ਇਸ ਐੱਫ਼.ਆਈ.ਆਰ. ਨੇ ਬਰਨਾਲਾ ਦੀ ਰਾਜਨੀਤੀ ਵਿਚ ਤਿੱਖੀ ਗਰਮੀ ਜ਼ਰੂਰ ਲਿਆ ਦਿੱਤੀ ਹੈ।
ਖੇਤਾਂ ’ਚੋਂ ਇਕ ਡਰੋਨ ਬਰਾਮਦ, ਮਾਮਲਾ ਦਰਜ
NEXT STORY