ਜਲੰਧਰ (ਮਾਹੀ)- ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੂਬੇ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਪੰਜਾਬ ਆਰਮਡ ਪੁਲਸ (ਪੀ. ਏ.ਪੀ) ਹੈੱਡਕੁਆਰਟਰ ਵਿਖੇ 63ਵਾਂ ਸੂਬਾ ਪੱਧਰੀ ਪੁਲਸ ਯਾਦਗਾਰੀ ਦਿਵਸ ਮਨਾਇਆ ਗਿਆ। ਸੂਬੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਇਕ ਬੇਮਿਸਾਲ ਫੋਰਸ ਹੈ, ਜਿਸ ਨੇ ਸ਼ਾਂਤ ਅਤੇ ਅਸ਼ਾਂਤ ਮਾਹੌਲ ਵਿੱਚ ਦੇਸ਼ ਦੀ ਤਨਦੇਹੀ ਨਾਲ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤੰਬਰ 1981 ਤੋਂ ਅਗਸਤ 1992 ਦੇ ਸਮੇਂ ਦੌਰਾਨ 1792 ਪੁਲਸ ਅਧਿਕਾਰੀਆਂ ਨੇ ਅੱਤਵਾਦ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਕੁੱਲ 1792 ਸ਼ਹੀਦ ਪੁਲਸ ਅਧਿਕਾਰੀਆਂ ਵਿੱਚ ਪੰਜਾਬ ਪੁਲਸ ਦੇ 1604 ਅਧਿਕਾਰੀ ਅਤੇ ਸਿਪਾਹੀ ਸ਼ਾਮਲ ਹਨ, ਜਦਕਿ ਬਾਕੀ 188 ਕੇਂਦਰੀ ਹਥਿਆਰਬੰਦ ਪੁਲਸ ਬਲ (ਸੀ. ਏ. ਪੀ. ਐਫ਼.) ਦੇ ਮੁਲਾਜ਼ਮ ਹਨ। ਪੀ. ਏ. ਪੀ. ਕੈਂਪਸ ਅੰਦਰ ਬਣੇ ਪੁਲਸ ਸ਼ਹੀਦ ਸਮਾਰਕ ਵਿਖੇ ਇਕ ਸੁਚੱਜੇ ਢੰਗ ਨਾਲ ਯਾਦਗਾਰੀ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡੀ. ਜੀ. ਪੀ. ਪੰਜਾਬ ਵੱਲੋਂ ਸਲਾਮੀ ਲਈ ਗਈ।
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਦੀਵਾਲੀ ਤੋਹਫ਼ਾ, ਜਾਣੋ ਕੈਬਨਿਟ ’ਚ ਲਏ ਵੱਡੇ ਫ਼ੈਸਲੇ

ਇਸ ਉਪਰੰਤ ਕਮਾਂਡੈਂਟ 80ਵੀਂ ਬਟਾਲੀਅਨ ਵੱਲੋਂ ਇਸ ਸਾਲ ਦੇ ਸ਼ਹੀਦ ਹੋਣ ਬਾਲੇ ਪੁਲਸ ਬਲ ਦੇ ਸਾਰੇ 261 ਸ਼ਹੀਦਾਂ ਦੇ ਨਾਂ ਪੜ੍ਹੇ ਗਏ। ਉਨ੍ਹਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਅਤੇ ਬਾਅਦ ਵਿੱਚ ਸੀਨੀਅਰ ਅਧਿਕਾਰੀਆਂ ਨੇ ਸ਼ਹੀਦੀ ਸਮਾਰਕ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਬੋਲਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਪੂਰਨ ਸਹਿਯੋਗ ਅਤੇ ਸਮਰਥਣ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਪੁਲਸ ਸਰਹੱਦੀ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਅਤੇ ਬਹਾਦਰੀ ਨਾਲ ਸੇਵਾ ਕਰਦੀ ਰਹੇਗੀ। ਸਮਾਗਮ ਤੋਂ ਬਾਅਦ ਡੀ. ਜੀ. ਪੀ. ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਹਮਦਰਦੀ ਨਾਲ ਉਨ੍ਹਾਂ ਦੀ ਗੱਲ ਸੁਣੀ। ਉਨ੍ਹਾਂ ਪੰਜਾਬ ਪੁਲਸ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਜਲੰਧਰ ਦੀ ਅਦਾਲਤ ’ਚ ਪੇਸ਼, 31 ਅਕਤੂਬਰ ਤੱਕ ਮਿਲਿਆ ਪੁਲਸ ਰਿਮਾਂਡ

ਪੁਲਸ ਯਾਦਗਾਰੀ ਦਿਵਸ ਦਾ ਇਤਿਹਾਸ
ਪੁਲਸ ਯਾਦਗਾਰੀ ਯਾਦਗਾਰੀ ਦਿਵਸ ਦਾ ਇਤਿਹਾਸ 21 ਅਕਤੂਬਰ 1959 ਦਾ ਹੈ, ਜਦੋਂ ਲੱਦਾਖ ਦੇ ਹੌਟ ਸਪਰਿੰਗ ਵਿਖੇ ਸਬ-ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਵਿੱਚ ਸੈਂਟਰਲ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ਼.) ਦੀ ਗਸ਼ਤ ਕਰ ਰਹੀ ਟੁਕੜੀ ‘ਤੇ ਚੀਨੀ ਬਲਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਸਾਡੇ 10 ਜਵਾਨ ਸ਼ਹੀਦ ਹੋਏ ਸਨ। 16,000 ਫੁੱਟ ਦੀ ਉਚਾਈ 'ਤੇ ਬੇਹੱਦ ਠੰਡੇ ਮੌਸਮ ਅਤੇ ਵਿਰੋਧੀ ਸਥਿਤੀਆਂ ਵਿੱਚ ਹਰ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨ ਵਾਲੇ ਜਵਾਨਾਂ ਦੀ ਬਹਾਦਰੀ ਮਿਸਾਲੀ ਸਾਹਸ ਦਰਸਾਉਂਦੀ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਸ ਵੱਲੋਂ ਹਰ ਸਾਲ ਦੇਸ਼ ਦੇ ਸਾਰੇ ਪੁਲਸ ਬਲਾਂ ਦੀ ਇਕ ਪ੍ਰਤੀਨਿਧੀ ਦਲ ਨੂੰ ਹੌਟ ਸਪ੍ਰਿੰਗਜ਼, ਲੱਦਾਖ ਵਿਖੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਭੇਜਦੀ ਹੈ ਜਿਨ੍ਹਾਂ ਨੇ 21 ਅਕਤੂਬਰ, 1959 ਨੂੰ ਕੌਮੀ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।

ਇਹ ਵੀ ਪੜ੍ਹੋ: ਫਿਲੌਰ: ਪੁਲਸ ਮੁਲਾਜ਼ਮਾਂ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਤਾਰ ਇੰਟਰਨੈਸ਼ਨਲ ਡਰੱਗ ਸਮੱਗਲਰਾਂ ਨਾਲ ਜੁੜੇ
ਉਦੋਂ ਤੋਂ ਹਰ ਸਾਲ 21 ਅਕਤੂਬਰ ਨੂੰ ਸਾਰੀਆਂ ਪੁਲਸ ਯੂਨਿਟਾਂ ਵਿੱਚ ਬਹਾਦਰ ਪੁਲਸ ਸ਼ਹੀਦਾਂ ਦੇ ਸਤਿਕਾਰ ਵਜੋਂ ਸ਼ਰਧਾਂਜਲੀ ਪਰੇਡ ਆਯੋਜਿਤ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਸ਼ਹੀਦਾਂ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਹਥਿਆਰ ਉਲਟੇ ਕੀਤੇ ਜਾਂਦੇ ਹਨ ਅਤੇ ਦੋ ਮਿੰਟ ਦਾ ਮੌਨ ਰੱਖਿਆ ਜਾਂਦਾ ਹੈ। ਸੂਬਿਆਂ, ਪੁਲਸ ਅਤੇ ਅਰਧ ਸੈਨਿਕ ਬਲਾਂ ਦੇ ਪੁਲਸ ਸ਼ਹੀਦਾਂ ਦੇ ਨਾਮ ਉਹਨਾਂ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਮਾਨਤਾ ਦੇਣ ਲਈ ਪੜ੍ਹੇ ਜਾਂਦੇ ਹਨ।

ਇਹ ਵੀ ਪੜ੍ਹੋ: ਫਗਵਾੜਾ: ਚਿੰਤਪੁਰਨੀ ਤੋਂ ਵਾਪਸ ਪਰਤਦਿਆਂ ਜੋੜੇ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਤ




ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਵਜੋਤ ਸਿੱਧੂ ਦੀ ਅਦਾਲਤ 'ਚ ਪੇਸ਼ੀ ਨੂੰ ਲੈ ਕੇ ਆਈ ਅਹਿਮ ਖ਼ਬਰ
NEXT STORY