ਚੰਡੀਗੜ੍ਹ (ਅੰਕੁਰ)- ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ’ਚ ਸਰਪੰਚ ਦਾ ਕਤਲ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਹੈ। ਉਨ੍ਹਾਂ ਕਿਹਾ ਕਿ ਗੋਲੀਆਂ ਤੇ ਗੋਲੀਆਂ, ਕਤਲ ਤੇ ਕਤਲ, ਪੰਜਾਬ ’ਚ ਹੋ ਕੀ ਰਿਹਾ ਹੈ? ਕਾਨੂੰਨ-ਵਿਵਸਥਾ ਕਿੱਥੇ ਗ਼ਾਇਬ ਹੋ ਗਈ ਹੈ? ਗੈਂਗਸਟਰ ਅਤੇ ਕਾਤਲ ਬੋਖੌਫ਼ ਹੋ ਕੇ ਕਤਲ ਕਰ ਰਹੇ ਹਨ ਜਦਕਿ ਸਰਕਾਰ ਤੇ ਪੁਲਸ ਮੂਕਦਰਸ਼ਕ ਬਣੀ ਹੋਈ ਹੈ। ਹਾਲਾਤ ਇੰਨੇ ਕਾਬੂ ਤੋਂ ਬਾਹਰ ਹੋ ਗਏ ਹਨ ਕਿ ਨਾ ਸਿਰਫ਼ ਵਿਆਹ ਤੇ ਸਮਾਰੋਹ, ਸਗੋਂ ਘਰ ਵੀ ਹੁਣ ਸੁਰੱਖਿਅਤ ਨਹੀਂ ਹਨ।
ਉਨ੍ਹਾਂ ਕਿਹਾ ਕਿ ਉਹ ਕਾਰਜਕਾਰੀ ਡੀ. ਜੀ. ਪੀ. ਤੋਂ ਪੁੱਛਣਾ ਚਾਹੁੰਦੇ ਹਨ ਕਿ ਇਹ ਖ਼ੂਨ-ਖ਼ਰਾਬਾ ਕਦੋਂ ਰੁਕੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਕਦੋਂ ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਕਿੱਥੇ ਲੁਕਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਬਜਾਏ ਪੰਜਾਬ ਦੇ ਡੀ. ਜੀ. ਪੀ. ਰਾਜਨੀਤਕ ਰੈਲੀਆਂ ’ਚ ਭਾਸ਼ਣ ਦੇ ਰਹੇ ਹਨ। ਇਸ ਦੌਰਾਨ ਗੈਂਗਸਟਰ ਚੋਣਵੇਂ ਤੌਰ ’ਤੇ ਸਿਆਸਤਦਾਨਾਂ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾ ਰਹੇ ਹਨ। ਸਰਕਾਰ ਨੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ‘ਆਪ੍ਰੇਸ਼ਨ ਪ੍ਰਹਾਰ’ ਚਲਾਇਆ ਹੈ ਪਰ ਇਹ ਕਾਗ਼ਜ਼ਾਂ ਅਤੇ ਸੋਸ਼ਲ ਮੀਡੀਆ ਤੱਕ ਸੀਮਤ ਜਾਪਦਾ ਹੈ। ਮੁੱਖ ਮੰਤਰੀ ਦੇ ਆਪਣੇ ਜ਼ਿਲੇ ਸੰਗਰੂਰ ’ਚ ਇਕ ਨੌਜਵਾਨ ਨੂੰ ਉਸ ਦੇ ਘਰ ਅੰਦਰ ਗੋਲੀ ਮਾਰ ਦਿੱਤੀ ਗਈ। ਪੁਲਸ ਫੋਰਸ ਕਿੱਥੇ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਗ੍ਰਹਿ ਮੰਤਰੀ ਵਜੋਂ ਵੀ ਪੂਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ।
ਕਿੱਥੋਂ ਆ ਰਹੇ ਹਨ ਹਥਿਆਰ?
ਪਰਗਟ ਸਿੰਘ ਨੇ ਕਿਹਾ ਕਿ ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਤਰਨਤਾਰਨ ’ਚ ਇਕ ਵਿਆਹ ਸਮਾਰੋਹ ’ਚ ਸਰਪੰਚ ਦੇ ਕਤਲ ’ਚ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਗੈਂਗਸਟਰ ਅਤੇ ਕਾਤਲ ਪਾਬੰਦੀਸ਼ੁਦਾ ਵਿਦੇਸ਼ੀ ਤੇ ਦੇਸੀ ਹਥਿਆਰਾਂ ਦੀ ਇੰਨੀ ਖੁੱਲ੍ਹ ਕੇ ਵਰਤੋਂ ਕਿਵੇਂ ਕਰ ਰਹੇ ਹਨ? ਉਨ੍ਹਾਂ ਨੂੰ ਇਹ ਹਥਿਆਰ ਕਿੱਥੋਂ ਮਿਲ ਰਹੇ ਹਨ? ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ‘ਆਪ’ ਦੇ ਹੀ ਇਕ ਸਰਪੰਚ ਨੂੰ ਵਿਆਹ ’ਚ ਜਾ ਕੇ ਗੋਲੀਆਂ ਮਾਰੀਆਂ ਗਈਆਂ ਸਨ।
Punjab: ਬੰਦ ਕਮਰੇ 'ਚ 'ਸਹੇਲੀ' ਨਾਲ ਮੌਜੂਦ ਸੀ ਮੁੰਡਾ! ਘਰਵਾਲੀ ਨੇ ਫੜ ਲਿਆ ਰੰਗੇ ਹੱਥੀਂ
NEXT STORY