ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਮਸੀਹੀ ਭਾਈਚਾਰੇ ਵੱਲੋਂ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਬਲਾਕ ਟਾਂਡਾ ਅਤੇ ਯੂਥ ਫਰੰਟ ਦੀ ਅਗਵਾਈ ਹੇਠ ਰਾਸ਼ਟਰੀ ਪ੍ਰਧਾਨ ਲੌਰੈਂਸ ਚੌਧਰੀ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਟਾਂਡਾ 'ਚ ਨਸ਼ਿਆਂ ਕਾਰਨ ਪੰਜਾਬ ਦੀ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ । ਬਾਹਾਂ 'ਤੇ ਕਾਲੀਆ ਪੱਟੀਆਂ ਬੰਨੀ ਲੋਕ “ਨਸ਼ਿਆਂ ਨੂੰ ਬੰਦ ਕਰੋ ਨੌਜਵਾਨਾਂ ਨੂੰ ਰੋਜਗਾਰ ਦਿਓ'' ਡਰੱਗ ਮਾਫੀਆ, ਪਿਛਲੀ ਅਕਾਲੀ-ਭਾਜਪਾ ਅਤੇ ਮੌਜੂਦਾ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕੌਮੀ ਪ੍ਰਧਾਨ ਲੌਰੈਂਸ ਚੌਧਰੀ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ 20 ਸਾਲ ਪਹਿਲਾਂ ਨਸ਼ੇ ਸਮਾਜਿਕ ਸਮੱਸਿਆ ਸੀ ਪਰ ਹੁਣ ਇਹ ਸਮੱਸਿਆ ਸਿਆਸੀ ਨੇਤਾਵਾਂ, ਪੁਲਸ ਅਫਸਰਾਂ ਅਤੇ ਡਰੱਗ ਮਾਫੀਆ ਦੇ ਗਠਜੋੜ ਕਾਰਨ ਵਪਾਰਕ ਅਤੇ ਸਿਆਸੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਇਸ ਸਮੱਸਿਆ ਨੂੰ ਖਤਮ ਇਸ ਲਈ ਵੀ ਨਹੀਂ ਕਰਦੀਆਂ ਕਿਉਂਕਿ ਚੋਣਾਂ 'ਚ ਖੜ੍ਹੇ ਹੋਣ ਵਾਲੇ ਵੱਡੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਲਈ ਕਰੋੜਾਂ ਰੁਪਏ ਦੇ ਫੰਡਾਂ ਦਾ ਪ੍ਰਬੰਧ ਨਸ਼ਾ ਮਾਫੀਆ ਵੱਲੋਂ ਕੀਤਾ ਜਾਂਦਾ ਹੈ। ਚੋਣਾਂ ਜਿੱਤਣ ਉਪਰੰਤ ਡਰੱਗ ਤਸਕਰ ਸਿਆਸੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਦੀ ਮਿਲੀਭੁਗਤ ਨਾਲ ਇਹ ਕੰਮ ਨਿਡਰ ਹੋ ਕੇ ਕਰਦੇ ਹਨ। ਲੋਕਾਂ ਅਤੇ ਮੀਡੀਆ ਦੇ ਨਸ਼ਿਆਂ ਵਿਰੁੱਧ ਵੱਧਦੇ ਦਬਾਅ ਨੂੰ ਦੇਖ ਕੇ ਪੰਜਾਬੀਆਂ ਦੀ ਅੱਖੀਂ ਘੱਟਾ ਪਾਉਣ ਲਈ ਸੂਬਾ ਸਰਕਾਰ ਆਮ ਗਰੀਬ ਪਿੰਡਾਂ ਅਤੇ ਸ਼ਹਿਰਾਂ ਦੇ ਨਸ਼ੇੜੀਆਂ ਨੂੰ ਫੜ ਕੇ ਜੇਲਾਂ 'ਚ ਡੱਕ ਰਹੀ ਹੈ। ਨਸ਼ਿਆਂ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਜਾਣਬੁੱਝ ਕੇ ਸਰਕਾਰ ਡੋਪ ਟੈਸਟ ਦਾ ਰੌਲਾ ਪਾ ਰਹੀ ਆ ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਵੱਡੇ ਸਿਆਸੀ ਨਸ਼ਾ ਤਸਕਰ ਇਸ ਕੋਹੜ ਨੂੰ ਪੰਜਾਬ 'ਚ ਲੈ ਕੇ ਆਏ, ਸਰਕਾਰ ਉਨ੍ਹਾਂ ਨੂੰ ਫੜਨ ਦੀ ਬਜਾਏ ਬਚਾਉਣ 'ਚ ਲੱਗੀ ਹੋਈ ਹੈ। ਮਸੀਹੀ ਭਾਈਚਾਰੇ ਨੇ ਸਰਕਾਰ ਦੀ ਵੱਡੇ ਤਸਕਰਾਂ ਨੂੰ ਬਚਾਉਣ ਦੀ ਨੀਤੀ ਦੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ। ਨਸ਼ਾ ਤਸਕਰਾਂ, ਪੁਲਸ ਅਫਸਰਾਂ ਅਤੇ ਸਿਆਸੀ ਨੇਤਾਵਾਂ ਦੇ ਨੈਕਸਸ ਨੂੰ ਤੋੜਨ ਅਤੇ ਜੇਲਾਂ 'ਚ ਬੰਦ ਨਸ਼ੇ ਦੇ ਆਦੀ ਨੌਜਵਾਨਾਂ ਵਿਰੁੱਧ ਝੂਠੇ ਮੁੱਕਦਮੇ ਵਾਪਸ ਲੈਣ ਅਤੇ ਉਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਕਰਵਾਉਣ ਦੀ ਸੂਬਾ ਸਰਕਾਰ ਤੋਂ ਮੰਗ ਕੀਤੀ। ਨਸ਼ਿਆਂ ਨੂੰ ਰੋਕਣ 'ਚ ਅਸਫਲ ਰਹਿਣ ਕਰਕੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ ।
ਬਲਾਕ ਪ੍ਰਧਾਨ ਪਰਮਜੀਤ ਪੰਮਾ, ਮੀਤ ਪ੍ਰਧਾਨ ਅੱਯੂਬ ਮਸੀਹ, ਜਿਲਾ ਯੂਥ ਪ੍ਰਧਾਨ ਨਥਾਨੀਏਲ ਮਸੀਹ, ਪਾ. ਤੀਰਥ ਗਿੱਲ,ਪਾਂ. ਮੁਬਾਰਕ ਮਸੀਹ,ਪਾਂ. ਰਾਹੁਲ ਮਸੀਹ, ਪਾ. ਬਲਕਾਰ ਮਸੀਹ, ਪਾ. ਵਿਜੈ ਬਲਵੰਤ, ਪਾ. ਤਰਸੇਮ ਮਸੀਹ, ਪਾ. ਵਿਜੈ ਨੰਦਾ, ਪਾ. ਮਾਈਕਲ ਮਸੀਹ, ਸੰਜੀਵ ਨਾਰੂ, ਰਵੀ ਕੁਮਾਰ, ਅਮਿਤ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।
ਲੁਧਿਆਣਾ : ਨਕਾਬਪੋਸ਼ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੀ ਸੁਨਿਆਰੇ ਦੀ ਦੁਕਾਨ
NEXT STORY