ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਆਬਜ਼ਰਵਰ ਸੁਬੋਧ ਯਾਦਵ ਅਤੇ ਰਾਜਿੰਦਰ ਵੀਜਾਰਾਓ ਨਿੰਬਲਕਰ ਵੱਲੋਂ ਅੱਜ ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਦੀ ਹਾਜ਼ਰੀ ਵਿੱਚ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਹੋਣ ਵਾਲੇ ਪੈਰਾ ਮਿਲਟਰੀ ਫੋਰਸ ਦੇ ਅਧਿਕਾਰੀਆਂ, ਜਵਾਨਾਂ ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਕੀਤੀ ਗਈ। ਸੁਬੋਧ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ ਅਤੇ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਜਾਵੇ।
ਉਨ੍ਹਾਂ ਪੋਲਿੰਗ ਸਟੇਸ਼ਨਾਂ ਅਤੇ ਪੋਲਿੰਗ ਬੂਥਾਂ ਵਿੱਚ ਤਾਇਨਾਤ ਚੋਣ ਅਮਲਿਆਂ ਬਾਰੇ ਵੀ ਪੈਰਾ ਮਿਲਟਰੀ ਬਲਾਂ ਦੇ ਕਮਾਂਡੈਂਟ ਤੇ ਕੰਪਨੀ ਕਮਾਂਡੈਂਟ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ਕਾਰਜਾਂ ਲਈ ਤਾਇਨਾਤ ਕਿਸੇ ਜਵਾਨ ਦੇ ਧਿਆਨ ਵਿੱਚ ਕੋਈ ਮਾਮਲਾ ਆਉਂਦਾ ਹੈ ਤਾਂ ਉਹ ਤੁਰੰਤ ਆਪਣੇ ਕੰਪਨੀ ਕਮਾਂਡਰ ਨੂੰ ਸੂਚਿਤ ਕਰਨ ਦਾ ਪਾਬੰਦ ਹੋਵੇਗਾ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਆਪਣੇ ਮੋਬਾਇਲ ਪੋਲਿੰਗ ਬੂਥ ਵਿੱਚ ਲਿਜਾਣ ਦੀ ਆਗਿਆ ਨਹੀਂ ਹੋਵੇਗੀ, ਜਿਸ ਲਈ ਚੌਕਸੀ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਕਈ ਪੋਲਿੰਗ ਸਟੇਸ਼ਨਾਂ ਵਿੱਚ ਮਾਈਕਰੋ ਆਬਜ਼ਰਵਰਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਧਾਨ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਯਤਨਸ਼ੀਲ ਹੈ ਅਤੇ ਜ਼ਿਲ੍ਹਾ ਸੰਗਰੂਰ ਦੇ ਵਾਸੀ ਅਮਨ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਆਪਣਾ ਪੂਰਨ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰੀਜਾਈਡਿੰਗ ਅਫ਼ਸਰਾਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਚੋਣ ਅਮਲ ਵਿੱਚ ਤਾਇਨਾਤ ਸਟਾਫ਼ ਵੀ ਸਾਰੇ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਆਪਸੀ ਤਾਲਮੇਲ ਰੱਖਣ ਦਾ ਪਾਬੰਦ ਰਹੇਗਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਵਿਖੇ ਐਸ. ਐਸ. ਬੀ ਦੀਆਂ 11, ਆਈ. ਟੀ. ਬੀ. ਪੀ ਦੀਆਂ 4, ਸੀ. ਆਰ. ਪੀ. ਐੱਫ਼ ਦੀਆਂ 5 ਅਤੇ ਆਸਾਮ ਐਸ. ਏ. ਪੀ ਦੀਆਂ 4 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ, ਐੱਸ. ਪੀ ਹੈਡਕੁਆਟਰ ਜਸਬੀਰ ਸਿੰਘ ਤੇ ਡੀ. ਐੱਸ. ਪੀ ਹੈਡਕੁਆਟਰ ਭਰਪੂਰ ਸਿੰਘ ਵੀ ਹਾਜ਼ਰ ਸਨ।
ਕੀ ਇਸ ਵਾਰ ਭਾਜਪਾ ਰੋਕ ਸਕੇਗੀ ਕਾਂਗਰਸ ਦਾ ਰਾਹ, ਜਾਣੋ ਕੀ ਹੈ ਹੁਸ਼ਿਆਰਪੁਰ ਹਲਕੇ ਦਾ ਇਤਿਹਾਸ
NEXT STORY