ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ ਸੰਘਰਸ਼ ਕਰ ਰਹੀਆਂ 31 ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਹਰਿਆਣਾ 'ਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਰਣਜੀਤ ਚੌਟਾਲਾ ਦੇ ਘਰਾਂ ਦਾ ਘਿਰਾਓ ਕਰਨ ਜਾ ਰਹੀਆਂ ਹਰਿਆਣਾ ਦੀਆਂ 22 ਕਿਸਾਨ ਜੱਥੇਬੰਦੀਆਂ ਦੇ ਕਿਸਾਨਾਂ 'ਤੇ ਪੁਲਸ ਵਲੋਂ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਕਰਕੇ ਕੀਤਾ ਗਿਆ ਸਰਕਾਰੀ ਜ਼ੁਲਮ ਪੂਰੀ ਤਰ੍ਹਾਂ ਨਿੰਦਣਯੋਗ ਹੈ। 31 ਕਿਸਾਨ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਿਸਾਨ ਸੰਘਰਸ਼ ਨੂੰ ਕਿਸੇ ਵੀ ਹਾਲਤ 'ਚ ਇਸ ਤਰ੍ਹਾਂ ਜ਼ੁਲਮ ਕਰਕੇ ਦਬਾਇਆ ਨਹੀਂ ਜਾ ਸਕੇਗਾ ਅਤੇ ਕਿਸਾਨ ਆਪਣੇ ਹੱਕਾਂ ਲਈ ਲਗਾਤਾਰ ਜ਼ੁਲਮਾਂ ਨਾਲ ਟੱਕਰ ਲੈਂਦੇ ਹੋਏ ਡਟੇ ਰਹਿਣਗੇ। ਜਥੇਬੰਦੀਆਂ ਦੇ ਪ੍ਰਤੀਨਿਧੀ ਨਿਰਭੈ ਸਿੰਘ ਢੁਡੀਕੇ ਅਤੇ ਇੰਦਰਜੀਤ ਸਿੰਘ ਕੋਟਬੁੱਢਾ ਨੇ ਕਿਹਾ ਕਿ ਹਰਿਆਣਾ ਦੀਆਂ 22 ਕਿਸਾਨ ਜੱਥੇਬੰਦੀਆਂ ਵਲੋਂ ਪਹਿਲਾਂ ਦਸਹਿਰਾ ਗ੍ਰਾਉਂਡ ਵਿਚ ਸ਼ਾਂਤੀਪੂਰਵਕ ਰੈਲੀ ਕੀਤੀ ਗਈ ਸੀ ਅਤੇ ਆਪਣਾ ਵਿਰੋਧ ਜਤਾਉਣ ਲਈ ਹੀ ਹਰਿਆਣਾ 'ਚ ਸੱਤਾ ਦੀ ਭਾਗੀਦਾਰ ਜਨਨਾਇਕ ਜਨਤਾ ਪਾਰਟੀ ਦੇ ਦੁਸ਼ਯੰਤ ਚੌਟਾਲਾ ਅਤੇ ਰਣਜੀਤ ਚੌਟਾਲਾ ਦੇ ਘਰਾਂ ਦੇ ਸਾਹਮਣੇ ਸ਼ਾਂਤੀਪੂਰਵਕ ਧਰਨਾ ਦੇਣਾ ਜਾ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਸ ਵਲੋਂ ਬਲ ਪ੍ਰਯੋਗ ਨਿੰਦਣਯੋਗ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਕਾਨੂੰਨਾਂ ਖਿਲਾਫ ਟ੍ਰੈਕਟਰ ਰੈਲੀਆਂ ਨੇ ਅਕਾਲੀ ਦਲ ਦੀ ਪੋਲ ਖੋਲ੍ਹੀ
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਆੜ 'ਚ ਕਿਸਾਨਾਂ ਦੇ ਵਿਰੋਧ ਦਾ ਦਮਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਦੋਂ ਕਿ ਕਿਸਾਨਾਂ ਦਾ ਭਵਿੱਖ ਤਿੰਨ ਨਵੇਂ ਖੇਤੀ ਕਾਨੂੰਨਾਂ ਰਾਹੀਂ ਗੰਧਲਾ ਕੀਤਾ ਜਾ ਰਿਹਾ ਹੈ। ਅਜਿਹੇ 'ਚ ਕਿਸਾਨ ਹਰ ਹਾਲ 'ਚ ਆਪਣਾ ਹੱਕ ਮੰਗਣ ਲਈ ਪ੍ਰਦਰਸ਼ਨ ਕਰਨਗੇ ਅਤੇ ਵਿਰੋਧ ਜਤਾਉਣਗੇ। ਸਰਕਾਰਾਂ ਜਿੰਨਾ ਚਾਹੇ ਜੁਲਮ ਢਾਹ ਲੈਣ ਪਰ ਕਿਸਾਨ ਡਟੇ ਰਹਿਣਗੇ। ਉੱਧਰ, ਪੰਜਾਬ 'ਚ ਕਿਸਾਨ ਜੱਥੇਬੰਦੀਆਂ ਵਲੋਂ ਰੇਲ ਟ੍ਰੈਕ, ਟੋਲ ਪਲਾਜ਼ਾ ਅਤੇ ਕਾਰਪੋਰੇਟ ਸੰਸਥਾਨਾਂ ਦੇ ਸਾਹਮਣੇ ਧਰਨਾ-ਪ੍ਰਦਰਸ਼ਨ ਲਗਾਤਾਰ ਜਾਰੀ ਰੱਖਿਆ ਗਿਆ ਹੈ ਅਤੇ ਹਰ ਰੋਜ਼ ਧਰਨਾ-ਪ੍ਰਦਰਸ਼ਨਾਂ ਦੇ ਸਥਾਨਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਵਲੋਂ ਭਾਜਪਾ ਨੇਤਾ ਵਿਜੇ ਸਾਂਪਲਾ ਦੇ ਘਰ ਦੇ ਸਾਹਮਣੇ ਵੀ ਪੰਜ ਘੰਟੇ ਤੱਕ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ, ਭਾਕਿਊ (ਉਗਰਾਹਾਂ) ਦੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਕਿ ਜਥੇਬੰਦੀਆਂ ਦੇ ਐਲਾਨ 'ਤੇ ਚੱਲ ਰਹੇ ਸੰਘਰਸ਼ ਦੌਰਾਨ 4 ਜਗ੍ਹਾਵਾਂ 'ਤੇ ਰੇਲ ਜਾਮ, 4 ਜਗ੍ਹਾਵਾਂ 'ਤੇ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ, 9 ਟੋਲ ਪਲਾਜ਼ਾ, 3 ਸ਼ਾਪਿੰਗ ਮਾਲਸ, 2 ਅਡਾਨੀ ਗਰੁੱਪ ਦੇ ਸਾਈਲੋਜ, 22 ਰਿਲਾਇੰਸ ਪੈਟਰੋਲ ਪੰਪਾਂ, 5 ਐੱਸਾਰ ਪੰਪਾਂ ਅਤੇ 1 ਨਿੱਜੀ ਥਰਮਲ ਪਲਾਂਟ ਦੇ ਬਾਹਰ ਉਨ੍ਹਾਂ ਦੀ ਜਥੇਬੰਦੀ ਵਲੋਂ ਲਗਾਏ ਗਏ ਪੱਕੇ ਮੋਰਚੇ ਬਾਦਸਤੂਰ ਜਾਰੀ ਹਨ ਅਤੇ ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ ਦੀ ਯੋਜਨਾ ਮੁਤਾਬਿਕ ਜਾਰੀ ਰਹਿਣਗੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਚਰਚਾ 'ਤੇ ਕੈਪਟਨ ਦਾ ਵੱਡਾ ਬਿਆਨ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਨੂੰ ਝਟਕਾ, ਗੱਲਬਾਤ ਦੇ ਸੱਦੇ ਨੂੰ ਕੀਤਾ ਰੱਦ
NEXT STORY