ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਵਲੋਂ ਅੱਜ 1 ਅਕਤੂਬਰ ਤੋਂ ਸੂਬੇ ਦੀਆਂ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਅੱਜ ਪਹਿਲੇ ਦਿਨ ਹੀ ਮਾਛੀਵਾੜਾ ਮੰਡੀ 'ਚ ਆੜ੍ਹਤੀਆਂ ਵਲੋਂ ਫਸਲ ਖਰੀਦ ਦਾ ਬਾਈਕਾਟ ਕਰ ਸਰਕਾਰ ਖਿਲਾਫ਼ ਧਰਨਾ ਦਿੱਤਾ ਗਿਆ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਤੇ ਆੜ੍ਹਤੀਆਂ ਦੇ ਨਹੁੰ ਮਾਸ ਵਾਲੇ ਰਿਸ਼ਤੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਖੁਰਾਕ ਸਪਲਾਈ ਵਿਭਾਗ ਵਲੋਂ ਉਨ੍ਹਾਂ ਤੋਂ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਨੰਬਰ ਤੇ ਹੋਰ ਜਾਣਕਾਰੀ ਮੰਗੀ ਜਾ ਰਹੀ ਹੈ।
ਇਸ ਤੋਂ ਇਲਾਵਾ ਪੰਜਾਬ ਦੀਆਂ ਕਈ ਕਿਸਾਨ ਯੂਨੀਅਨਾਂ ਵਲੋਂ ਵੀ ਇਹ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਕਿਸਾਨ ਆਪਣੇ ਖਾਤਿਆਂ ਦੀ ਜਾਣਕਾਰੀ ਆੜ੍ਹਤੀਆਂ ਤੇ ਕਿਸਾਨਾਂ ਨੂੰ ਨਹੀਂ ਦੇਵੇਗਾ। ਆੜ੍ਹਤੀ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਉਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਜੇਕਰ ਉਹ ਪੋਰਟਲ ਸਿਸਟਮ ਰਾਹੀਂ ਕਿਸਾਨ ਦੇ ਖਾਤਿਆਂ ਦੀ ਜਾਣਕਾਰੀ ਨਹੀਂ ਦੇਣਗੇ ਨਾ ਹੀ ਆੜ੍ਹਤੀਆਂ ਦੀ ਰਜਿਸ਼ਟ੍ਰੇਸ਼ਨ ਕੀਤੀ ਜਾਵੇਗੀ ਅਤੇ ਨਾ ਹੀ ਫਸਲ ਦਾ ਬਣਦਾ ਕਮਿਸ਼ਨ ਦਿੱਤਾ ਜਾਵੇਗਾ ਜੋ ਕਿ ਸ਼ਰੇਆਮ ਧੱਕੇਸ਼ਾਹੀ ਹੈ। ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਦੀ ਇਸ ਵਧੀਕੀ ਖਿਲਾਫ਼ ਉਹ ਅੱਜ 1 ਤੋਂ 5 ਅਕਤੂਬਰ ਤੱਕ ਮੰਡੀਆਂ 'ਚ ਫਸਲ ਖਰੀਦ ਦਾ ਬਾਈਕਾਟ ਕਰਨਗੇ ਅਤੇ ਧਰਨੇ ਦਿੱਤੇ ਜਾਣਗੇ।
ਆਪਣੀ ਐਸੋ. ਦੇ ਸੂਬਾ ਪ੍ਰਧਾਨ ਖਿਲਾਫ਼ ਵੀ ਮੋਰਚਾ ਖੋਲ੍ਹਿਆ
ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋ. ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਤੇ ਸਮੂਹ ਆੜ੍ਹਤੀਆਂ ਨੇ ਆਪਣੀ ਐਸੋ. ਦੇ ਸੂਬਾ ਪ੍ਰਧਾਨ ਵਿਜੈ ਕਾਲੜਾ ਖਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਉਸ ਵਲੋਂ ਬੜੇ ਹੀ ਗੈਰ-ਜਿੰਮੇਵਾਰਨਾ ਬਿਆਨ ਦਿੱਤੇ ਜਾ ਰਹੇ ਹਨ ਕਿ ਸੂਬੇ ਦੇ 80 ਫੀਸਦੀ ਆੜ੍ਹਤੀ ਕਿਸਾਨਾਂ ਦੇ ਬੈਂਕ ਖਾਤੇ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀ ਐਸੋ. ਦਾ ਪ੍ਰਧਾਨ ਸਰਕਾਰ ਦੇ ਹੱਥਾਂ ਵਿਚ ਨਾ ਖੇਡੇ ਕਿਉਂਕਿ ਹਾਲਾਤ ਇਹ ਹਨ ਕਿ ਪੰਜਾਬ ਦੇ 80 ਫੀਸਦੀ ਆੜ੍ਹਤੀ ਸਰਕਾਰ ਦੇ ਇਸ ਫੈਸਲੇ ਖਿਲਾਫ਼ ਹਨ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਦੇਣ ਤੋਂ ਅਸਮਰੱਥ ਹਨ। ਆੜ੍ਹਤੀ ਹਰਜਿੰਦਰ ਖੇੜਾ ਨੇ ਕਿਹਾ ਕਿ ਐਸੋ. ਦਾ ਸੂਬਾ ਪੱਧਰੀ ਆਗੂ ਰਵਿੰਦਰ ਸਿੰਘ ਚੀਮਾ ਨੇ ਆੜ੍ਹਤੀਆਂ ਦੇ ਹੱਕ ਵਿਚ ਡਟ ਕੇ ਖੜੇ ਹਨ ਇਸ ਲਈ ਮਾਛੀਵਾੜਾ ਐਸੋ. ਉਨ੍ਹਾਂ ਦਾ ਸਮਰਥਨ ਕਰਦੀ ਹੈ ਅਤੇ ਆਉਣ ਵਾਲੇ ਸਮੇਂ 'ਚ ਜੇਕਰ ਕੋਈ ਵੀ ਆਗੂ ਸਰਕਾਰ ਦੇ ਹੱਥਾਂ ਵਿਚ ਖੇਡ ਕੇ ਆੜ੍ਹਤੀ ਵਰਗ ਦੇ ਖਿਲਾਫ਼ ਫੈਸਲੇ ਲਵੇਗਾ ਉਹ ਉਸਦਾ ਡੱਟ ਕੇ ਵਿਰੋਧ ਕਰਨਗੇ।
ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ 'ਤੇ ਲੱਗੇ ਕਰੋੜਾਂ ਦਾ ਘਪਲਾ ਕਰਨ ਦੇ ਦੋਸ਼
NEXT STORY