ਮਾਨਸਾ(ਮਿੱਤਲ)-ਦੇਸ਼ ਦੀ ਲਗਾਤਾਰ ਵਧ ਰਹੀ ਅਾਬਾਦੀ ਦੇ ਮੁਕਾਬਲੇ ਬੁਨਿਅਾਦੀ ਸਹੂਲਤਾਂ ’ਚ ਵਾਧਾ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਇਸੇ ਕਾਰਨ ਸਾਡੇ ਦੇਸ਼ ਦੇ ਲੋਕ ਸਿੱਖਿਆ, ਸਿਹਤ ਅਤੇ ਪਾਣੀ ਆਦਿ ਹੋਰ ਬੁਨਿਆਦੀ ਸਹੂਲਤਾਂ ਲਈ ਤਡ਼ਫ ਰਹੇ ਹਨ। ਅਜਿਹੀ ਸਥਿਤੀ ’ਚ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਪੀਣ ਵਾਲੇ ਸ਼ੁੱਧ ਪਾਣੀ ਦੀਆਂ ਯੋਜਨਾਵਾਂ ਲੋਡ਼ ਅਨੁਸਾਰ ਨਾ ਬਣਾਉਣ ਦੇ ਨਤੀਜੇ ਵਜੋਂ ਲੋਕ ਹਰ ਸਮੇਂ ਸ਼ੁੱਧ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਜ਼ਿਆਦਾਤਰ ਘਰੇਲੂ ਅੌਰਤਾਂ ’ਚ ਵੀ ਪਾਣੀ ਲਈ ਬੇਚੈਨੀ ਰਹਿੰਦੀ ਹੈ ਪਰ ਅਜੋਕੇ ਦੌਰ ’ਚ ਹਰ ਮਨੁੱਖ ਪਾਣੀ ਦੇ ਗੰਭੀਰ ਸੰਕਟ ਸਦਕਾ ਚਿੰਤਾ ’ਚ ਡੁੱਬਿਆ ਪਿਆ ਹੈ। ਹਾਲਾਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪੀਣ ਵਾਲਾ ਸਾਫ -ਸੁਥਰਾ ਪਾਣੀ ਮੁਹੱਈਆ ਕਰਵਾਉਣ ਪ੍ਰਤੀ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਭ ਕੁਝ ਹਕੀਕਤ ਤੋਂ ਦੂਰ ਹੁੰਦਾ ਹੈ। ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਗ੍ਰਾਫ ਮਨੁੱਖੀ ਜੀਵਨ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
ਵਾਟਰ ਸਪਲਾਈ ਦੇ ਪ੍ਰਬੰਧ
ਮਾਨਸਾ ਜ਼ਿਲੇ ’ਚ 135 ਦੇ ਕਰੀਬ ਵਾਟਰ ਵਰਕਸ ਹਨ। ਪੰਜਾਬ ਸਰਕਾਰ ਨੇ ਕਈ ਪਿੰਡਾਂ ’ਚ 1 ਆਰ. ਓ. ਸਿਸਟਮ ਅਤੇ ਸ਼ਹਿਰਾਂ ’ਚ 2 ਜਾਂ 3 ਸਮਰੱਥਾ ਅਨੁਸਾਰ 200 ਦੇ ਕਰੀਬ ਆਰ. ਓ. ਸਿਸਟਮ ਲਾਏ ਹਨ ਪਰ ਇਨ੍ਹਾਂ ਦਾ ਪਾਣੀ ਗਰੀਬ ਲੋਕਾਂ ਦੀ ਪਹੁੰਚ ਤੋਂ ਹਾਲੇ ਦੂਰ ਹੈ। ਪਿੰਡਾਂ ਅਤੇ ਸ਼ਹਿਰਾਂ ’ਚ ਕਈ ਸਾਂਝੀਆਂ ਥਾਵਾਂ ’ਤੇ ਬਹੁਤ ਸਾਰੇ ਰਵਾਇਤੀ ਨਲਕੇ ਵੀ ਲੱਗੇ ਹੋਏ ਹਨ। ਇਨ੍ਹਾਂ ਸਾਰੇ ਵਾਟਰ ਵਰਕਸਾਂ ਅਤੇ ਆਰ. ਓ. ਸਿਸਟਮਜ਼ ਨੂੰ ਨਹਿਰੀ ਪਾਣੀ ਨਾਲ ਜੋਡ਼ਿਆ ਗਿਆ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ 1 ਲੱਖ ਤੋਂ ਵੱਧ ਅਾਬਾਦੀ ਵਾਲੇ ਮਾਨਸਾ ਸ਼ਹਿਰ ’ਚ ਕਈ ਵਾਟਰ ਵਰਕਸ ਹੋਣ ਦੇ ਬਾਵਜੂਦ ਅੱਧੀ ਤੋਂ ਜ਼ਿਆਦਾ ਅਾਬਾਦੀ ਦੀ ਪਹੁੰਚ ਪੀਣ ਵਾਲੇ ਪਾਣੀ ਤੋਂ ਦੂਰ ਹੈ। ਜ਼ਿਲੇ ਦੇ ਬਹੁਤ ਸਾਰੇ ਸਕੂਲਾਂ, ਕਾਲਜਾਂ ਤੇ ਸਰਕਾਰੀ ਅਦਾਰਿਆਂ ’ਚ ਵੀ ਪੀਣ ਵਾਲਾ ਸਾਫ ਪਾਣੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਕਿ ਜ਼ਿਆਦਾਤਰ ਸਾਂਭ-ਸੰਭਾਲ ਵਾਲੇ ਲੋਡ਼ੀਂਦੇ ਸਾਧਨ ਖਰਾਬ ਹਾਲਤ ’ਚ ਰਹਿੰਦੇ ਹਨ, ਜਿਸ ਕਾਰਨ ਆਉਣ ਵਾਲੇ ਸਮੇਂ ’ਚ ਗੰਭੀਰ ਜਲ ਸੰਕਟ ਹੋਣ ਦੇ ਆਸਾਰ ਬਣ ਰਹੇ ਹਨ।
ਪੀਣ ਵਾਲਾ ਪਾਣੀ ਦੂਸ਼ਿਤ
ਜ਼ਿਲੇ ’ਚ ਪੀਣ ਵਾਲੇ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਨਾਲ ਇਸ ਜ਼ਿਲੇ ਦੇ ਲੋਕ ਕੈਂਸਰ, ਚਮਡ਼ੀ, ਗਠੀਆ, ਛੋਟੀ ਉਮਰ ’ਚ ਵਾਲ ਸਫੈਦ ਹੋਣਾ ਅਤੇ ਪੇਟ ਦੀਆਂ ਭਿਆਨਕ ਬੀਮਾਰੀਆਂ ਦੀ ਜਕਡ਼ ’ਚ ਆ ਰਹੇ ਹਨ। ਇਸ ਦੇ ਨਾਲ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੇ ਹੋਰ ਵੀ ਕਈ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਫਸਲਾਂ ’ਤੇ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦਾ ਛਿਡ਼ਕਾਅ ਹੈ। ਅਜਿਹੇ ਹਾਲਾਤ ’ਚ ਜ਼ਿਲੇ ਦੇ ਗਰਾਊਂਡ ਵਾਟਰ ਦੇ ਕੇਂਦਰੀ ਜਾਂਚ ਟੀਮ ਵੱਲੋਂ ਲਏ ਨਮੂਨਿਆਂ ’ਚ ਨਤੀਜੇ ਰੌਂਗਟੇ ਖਡ਼੍ਹੇ ਕਰਨ ਵਾਲੇ ਹਨ। ਪਾਣੀ ’ਚ ਨਾਈਟਰੇਟ, ਯੂਰੇਨੀਅਮ, ਫਲੋਰਾਈਡ ਤੇ ਹੋਰ ਖਤਰਨਾਕ ਮਿਸ਼ਰਣ ਪਾਏ ਗਏ ਹਨ ਪਰ ਇਸ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ।
ਥਾਂ-ਥਾਂ ਲੀਕ ਹੋ ਰਿਹੈ ਪਾਣੀ
ਜਲ ਸਪਲਾਈ ਵਿਭਾਗ ਵੀ ਸਾਫ-ਸੁਥਰਾ ਪੀਣ ਵਾਲਾ ਪਾਣੀ ਦੇਣ ’ਚ ਸੁਸਤ ਹੈ। ਕਈ ਵਾਰ ਨਹਿਰੀ ਪਾਣੀ ਦੀ ਬੰਦੀ ਆਉਣ ’ਤੇ ਮਾਰ ਵੀ ਪੈ ਜਾਂਦੀ ਹੈ, ਜੇਕਰ ਪਾਣੀ ਦੀ ਸਪਲਾਈ ਜ਼ਿਆਦਾ ਛੱਡ ਦਿੱਤੀ ਜਾਂਦੀ ਹੈ ਤਾਂ ਸਿਸਟਮ ਪੁਰਾਣਾ ਹੋਣ ਕਾਰਨ ਪਾਈਪਾਂ ਫੱਟ ਜਾਂਦੀਆਂ ਹਨ। ਪਾਣੀ ਗਲੀਆਂ, ਨਾਲੀਆਂ ’ਚ ਡੁੱਲਣ ਲੱਗ ਪੈਂਦਾ ਹੈ, ਜਿਸ ਕਾਰਨ ਪਾਣੀ ਘਰਾਂ ਤੱਕ ਪਹੁੰਚਦਾ ਹੀ ਨਹੀਂ ਅਤੇ ਨਾ ਹੀ ਇਸ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਕਈ ਥਾਵਾਂ ’ਤੇ ਸੀਵਰੇਜ ਸਿਸਟਮ ਦਾ ਪਾਣੀ, ਪੀਣ ਵਾਲੇ ਪਾਣੀ ’ਚ ਰਲ ਜਾਂਦਾ ਹੈ, ਜਿਸ ਕਰ ਕੇ ਪਾਣੀ ਗੰਦਾ ਆਉਣ ਲੱਗ ਪੈਂਦਾ ਹੈ। ਸਥਾਨਕ ਸ਼ਹਿਰ ’ਚ ਥਾਂ-ਥਾਂ ’ਤੇ ਸੀਵਰੇਜ ਦੇ ਵਾਟਰ ਵਰਕਸ ’ਚ ਮਿਲ ਜਾਣ ਦੀਆਂ ਸ਼ਿਕਾਇਤਾਂ ਆਮ ਤੌਰ ’ਤੇ ਆ ਰਹੀਆਂ ਹਨ।
ਧਰਤੀ ਹੇਠਲੇ ਪਾਣੀ ਦਾ ਗ੍ਰਾਫ ਵੀ ਖਤਰਨਾਕ
ਧਰਤੀ ਹੇਠਲੇ ਪਾਣੀ ਦਾ ਸੰਕਟ ਹਰ ਸਾਲ ਵੱਧਣ ਕਾਰਨ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਝੋਨਾ ਲਾਉਣਾ ਅਤੇ ਉਦਯੋਗਾਂ ਅਤੇ ਵੱਡੀਆਂ ਇੰਡਸਟਰੀਆਂ ਵੱਲੋਂ ਪਾਣੀ ਦੀ ਦੁਰਵਰਤੋਂ ਨੂੰ ਮੰਨਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਦੇ ਮਕਸਦ ਨਾਲ ਕਿਸਾਨਾਂ ਨੂੰ ਹੁਣ ਹਰ ਸਾਲ 10 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਲਈ ਕਾਨੂੰਨ ਵੀ ਪਾਸ ਕੀਤਾ ਹੈ ਪਰ ਕਿਸਾਨਾਂ ਨੂੰ ਪਨੀਰੀ ਲਾਉਣ ਲਈ ਪਾਣੀ ਦੀ ਲੋਡ਼ ਪੈਂਦੀ ਹੈ। ਇਸ ਸਮੇਂ ਪਾਣੀ ਦੀ ਅੰਨ੍ਹੀ ਦੁਰਵਰਤੋਂ ਹੋਣ ਨਾਲ ਹੁਣ ਧਰਤੀ ਹੇਠਲੇ ਪਾਣੀ ਦਾ ਪੱਧਰ 50 ਤੋਂ 60 ਫੁੱਟ ਡੂੰਘਾ ਹੋ ਗਿਆ ਹੈ ਅਤੇ ਖੇਤੀ ਟਿਊਬਵੈੱਲ ਲਈ ਸਬਮਰਸੀਬਲ ਪੰਪ ਲਾਉਣ ਲਈ 100 ਤੋਂ 120 ਫੁੱਟ ਡੂੰਘਾ ਬੋਰ ਕਰਨਾ ਪੈ ਰਿਹਾ ਹੈ। ਇਸ ਲਈ ਖਾਸ ਤੌਰ ’ਤੇ ਕਿਸਾਨਾਂ ਨੂੰ ਰਵਾਇਤੀ ਫਸਲਾਂ ਤੋਂ ਕਿਨਾਰਾ ਕਰ ਕੇ ਵੱਖ-ਵੱਖ ਦਾਲਾਂ ਅਤੇ ਮੱਕੀ ਵਰਗੀਆਂ ਫਸਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਜਲ ਸਪਲਾਈ ਵਿਭਾਗ ਦਾ ਪੱਖ
ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡਾਂ ’ਚ ਸ਼ੁੱਧ ਪਾਣੀ ਦੇਣ ਲਈ 200 ਦੇ ਕਰੀਬ ਆਰ. ਓ. ਸਿਸਟਮ ਲਾਏ ਹਨ। ਹੁਣ ਆਰ. ਓ. ਖਰਾਬ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਦੀ ਬੰਦੀ ਆਉਣ ਨਾਲ ਦਿੱਕਤ ਪੇਸ਼ ਆਉਂਦੀ ਹੈ।
2 ਲੱਖ ਦੀ ਠੱਗੀ ਮਾਰਨ ਵਾਲੇ ਖਿਲਾਫ ਕੇਸ ਦਰਜ
NEXT STORY