ਅੰਮ੍ਰਿਤਸਰ (ਬਿਊਰੋ)- ਪੰਜਾਬ ਸਰਕਾਰ ਰਾਜ ’ਚੋਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਇਸੇ ਹੀ ਲੜੀ ਤਹਿਤ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰੀ ਨੌਕਰੀਆਂ ’ਚ ਭਰਤੀ ਕੀਤੀ ਜਾ ਰਹੀ ਹੈ ਅਤੇ ਰੁਜ਼ਗਾਰ ਮੇਲੇ ਲਗਾ ਕੇ ਵੀ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ’ਚ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਹੁਨਰ ਵਿਕਾਸ ਮਿਸ਼ਨ ਦੀ ਭਾਈਵਾਲੀ ਨਾਲ ਸੰਨ ਫਾਉਂਡੇਸ਼ਨ ਦੁਆਰਾ ਸਥਾਪਤ ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ ਕਬੀਰ ਪਾਰਕ ਵਿਖੇ 10 ਨਵੇਂ ਹੋਰ ਮੁਫ਼ਤ ਕੋਰਸਾਂ ਦੀ ਸੁਰੂਆਤ ਸ਼ਮਾ ਰੋਸ਼ਨ ਕਰਨ ਸਮੇਂ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਅੱਜ ਦੇ ਯੁੱਗ ’ਚ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਵੱਲ ਲੈ ਕੇ ਜਾਣ ਦੀ ਸਖ਼ਤ ਜਰੂਰਤ ਹੈ ਤਾਂ ਜੋ ਉਹ ਹੁਨਰਮੰਦ ਬਣ ਕੇ ਆਪਣਾ ਕੰਮ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਕਿ ਅੱਜ ਦੇ ਤਕਨੀਕੀ ਯੁੱਗ ’ਚ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਵੀ ਹੁਨਰ ਸਿਖਲਾਈ ਬੱਚਿਆਂ ਦੀ ਜਰੂਰਤ ਹੈ ਜੇਕਰ ਬੱਚੇ ਕਿੱਤਾਮੁਖੀ ਸਿਖਲਾਈ ਹਾਸਲ ਕਰਨ ਤਾਂ ਉਹ ਵੱਡੀਆਂ ਕੰਪਨੀਆਂ ’ਚ ਅਸਾਨੀ ਨਾਲ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।
ਸ੍ਰੀ ਸੋਨੀ ਨੇ ਸੰਨ ਫਾਉਂਡੇਸ਼ਨ ਦੇ ਚੇਅਰਮੈਨ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਰਾਜ ’ਚ 50 ਦੇ ਕਰੀਬ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਚਲਾਏ ਜਾ ਰਹੇ ਹਨ ਜਿਥੇ ਵਿਦਿਆਰਥੀ ਸਿਖਲਾਈ ਪ੍ਰਾਪਤ ਕਰਕੇ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਕੇਂਦਰ ਵਿਖੇ 1000 ਦੇ ਕਰੀਬ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਅਗਲੇ ਸਾਲ ਇਸ ਨੂੰ ਵਧਾ ਕੇ 2000 ਬੱਚਿਆਂ ਨੂੰ ਸਿਖਲਾਈ ਦੇਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ’ਚ ਮਾਹਿਰ ਟਰੇਨਰਾਂ ਵੱਲੋਂ ਟੇ੍ਰਨਿੰਗ ਦਿੱਤੀ ਜਾਂਦੀ ਹੈ ਅਤੇ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੋਰਸਾਂ ਦੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਸ੍ਰੀ ਸਾਹਨੀ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ’ਚ ਲੋੜਵੰਦ ਲੋਕਾਂ ਦੀ ਕਾਫੀ ਮਦਦ ਕੀਤੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪਦਮਸ੍ਰੀ ਸ੍ਰ ਵਿਕਰਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਸ ਕੇਂਦਰ ਵਿਖੇ 10 ਨਵੇਂ ਕੋਰਸ ਜਿਵੇਂ ਕਿ ਫੀਲਫ ਸੇਲਜ਼ ਐਗਜੈਕਟਿਵ, ਫਿਟਰ ਮਕੈਨੀਕਲ ਅਸੈਂਬਲੀ, ਘਰੇਲੂ ਸਿਹਤ ਸਹਾਇਤਾ, ਫੂਡ ਐਂਡ ਬਿਵਰੇਜ ਸਟੀਵਾਰਡ, ਡਾਟਾ ਐਂਟਰੀ ਆਪਰੇਟਰ, ਕਸਟਮਰ ਕੇਅਰ ਐਗਜੈਕਟਿਵ ਆਦਿ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਮੁਫ਼ਤ ਕੰਪਿਊਟਰ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕਰਨ ਉਪਰੰਤ ਵਿਦਿਆਰਥੀਆਂ ਦੀ ਕੰਪਨੀਆਂ ’ਚ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ 3 ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਪੂਰ ਕਰਵਾਏ ਜਾਂਦੇ ਹਨ। ਸ੍ਰੀ ਸਾਹਨੀ ਦੱਸਿਆ ਕਿ ਸਾਡੀ ਸੰਸਥਾ ਸੰਨ ਫਾਉਡੇਸ਼ਨ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਰਾਜ ਨੂੰ 2000 ਆਕਸੀਜਨ ਸਿਲੰਡਰ ਅਤੇ ਕੰਨਸਟਰੇਟਰ, ਮੋਬਾਇਲ ਟੈਸਟਿੰਗ ਕਲੀਨਿਕ ਅਤੇ ਐਂਬੂਲੈਂਸਾਂ ਵੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਸ਼ਾ ਛੁਡਾਉ ਕੇਂਦਰਾਂ ’ਚ ਕਾਫੀ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੰਨ ਫਾਉਂਡੇਸ਼ਨ ਸੰਸਥਾ ਵੱਲੋਂ ਸ੍ਰੀ ਸੋਨੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ੍ਹ, ਵਧੀਕ ਡਿਪਟੀ ਕਮਿਸ਼ਨਰ ਸ੍ਰ ਰਣਬੀਰ ਸਿੰਘ ਮੁੱਧਲ, ਸ੍ਰੀ ਸੁਮਿਤ ਗੁਪਤਾ ਹੁਨਰ ਨਿਰਦੇਸ਼ਕ ਸੰਨ ਫਾਉਂਡੇਸ਼ਨ, ਸ੍ਰੀਮਤੀ ਪਰਮਿੰਦਰਜੀਤ, ਸ੍ਰੀ ਸੁਰਿੰਦਰ ਸਿੰਘ, ਸ੍ਰੀ ਰਾਹੁਲ ਸ਼ਰਮਾ, ਸ੍ਰੀ ਅਸ਼ੋਕ ਸੇਠੀ, ਸ੍ਰੀ ਅਰਵਿੰਦਰ ਸਿੰਘ, ਸ੍ਰ ਜੀ:ਐਸ:ਮਰਵਾਹਾ ਵੀ ਹਾਜ਼ਰ ਸਨ।
ਚਰਨਜੀਤ ਚੰਨੀ ਸਰਕਾਰ ਦਾ ਵਿਸਥਾਰ : ਸਹੁੰ ਚੁੱਕ ਸਮਾਗਮ ’ਚ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
NEXT STORY