ਲੁਧਿਆਣਾ (ਪੰਕਜ, ਮਿੰਟੂ)- ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅਧੀਨ ਵਸਣ ਵਾਲੇ ਪਰਿਵਾਰਾਂ ਨੂੰ ਮਾਲਕੀ ਦਾ ਅਧਿਕਾਰ ਦੇਣ ਲਈ ਸ਼ੁਰੂ ਕੀਤੀ ਗਈ ਸਕੀਮ ‘ਮੇਰਾ ਘਰ ਮੇਰੇ ਨਾਮ’ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨੀ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਚੱਲ ਰਹੀ ਫੀਲਡ ਵੈਰੀਫਿਕੇਸ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਡ੍ਰੋਨ ਦੀ ਮਦਦ ਲੈਂਦੇ ਹੋਏ ਨਕਸ਼ਿਆਂ ਨੂੰ ਤਸਦੀਕ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਵਲੋਂ ਇਸ ਕ੍ਰਾਂਤੀਕਾਰੀ ਮੁਹਿੰਮ ਤਹਿਤ ਦਹਾਕਿਆਂ ਤੋਂ ਦਿਹਾਤੀ ਜਾਂ ਸ਼ਹਿਰੀ ਇਲਾਕਿਆਂ 'ਚ ਲਾਲ ਲਕੀਰ ਦੇ ਅਧੀਨ ਰਹਿਣ ਵਾਲੇ ਪਰਿਵਾਰਾਂ ਨੂੰ ਜ਼ਮੀਨ ਦਾ ਮਾਲਕ ਬਣਾਇਆ ਜਾ ਰਿਹਾ ਹੈ, ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਲਾਭ ਮਿਲੇਗਾ। ਮਾਲਕੀ ਦਾ ਸਬੂਤ ਮਿਲਣ ਉਪਰੰਤ ਪਰਿਵਾਰ ਜ਼ਮੀਨ ’ਤੇ ਬੈਂਕ ਲੋਨ ਲੈਣ ਦੇ ਨਾਲ ਉਸ ਨੂੰ ਮਾਰਕੀਟ ਕੀਮਤ ’ਤੇ ਵੇਚਣ ਦੇ ਵੀ ਕਾਬਲ ਹੋ ਜਾਣਗੇ। ਇਸ ਮੁਹਿੰਮ ਤਹਿਤ ਚੱਲ ਰਹੀ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਡੀ. ਸੀ. ਹਿਮਾਂਸ਼ੂ ਜੈਨ ਨੇ ਦੱਸਿਆ ਕਿ ਨਗਰ ਨਿਗਮ ਅਧੀਨ ਪੈਂਦੇ ਅੱਠ ਪਿੰਡਾਂ ਵਿਚ 6147 ਘਰ ਸ਼ਾਮਲ ਹਨ। ਇਨ੍ਹਾਂ ਵਿਚ ਪਿੰਡ ਕਾਕੋਵਾਲ, ਗਹਿਲੇਵਾਲ, ਸਲੇਮ ਟਾਬਰੀ, ਸ਼ੇਰਪੁਰ ਖੁਰਦ, ਸ਼ੇਰਪੁਰ ਕਲਾਂ, ਡਾਬਾ, ਲੋਹਾਰਾ ਅਤੇ ਗਿਆਸਪੁਰਾ ਸ਼ਾਮਲ ਹਨ। ਇਨ੍ਹਾਂ ਪਿੰਡਾਂ 'ਚ ਜ਼ਿਆਦਾਤਰ ਸਰਵੇਖਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਨੂੰ ਵੀ ਜਲਦ ਪੂਰਾ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਪ੍ਰਸ਼ਾਸਨ ਵਲੋਂ 16 ਟੀਮਾਂ ਬਣਾਈਆਂ ਗਈਆਂ ਹਨ, ਜਿਸ ਵਿਚ ਰੈਵੇਨਿਊ ਅਫਸਰ, ਨਗਰ ਨਿਗਮ ਦੇ ਅਧਿਕਾਰੀ ਵੀ ਸ਼ਾਮਲ ਹਨ, ਜੋ ਆਪਸੀ ਤਾਲਮੇਲ ਦੇ ਨਾਲ ਇਸ ਕਾਰਜ ਨੂੰ ਅਸਰਦਾਰ ਢੰਗ ਨਾਲ ਪੂਰਾ ਕਰ ਰਹੇ ਹਨ, ਜਿਸ ਤੋਂ ਬਾਅਦ ਲਾਲ ਲਕੀਰ ਅਧੀਨ ਆਉਣ ਵਾਲੇ ਘਰਾਂ ਸਬੰਧੀ ਬਾਕਾਇਦਾ ਨਕਸ਼ਾ ਪਬਲਿਕ ਥਾਵਾਂ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ, ਤਾਂ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਉਸ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੈਬੋਵਾਲ ਖੁਰਦ ਵਿਚ ਨਕਸ਼ਾ-2 ਪਹਿਲਾਂ ਹੀ ਲਗਾ ਦਿੱਤਾ ਗਿਆ ਹੈ। ਡੀ. ਸੀ. ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
32 ਬੋਰ ਦੇ 2 ਪਿਸਤੌਲਾਂ ਅਤੇ 2 ਜ਼ਿੰਦਾ ਕਾਰਤੂਸਾਂ ਸਮੇਤ ਇਕ ਗ੍ਰਿਫ਼ਤਾਰ
NEXT STORY