ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਨਿੱਤਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਤੋਂ ਦੂਰੀ ਬਣਾ ਲਈ ਹੈ। ਅੱਜ ਸਵੇਰੇ ਚੰਨੀ ਧੜੇ ਨੇ ਗੁਪਤ ਮੀਟਿੰਗ ਕਰਕੇ ਰਾਜਾ ਵੜਿੰਗ ਦੀ ਅਗਵਾਈ 'ਚ ਹੋਣ ਵਾਲੇ ਪ੍ਰੋਗਰਾਮਾਂ ਦਾ ਬਾਈਕਾਟ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਜਦੋਂ ਕਰੀਬ 3 ਵਜੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਚੰਡੀਗੜ੍ਹ ਹਵਾਈ ਅੱਡੇ ’ਤੇ ਪੁੱਜੇ ਤਾਂ ਰਾਜਾ ਵੜਿੰਗ ਦੀ ਅਗਵਾਈ 'ਚ ਬਘੇਲ ਦੀ ਆਮਦ ਮੌਕੇ ਹੋਏ ਸਵਾਗਤੀ ਪ੍ਰੋਗਰਾਮ 'ਚ ਚੰਨੀ ਧੜਾ ਸ਼ਾਮਲ ਨਹੀਂ ਹੋਇਆ।
ਇਸ ਖ਼ਾਸ ਮੌਕੇ ਰਾਜਾ ਵੜਿੰਗ ਨੇ ਹਵਾਈ ਅੱਡੇ 'ਤੇ ਪੰਜਾਬ ਇੰਚਾਰਜ ਬਘੇਲ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਦੇ ਹੱਕ 'ਚ ਨਾਅਰੇ ਲਗਾਏ। ਸਵਾਗਤ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਨਜ਼ਰ ਆਏ। ਚੰਨੀ ਧੜੇ ਦਾ ਕੋਈ ਵੀ ਆਗੂ ਸਵਾਗਤ ਮੌਕੇ ਹਾਜ਼ਰ ਨਹੀਂ ਸੀ। ਸੂਤਰਾਂ ਮੁਤਾਬਕ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਐੱਨ. ਐੱਸ. ਯੂ. ਆਈ. ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਬਘੇਲ ਦੇ ਸਵਾਗਤ ਮੌਕੇ ਗ਼ੈਰ-ਹਾਜ਼ਰ ਰਹੇ। ਸ਼ਾਮ ਤੱਕ ਚੰਨੀ ਧੜੇ ਦੇ ਲੀਡਰਾਂ ਨੇ ਪੰਜਾਬ ਇੰਚਾਰਜ ਬਘੇਲ ਨਾਲੋਂ ਦੂਰੀ ਬਣਾਈ ਰੱਖੀ।
ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ ਰਹਿਣ ਲੋਕ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਵਾਈ ਅੱਡੇ 'ਤੇ ਭੂਪੇਸ਼ ਬਘੇਲ ਦੇ ਸਵਾਗਤ ਲਈ ਵੱਖਰੇ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਬਘੇਲ ਦਾ ਸਵਾਗਤ ਤਾਂ ਕੀਤਾ ਪਰ ਉਹ ਰਾਜਾ ਵੜਿੰਗ ਨਾਲੋਂ ਦੂਰੀ ਬਣਾ ਕੇ ਚੱਲੇ। ਅੱਜ ਭੂਪੇਸ਼ ਬਘੇਲ ਸਭ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਦੇ ਘਰ ਪਹੁੰਚੇ ਪਰ ਇਸ ਮੌਕੇ ਕਿਧਰੇ ਵੀ ਰਾਜਾ ਵੜਿੰਗ ਨਜ਼ਰ ਨਹੀਂ ਆਏ। ਬਾਜਵਾ ਦੇ ਘਰ ਸਾਬਕਾ ਮੰਤਰੀ ਓ. ਪੀ. ਸੋਨੀ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ। ਓ. ਪੀ. ਸੋਨੀ ਪਹਿਲਾਂ ਮੋਰਿੰਡਾ ਇਕੱਠ ’ਚ ਵੀ ਪਹੁੰਚੇ ਸਨ।
ਕਾਂਗਰਸ ਪਾਰਟੀ ਇਕਜੁਟ, ਪਾਰਟੀ ਵੰਡੀ ਹੋਈ ਨਹੀਂ ਹੈ: ਰਾਜਾ ਵੜਿੰਗ
ਉਥੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਹੈ ਕਿ ਕਾਂਗਰਸ ਪਾਰਟੀ ਇਕਜੁੱਟ ਹੈ ਅਤੇ ਪਾਰਟੀ ਬਿਲਕੁਲ ਵੀ ਵੰਡੀ ਹੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਨੇ ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ਵਿਖੇ ਹੋਈ ਮੀਟਿੰਗ ਦਾ ਹਵਾਲਾ ਦਿੰਦੇ ਕਿਹਾ ਕਿ ਉਸ ਮੀਟਿੰਗ ਵਿਚ ਵੀ ਸਿਰਫ਼ ਇਹੋ ਗੱਲ ਹੋਈ ਸੀ ਕਿ ਉਹ ਹਾਈਕਮਾਨ ਦੇ ਨਾਲ ਗੱਲ ਕਰਨਗੇ, ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਰਾਜਾ ਵੜਿੰਗ ਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਘਰ ਇਕੱਠੇ ਹੋਣਾ ਜਾਂ ਫ਼ਿਰ ਹੋਰ ਮੀਟਿੰਗਾਂ ਦਾ ਮਤਲਬ ਇਹ ਨਹੀਂ ਹੈ ਕਿ ਪਾਰਟੀ ਵੰਡੀ ਹੋਈ ਹੈ। ਉਨ੍ਹਾਂ ਕਿਹਾ ਕਿ ਵੰਡਿਆ ਉਹ ਹੁੰਦਾ ਹੈ ਜੋ ਪਾਰਟੀ ਛੱਡ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 6 ਸੰਸਦ ਮੈਂਬਰ ਪਾਰਟੀ ਛੱਡ ਗਏ, ਕਾਂਗਰਸ ਦਾ ਤਾਂ ਕੋਈ ਜ਼ਿਲ੍ਹਾ ਪ੍ਰਧਾਨ ਜਾਂ ਵਰਕਰ ਤਕ ਵੀ ਪਾਰਟੀ ਤੋਂ ਬਾਹਰ ਨਹੀਂ ਗਿਆ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਜਾਂ ਕਿਸੇ ਵੀ ਸੀਨੀਅਰ ਲੀਡਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਜਿਹੜੇ ਲੋਕ ਪਾਰਟੀ ਵਿਚ ਨਹੀਂ ਹਨ, ਉਨ੍ਹਾਂ ਦੀਆਂ ਬਿਆਨਬਾਜ਼ੀਆਂ ਨੂੰ ਅਧਾਰ ਬਣਾ ਕੇ ਇਹ ਝੂਠਾ ਬਿਰਤਾਂਤ ਨਾ ਸਿਰਜਿਆ ਜਾਵੇ ਕਿ ਕਾਂਗਰਸ ਪਾਰਟੀ ਵੰਡੀ ਹੋਈ ਹੈ।
ਇਹ ਵੀ ਪੜ੍ਹੋ: SKM ਨੇ ਖੋਲ੍ਹਿਆ ਮੋਰਚਾ! 13 ਜੁਲਾਈ ਨੂੰ ਲੈ ਕੇ ਪੰਜਾਬ ਲਈ ਕੀਤਾ ਵੱਡਾ ਐਲਾਨ
ਪ੍ਰਤਾਪ ਬਾਜਵਾ ਦੀ ਭੂਪੇਸ਼ ਬਘੇਲ ਨਾਲ 45 ਮਿੰਟ ਮੀਟਿੰਗ
ਇਥੇ ਇਹ ਵੀ ਦੱਸ ਦੇਈਏ ਕਿ ਬਘੇਲ ਏਅਰਪੋਰਟ 'ਤੇ ਉਤਰਣ ਮਗਰੋਂ ਸਿੱਧਾ ਪ੍ਰਤਾਪ ਸਿੰਘ ਬਾਜਵਾ ਦੇ ਘਰ ਗਏ, ਜਿੱਥੇ ਦੋਵਾਂ ਆਗੂਆਂ ਵਿਚਾਲੇ ਲਗਭਗ 45 ਮਿੰਟ ਤੱਕ ਗੱਲਬਾਤ ਹੋਈ। ਇਸ ਉਪਰੰਤ ਬਾਜਵਾ ਨੇ ਕਿਹਾ ਕਿ ਬਘੇਲ ਪੰਜ ਦਿਨ ਤੱਕ ਪੰਜਾਬ ਰਹਿਣਗੇ ਅਤੇ ਇਸ ਦਰਮਿਆਨ ਕਾਂਗਰਸੀ ਲੀਡਰਾਂ ਵਿਚਾਲੇ ਚੱਲ ਰਹੇ ਸਾਰੇ ਮਤਭੇਦ ਖ਼ਤਮ ਕੀਤੇ ਜਾਣਗੇ। ਬਾਜਵਾ ਨੇ ਇਹ ਵੀ ਕਿਹਾ ਕਿ ਜੇਕਰ ਅਮਰੀਕਾ-ਇਰਾਨ ਟੇਬਲ ਤੇ ਬੈਠ ਕੇ ਗੱਲਬਾਤ ਕਰ ਸਕਦੇ ਹਨ ਤਾਂ ਇਹ ਵਾਲਾ ਮਸਲਾ ਕਿੰਨਾ ਕੁ ਵੱਡਾ ਹੈ।
ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਦੱਸਿਆ ਕਿ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਬਘੇਲ ਸਿੱਧਾ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ। ਜਿੱਥੇ ਲਗਭਗ 45 ਮਿੰਟ ਤੱਕ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਉਣ ਵਾਲੀਆਂ ਚੋਣਾਂ ਅਤੇ ਕਾਂਗਰਸ ਨੂੰ ਦਰਪੇਸ਼ ਮੁਸ਼ਕਲਾਂ, ਚੁਣੌਤੀਆਂ ਬਾਰੇ ਗੱਲਬਾਤ ਹੋਈ ਹੈ। ਜੇ ਕਿਸੇ ਆਗੂ ਦਾ ਕੋਈ ਮਤਭੇਦ ਹੈ ਤਾਂ ਉਹ ਦੂਰ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਚੋਣ ਮੈਦਾਨ ਵਿਚ ਉਤਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਆਗੂ ਪਾਰਟੀ ਹਾਈਕਮਾਂਡ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਬਘੇਲ ਉਨ੍ਹਾਂ ਦੀ ਗੱਲਬਾਤ ਸੁਣ ਕੇ ਮੀਟਿੰਗ ਕਰਵਾਉਣਗੇ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਬਦਲ ਚਾਹੁੰਦੇ ਹਨ, ਸ਼ਾਂਤੀ ਚਾਹੁੰਦੇ ਹਨ ਅਤੇ ਪੰਜਾਬ ਵਿਚ ਸਿਰਫ਼ ਕਾਂਗਰਸ ਦੀ ਸਰਕਾਰ ਵੇਲੇ ਹੀ ਸ਼ਾਂਤੀ ਆਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਅੱਜ ਦੇ ਸਿਆਸੀ ਰੌਂਅ ਤੋਂ ਜਾਪਦਾ ਹੈ ਕਿ ਉਹ ਹਾਈਕਮਾਂਡ ਦੇ ਨਾਲ ਨੇੜਤਾ ਬਣਾ ਕੇ ਚੱਲ ਰਹੇ ਹਨ ਅਤੇ ਨਾਲ ਨਾਲ ਉਹ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲੋਂ ਵੀ ਦੂਰੀ ਬਣਾ ਕੇ ਕਾਂਗਰਸ ਦੀ ਲੜਾਈ 'ਚ ਵਿਚਕਾਰ ਵਾਲਾ ਰਸਤਾ ਅਖ਼ਤਿਆਰ ਕਰ ਰਹੇ ਹਨ। ਅਹਿਮ ਸੂਤਰ ਦੱਸਦੇ ਹਨ ਕਿ ਭੁਪੇਸ਼ ਬਘੇਲ ਚੰਨੀ ਧੜੇ ਨਾਲ ਸਬੰਧਤ ਪ੍ਰਮੁੱਖ ਆਗੂਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਪਰ ਉਨ੍ਹਾਂ ਦੀ ਹਾਲੇ ਤੱਕ ਕਿਸੇ ਨੇਤਾ ਨਾਲ ਮੀਟਿੰਗ ਤੈਅ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ: ਗੈਂਗਸਟਰ ਮਨਪ੍ਰੀਤ ਮੰਨਾ ਦੀ ਵਾਇਰਲ ਵੀਡੀਓ ਮਾਮਲੇ 'ਚ ਐਡੀਸ਼ਨਲ ਸੁਪਰਡੈਂਟ ਤੇ ਵਾਰਡਨ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ ਅਤੇ ਨਕਦੀ ਸਮੇਤ ਦੋ ਨੌਜਵਾਨ ਕਾਬੂ
NEXT STORY