ਫ਼ਰੀਦਕੋਟ (ਜਗਤਾਰ ਦੋਸਾਂਝ): ਪੰਜਾਬ ਦੇ ਨਾਮੀ ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਮੌਤ ਤੋਂ ਬਾਅਦ ਹੁਣ ਉਸ ਦਾ ਸਾਥੀ ਰਿਹਾ ਫ਼ਰੀਦਕੋਟ ਜਿਲ੍ਹੇ ਦਾ ਨਾਮੀਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਸੁੱਖਾ ਬੀਹਲੇਵਾਲਾ ਵੀ ਦਮ ਤੋੜ ਗਿਆ ਹੈ। ਉਹ ਕਿਸੇ ਸਮੇਂ ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਦਾ ਪਸੰਦੀਦਾ ਖਿਡਾਰੀ ਸੀ। ਸਉਹ ਲੀਵਰ ਦੀ ਭਿਆਨਕ ਬਿਮਾਰੀ ਨਾਲ ਪੀੜਤ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੱਛੇ ਪਰਿਵਾਰ ਵਿਚ ਉਸ ਦੀ ਬਿਰਧ ਮਾਤਾ ਜੋ ਬਿਮਾਰ ਰਹਿੰਦੀ ਹੈ ਅਤੇ ਦੋ ਛੋਟੇ ਛੋਟੇ ਬੱਚੇ ਜਿੰਨਾਂ ਦੀ ਉਮਰ ਮਸਾਂ ਹੀ 6 ਅਤੇ 4 ਸਾਲ ਹੈ ਰਹਿ ਗਏ ਨੇ। ਘਰ ਵਿਚ ਲੰਬੀ ਬਿਮਾਰੀ ਕਾਰਨ ਅੱਤ ਦੀ ਗਰੀਬੀ ਹੈ ਅਤੇ ਬਿਰਧ ਬਿਮਾਰ ਮਾਤਾ ਦੇ ਸਿਰ 'ਤੇ ਹੁਣ ਦੋ ਛੋਟੇ-ਛੋਟੇ ਬੱਚਿਆਂ ਦੀ ਜ਼ਿੰਮੇਵਾਰੀ ਆ ਪਈ ਹੈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਕ ਦੌਰ ਸੀ ਜਦੋਂ ਪੰਜਾਬ ਦੇ ਹਰੇਕ ਪੇਂਡੂ ਖੇਡ ਮੇਲੇ 'ਤੇ ਸੁੱਖਾ ਬੀਹਲੇਵਾਲਾ ਦਾ ਨਾਂ ਬੋਲਦਾ ਸੀ ਅਤੇ ਸੁੱਖੇ ਦੀਆਂ ਰੇਡਾਂ 'ਤੇ ਨੋਟਾਂ ਦਾ ਮੀਂਹ ਵਰ੍ਹਦਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੁੱਖੇ ਨੇ ਆਪਣੇ ਨਾਲ ਲਗਦੇ ਪਿੰਡਾਂ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ, ਪਰ ਪਤਾ ਨਹੀਂ ਕਦੋਂ ਉਸ ਨੂੰ ਲੀਵਰ ਦੀ ਭਿਆਨਕ ਬਿਮਾਰੀ ਲੱਗ ਗਈ, ਜਿਸ ਕਾਰਨ ਉਸ ਦੀ ਖੇਡ ਛੁੱਟ ਗਈ। ਮਹਿੰਗੇ ਇਲਾਜ ਤੇ ਖਰਚ ਨਾਲ ਘਰ ਦੇ ਹਲਾਤ ਵਿਗੜੇ ਤਾਂ ਪਤਨੀ ਵੀ ਸਾਥ ਛੱਡ ਕੇ ਚਲੀ ਗਈ। ਕਿਵੇਂ ਨਾਂ ਕਿਵੇਂ ਬਿਰਧ ਮਾਂ ਨੇ ਆਪਣੇ ਪੁੱਤ ਅਤੇ ਉਸ ਦੇ ਛੋਟੇ ਬੱਚਿਆਂ ਦਾ ਖਿਆਲ ਰੱਖਿਆ। ਬੀਤੇ ਦਿਨੀਂ ਆਰਥਿਕ ਤੰਗੀਆਂ 'ਤੇ ਬਿਮਾਰੀ ਭਾਰੂ ਪੈ ਗਈ ਅਤੇ ਸੁੱਖਾ ਬੀਹਲੇਵਾਲਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸੁੱਖੇ ਦੀ ਮਾਤਾ ਵੀ ਬਿਮਾਰ ਹੀ ਰਹਿੰਦੀ ਹੈ ਉਸ ਦੇ ਵੀ ਦੋ ਆਪ੍ਰੇਸ਼ਨ ਹੋ ਚੁੱਕੇ ਹਨ। ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ, ਸੁੱਖੇ ਦੇ 2 ਛੋਟੇ-ਛੋਟੇ ਬੱਚੇ ਹਨ, ਜਿੰਨਾਂ ਵਿਚ 6 ਸਾਲ ਦੀ ਧੀ ਅਤੇ 5 ਸਾਲ ਦਾ ਪੁੱਤ ਹੈ। ਹੁਣ ਇਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਸੁੱਖੇ ਦੀ ਬਿਰਧ ਮਾਤਾ ਦੇ ਸਿਰ 'ਤੇ ਹੈ। ਪਿੰਡ ਵਾਸੀਆਂ ਨੇ ਸਮਾਜ ਸੇਵੀ ਸੰਸਥਾਂਵਾਂ, ਕਬੱਡੀ ਕਲੱਬਾਂ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਸ ਨਾਮੀ ਖਿਡਾਰੀ ਦੇ ਪਰਿਵਾਰ ਨੂੰ ਰੁਲਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਸੁੱਖਾ ਬੀਹਲੇਵਾਲਾ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਸੁੱਖਾ ਸਕੂਲ ਟਾਈਮ ਤੋਂ ਹੀ ਕਬੱਡੀ ਖੇਡਣ ਲੱਗ ਗਿਆ ਸੀ। ਘਰੇ ਖੁੱਲ੍ਹਾ ਖਾਣਾ ਪੀਣਾ ਸੀ, ਜਿਸ ਕਾਰਨ ਉਹ ਬਹੁਤ ਸੋਹਣਾ ਗੱਭਰੂ ਬਣਿਆ ਅਤੇ ਥੋੜੇ ਸਮੇਂ ਵਿਚ ਹੀ ਪੂਰੇ ਇਲਾਕੇ ਦੇ ਖੇਡ ਮੇਲਿਆਂ ਵਿਚ ਉਸ ਦਾ ਨਾਂ ਬੋਲਣ ਲੱਗਾ ਸੀ। ਉਨ੍ਹਾਂ ਦੱਸਿਆ ਕਿ ਸੁੱਖੇ ਨੇ ਆਪਣੇ ਨਾਲ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਕੱਬਡੀ ਖੇਡਣ ਲਾਇਆ ਅਤੇ ਉਨ੍ਹਾਂ ਦੀ ਅਕਸਰ ਮਦਦ ਕਰਦਾ ਰਿਹਾ। ਮਾਤਾ ਨੇ ਕਿਹਾ ਕਿ 'ਚੰਦਰੀ' ਲੀਵਰ ਦੀ ਐਸੀ ਬਿਮਾਰੀ ਲੱਗੀ ਕਿ ਉਸ ਦੇ ਇਲਾਜ ਵਿਚ ਸਾਰੀ ਜਮ੍ਹਾਂਪੂੰਜੀ ਵੀ ਲੱਗ ਗਈ, ਪਰ ਉਸ ਦਾ ਪੁੱਤ ਵੀ ਨਹੀਂ ਬਚਿਆ। ਮਾਤਾ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ, ਸੁੱਖੇ ਦੇ 2 ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਵੀ ਹੁਣ ਉਸ 'ਤੇ ਆ ਪਈ ਹੈ, ਪਰ ਉਹ ਤਾਂ ਖੁਦ ਬਿਮਾਰ ਰਹਿੰਦੀ ਹੈ। ਉਸ ਨੇ ਸਰਕਾਰ, ਸਮਾਜ ਸੇਵੀ ਤੇ ਕਬੱਡੀ ਕਲੱਬਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਨੂੰ ਬੇਨਤੀ ਕਰਦੀ ਹੈ ਕਿ ਮੇਰੇ ਬੱਚੇ ਦੇ ਬੱਚਿਆ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ ਪਰਿਵਾਰ ਦੀ ਮਦਦ ਕੀਤੀ ਜਾਵੇ।
ਵਿਵਾਦਾਂ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਹੋਟਲ! ਪਾਰਟੀ ਦੌਰਾਨ ਖ਼ੂਨੀ ਝੜਪ, ਮਹਿਲਾ ਨਾਲ ਬਦਸਲੂਕੀ ਦੇ ਦੋਸ਼
NEXT STORY