ਜਲੰਧਰ (ਸ. ਹ.)- ਕੋਰੋਨਾ ਕਾਲ ਦੌਰਾਨ ਦੇਸ਼ ਭਰ ਦੇ ਨਾਲ-ਨਾਲ ਪੰਜਾਬ ਵਿਚ ਵੀ ਕਾਰੋਬਾਰੀ ਸੰਸਥਾਵਾਂ ’ਤੇ ਕਾਫੀ ਮਾੜਾ ਅਸਰ ਪਿਆ ਸੀ। ਖਾਸ ਤੌਰ ’ਤੇ ਅਪ੍ਰੈਲ ਤੇ ਮਈ ਦੇ ਮਹੀਨਿਆਂ ਵਿਚ ਪੰਜਾਬ ਵਿਚ ਜ਼ਿਆਦਾਤਰ ਸੰਸਥਾਵਾਂ ਬੰਦ ਰਹੀਆਂ। ਲਾਕਡਾਊਨ ਵੇਲੇ ਸਰਕਾਰ ਦੇ ਹੁਕਮਾਂ ’ਤੇ ਸ਼ਰਾਬ ਦੇ ਠੇਕੇ ਵੀ ਬੰਦ ਰੱਖੇ ਗਏ ਸਨ।
ਇਸ ਦੌਰਾਨ ਕੁਝ ਦੇਰ ਲਈ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਵੀ ਜਾਂਦੀ ਸੀ ਪਰ ਕਾਫੀ ਸਮੇਂ ਤਕ ਠੇਕੇ ਬੰਦ ਰਹਿੰਦੇ ਸਨ। ਉਸ ਵੇਲੇ ਦੇ ਇਕ ਮਾਮਲੇ ਨੂੰ ਲੈ ਕੇ ਪੰਜਾਬ ਭਰ ਦੇ ਸ਼ਰਾਬ ਠੇਕੇਦਾਰ ਤੇ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ।
ਅਸਲ ’ਚ ਲਾਕਡਾਊਨ ਦੌਰਾਨ ਜਦੋਂ ਠੇਕੇ ਬੰਦ ਰਹੇ ਤਾਂ ਸ਼ਰਾਬ ਠੇਕੇਦਾਰਾਂ ਨੂੰ ਲਗਾਤਾਰ ਸ਼ਰਾਬ ਦਾ ਤੈਅ ਕੋਟਾ ਚੁੱਕਣਾ ਪਿਆ। ਕੋਟਾ ਚੁੱਕਣ ਦੇ ਨਾਲ-ਨਾਲ ਫੀਸ ਵੀ ਪੂਰੀ ਜਮ੍ਹਾ ਹੁੰਦੀ ਰਹੀ। ਠੇਕੇਦਾਰਾਂ ਨੇ ਇਸ ਦੇ ਲਈ ਇਕ ਰਿਪੋਰਟ ਵੀ ਐਕਸਾਈਜ਼ ਵਿਭਾਗ ਨੂੰ ਦਿੱਤੀ ਸੀ। ਇਸ ਰਿਪੋਰਟ ਵਿਚ ਨੁਕਸਾਨ ਦਾ ਅੰਕੜਾ 250 ਕਰੋੜ ਤੋਂ ਉੱਪਰ ਦਾ ਬਣਿਆ ਸੀ ਅਤੇ ਇਸ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਕਿਹਾ ਗਿਆ ਸੀ।
ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ
ਜਾਣਕਾਰੀ ਅਨੁਸਾਰ ਠੇਕੇਦਾਰ ਕਾਫੀ ਸਮੇਂ ਤੋਂ ਇਸ ਰਕਮ ਦੀ ਸੈਟਲਮੈਂਟ ਲਈ ਵਿਭਾਗ ਦੇ ਅਫਸਰਾਂ ਦੇ ਚੱਕਰ ਲਾ ਰਹੇ ਹਨ ਪਰ ਉਨ੍ਹਾਂ ਦੀ ਕੋਈ ਨਹੀਂ ਸੁਣ ਰਿਹਾ। ਆਪਣੀ ਆਵਾਜ਼ ਉਠਾਉਣ ਲਈ ਪੰਜਾਬ ਭਰ ਦੇ ਸ਼ਰਾਬ ਦੇ ਠੇਕੇਦਾਰਾਂ ਨੇ ਐਤਵਾਰ ਇਕ ਬੈਠਕ ਲੁਧਿਆਣਾ ਵਿਚ ਰੱਖੀ ਸੀ ਪਰ ਹੁਣ ਉਸ ਬੈਠਕ ਨੂੰ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਦਾ ਐਕਸਾਈਜ਼ ਵਿਭਾਗ ਸਰਗਰਮ ਹੋ ਗਿਆ ਹੈ। ਠੇਕੇਦਾਰਾਂ ’ਤੇ ਤਰ੍ਹਾਂ-ਤਰ੍ਹਾਂ ਦੇ ਦਬਾਅ ਬਣਾਏ ਗਏ ਹਨ, ਜਿਸ ਤੋਂ ਬਾਅਦ ਐਤਵਾਰ ਨੂੰ ਲੁਧਿਆਣਾ ਦੇ ਇਕ ਸਕੂਲ ਵਿਚ ਰੱਖੀ ਗਈ ਬੈਠਕ ਹੁਣ ਰੱਦ ਕਰ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿ 'ਚ ਦੋ T20 ਖੇਡੇਗਾ ਇੰਗਲੈਂਡ
ਕੋਟਾ ਚੁੱਕਣ ਲਈ ਅਫਸਰ ਬਣਾਉਂਦੇ ਰਹੇ ਦਬਾਅ
ਠੇਕੇਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਲਾਕਡਾਊਨ ਦੌਰਾਨ ਵੀ ਉਨ੍ਹਾਂ ਤੋਂ ਪੂਰੀ ਫੀਸ ਲਈ ਅਤੇ ਉਨ੍ਹਾਂ ਨੂੰ ਕੋਟਾ ਚੁੱਕਣ ਲਈ ਮਜਬੂਰ ਕੀਤਾ ਗਿਆ। ਉਸ ਵੇਲੇ ਅਫਸਰ ਕਹਿੰਦੇ ਸਨ ਕਿ ਸਰਕਾਰ ਇਸ ਦੀ ਵਿਵਸਥਾ ਨੂੰ ਠੀਕ ਕਰ ਦੇਵੇਗੀ ਅਤੇ ਕਿਸੇ ਵੀ ਠੇਕੇਦਾਰ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਪਰ ਗੱਲ ਹੁਣ ਵਿਗੜ ਚੁੱਕੀ ਹੈ ਕਿਉਂਕਿ ਸਰਕਾਰ ਇਨ੍ਹਾਂ ਠੇਕੇਦਾਰਾਂ ਦਾ ਨੁਕਸਾਨ ਪੂਰਾ ਨਹੀਂ ਕਰਵਾ ਰਹੀ।
ਅਗਲੇ ਸਾਲ ਸਰਕਾਰ ਨੂੰ ਹੋ ਸਕਦਾ ਹੈ ਨੁਕਸਾਨ
ਪੰਜਾਬ ਵਿਚ ਸ਼ਰਾਬ ਦੇ ਠੇਕੇਦਾਰਾਂ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੇ ਲਈ ਸ਼ਰਾਬ ਠੇਕੇਦਾਰ ਹੁਣ ਰੋਸ ਵਿਖਾਵਾ ਕਰਨ ਦੀ ਤਿਆਰੀ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਜੇ ਠੇਕੇਦਾਰਾਂ ਦਾ ਇਹ ਨੁਕਸਾਨ ਪੂਰਾ ਨਹੀਂ ਹੁੰਦਾ ਤਾਂ ਅਗਲੇ ਸਾਲ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਦੀ ਬੋਲੀ ਲਾਉਣ ਵੇਲੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰਨ ਇਹ ਹੈ ਕਿ ਜੇ ਠੇਕੇਦਾਰ ਨੁਕਸਾਨ ’ਚ ਰਹੇ ਤਾਂ ਉਨ੍ਹਾਂ ਲਈ ਅਗਲੇ ਸਾਲ ਠੇਕੇ ਲੈਣਾ ਕੋਈ ਆਸਾਨ ਨਹੀਂ ਰਹਿ ਜਾਵੇਗਾ।
ਹਰ ਸ਼ਰਾਬ ਦੇ ਗਰੁੱਪ ’ਤੇ 40 ਲੱਖ ਦਾ ਘਾਟਾ
ਪੰਜਾਬ ’ਚ ਸ਼ਰਾਬ ਠੇਕੇਦਾਰਾਂ ਦੇ ਲਗਭਗ 280 ਕਰੋੜ ਰੁਪਏ ਸਰਕਾਰ ਵੱਲ ਹਨ, ਜਿਨ੍ਹਾਂ ਨੂੰ ਲੈਣ ਲਈ ਹੁਣ ਠੇਕੇਦਾਰ ਸਰਕਾਰ ’ਤੇ ਦਬਾਅ ਬਣਾ ਰਹੇ ਹਨ। ਵਿਭਾਗ ਦੇ ਅਧਿਕਾਰੀ ਇਸ ਦਬਾਅ ਨੂੰ ਸਰਕਾਰ ਤਕ ਪਹੁੰਚਣ ਤੋਂ ਪਹਿਲਾਂ ਹੀ ਆਪਣਾ ਦਬਾਅ ਬਣਾ ਕੇ ਇਸ ਮੁਹਿੰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿਚ ਹਨ। ਪਤਾ ਲੱਗਾ ਹੈ ਕਿ ਪੰਜਾਬ ਵਿਚ ਪ੍ਰਤੀ ਗਰੁੱਪ ਸ਼ਰਾਬ ਠੇਕੇਦਾਰ ਨੂੰ ਲਗਭਗ 40 ਲੱਖ ਦਾ ਨੁਕਸਾਨ ਹੋਇਆ ਹੈ ਅਤੇ ਸੂਬੇ ਵਿਚ 700 ਗਰੁੱਪ ਹਨ, ਜੋ ਸ਼ਰਾਬ ਦੇ ਠੇਕੇ ਚਲਾ ਰਹੇ ਹਨ। ਇਸ ਹਿਸਾਬ ਨਾਲ ਲਗਭਗ 280 ਕਰੋੜ ਰੁਪਏ ਬਣਦੇ ਹਨ, ਜਿਨ੍ਹਾਂ ਦਾ ਭੁਗਤਾਨ ਸ਼ਰਾਬ ਦੇ ਠੇਕੇਦਾਰ ਸਰਕਾਰ ਨੂੰ ਕਰਨ ਲਈ ਕਹਿ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਠਿੰਡਾ ’ਚ ਲਾਵਾਰਿਸ ਅਟੈਚੀ ਮਿਲਣ ਨਾਲ ਲੋਕਾਂ ’ਚ ਫੈਲੀ ਦਹਿਸ਼ਤ, ਮੌਕੇ ’ਤੇ ਪੁੱਜੀ ਪੁਲਸ
NEXT STORY